ਕਿਸਾਨਾਂ ਵੱਲੋਂ ਨਾਅਰੇਬਾਜ਼ੀ ਮਗਰੋਂ ਸ਼ੁਰੂ ਹੋਈ ਬਨੂੜ ’ਚ ਖਰੀਦ

October 01 2020

ਸ਼ੈਲਰ ਮਾਲਕਾਂ ਵੱਲੋਂ ਪੀਆਰ 126 ਕਿਸਮ ਦੇ ਝੋਨੇ ਨੂੰ ਨਾ ਚੁੱਕਣ ਕਾਰਨ ਬਨੂੜ ਮੰਡੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਈ ਝੋਨੇ ਦੀ ਖਰੀਦ ਤੋਂ ਅੱਕੇ ਕਿਸਾਨਾਂ ਵੱਲੋਂ ਕਿਸਾਨ ਸਭਾ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਨ ਅਤੇ ਕੌਮੀ ਮਾਰਗ ਉੱਤੇ ਜਾਮ ਲਾਉਣ ਦੀ ਘੁਰਕੀ ਮਗਰੋਂ ਸ਼ਾਮੀਂ ਪੰਜ ਵਜੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ। ਖ਼ਬਰ ਲਿਖੇ ਜਾਣ ਤੱਕ ਪਨਗਰੇਨ ਅਤੇ ਮਾਰਕਫ਼ੈੱਡ ਦੇ ਖਰੀਦ ਅਧਿਕਾਰੀ ਮੰਡੀ ਵਿੱਚ ਝੋਨੇ ਦੀ ਬੋਲੀ ਲਗਾ ਰਹੇ ਸਨ ਤੇ ਦੋਵੇਂ ਏਜੰਸੀਆਂ ਨੇ ਦੋ ਘੰਟਿਆਂ ਵਿੱਚ ਮੰਡੀ ਵਿੱਚ ਪਏ ਪੰਜ ਹਜ਼ਾਰ ਕੁਵਿੰਟਲ ਤੋਂ ਵੱਧ ਝੋਨੇ ਦੀ ਖਰੀਦ ਕਰ ਲਈ ਸੀ। ਮੰਡੀ ਵਿੱਚ ਝੋਨੇ ਦੀ ਖਰੀਦ ਸਿਰਫ਼ 27 ਸਤੰਬਰ ਨੂੰ ਹੀ ਹੋ ਸਕੀ ਸੀ। ਪਹਿਲੇ ਦਿਨ ਖਰੀਦੇ ਝੋਨੇ ਲਈ ਵੀ ਸ਼ੈੱਲਰ ਮਾਲਕਾਂ ਵੱਲੋਂ ਬਾਰਦਾਨਾ ਜਾਰੀ ਨਹੀਂ ਕੀਤਾ ਗਿਆ ਤੇ ਉਹ ਪੀਆਰ 126 ਕਿਸਮ ਵਿੱਚ ਚੌਲ ਘੱਟ ਹੋਣ ਕਾਰਨ ਸਰਕਾਰ ਕੋਲੋਂ ਰਿਆਇਤ ਦੀ ਮੰਗ ਕਰ ਰਹੇ ਸਨ। ਇਸ ਮਗਰੋਂ ਅਗਲੇ ਇੱਕ ਦਿਨ ਖਰੀਦ ਤਾਂ ਹੋਈ ਪਰ ਬਾਰਦਾਨਾ ਨਾ ਹੋਣ ਕਾਰਨ ਝੋਨੇ ਦੀ ਭਰਾਈ ਨਾ ਹੋ ਸਕੀ। ਕੱਲ ਵੀ ਸਾਰਾ ਦਿਨ ਸ਼ੈੱਲਰ ਮਾਲਕਾਂ ਨਾਲ ਰੇੜਕਾ ਬਰਕਰਾਰ ਰਿਹਾ ਤੇ ਖਰੀਦ ਨਹੀਂ ਹੋ ਸਕੀ, ਜਿਸ ਕਾਰਨ ਤਿੰਨ ਤਿੰਨ ਦਿਨਾਂ ਤੋਂ ਮੰਡੀ ਵਿੱਚ ਝੋਨਾ ਵੇਚਣ ਆਏ ਕਿਸਾਨਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ, ਸ਼ੈਲਰਾਂ ਦੇ ਪ੍ਰਤੀਨਿਧ ਅਸ਼ੋਕ ਬਾਂਸਲ, ਧਰਮਪਾਲ ਪਿੰਕੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਸਿਰਫ਼ ਸੁੱਕਾ ਝੋਨਾ ਹੀ ਲਿਆਇਆ ਜਾਵੇ।

ਪੰਚਕੂਲਾ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਭਾਜਪਾ ਤੇ ਜਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਉਹ ਕਈ ਦਿਨਾਂ ਤੋਂ ਝੋਨਾ ਲੈ ਕੇ ਮੰਡੀ ਵਿੱਚ ਬੈਠੇ ਹਨ, ਪਰ ਹਾਲੇ ਤੱਕ ਫ਼ਸਲ ਦੀ ਖਰੀਦ ਨਹੀਂ ਕੀਤੀ ਗਈ। ਉਨ੍ਹਾਂ ਨੂੰ ਅਨਾਜ ਮੰਡੀ ਵਿੱਚ ਬੁਲਾਇਆ ਗਿਆ ਸੀ ਕਿ ਉਹ ਅਨਾਜ ਮੰਡੀ ਵਿੱਚ ਆ ਕੇ ਆਪਣਾ ਝੋਨਾ ਵੇਚ ਸਕਦੇ ਹਨ, ਪਰ ਹਾਲੇ ਤੱਕ ਕਿਸੇ ਵੀ ਕਿਸਾਨ ਦੀ ਫ਼ਸਲ ਖਰੀਦੀ ਨਹੀਂ ਗਈ। ਊਨ੍ਹਾਂ ਕਿਹਾ ਕਿ ਹਜ਼ਾਰਾਂ ਕੁਇੰਟਲ ਫ਼ਸਲ ਦਾਣਾ ਮੰਡੀ ਦੇ ਅੰਦਰ ਖੁੱਲ੍ਹੇ ਵਿੱਚ ਪਈ ਹੈ। ਹਾਲੇ ਤੱਕ ਬਾਰਦਾਨਾ ਵੀ ਨਹੀਂ ਆਇਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune