ਕਿਸਾਨ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਲਈ ਦ੍ਰਿੜ

January 20 2021

ਕਿਸਾਨ ਆਗੂਆਂ ਨੇ ਅੱਜ ਸਿੰਘੂ ਬਾਰਡਰ ’ਤੇ ਹੋਈ ਮੀਟਿੰਗ ਦੌਰਾਨ ਪੁਲੀਸ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਲਈ ਤਜਵੀਜ਼ਤ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਆਊਟਰ (ਬਾਹਰੀ) ਰਿੰਗ ਰੋਡ ’ਤੇ ਕੀਤੀ ਜਾਵੇਗੀ, ਜਿਸ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਟਰੈਕਟਰ ਪਰੇਡ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਸਾਨ ਆਗੂਆਂ ਨੂੰ ਕਿਹਾ ਕਿ ਇਹ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ। ਕਿਸਾਨ ਆਗੂ ਹੁਣ ਇਸ ਮੁੱਦੇ ’ਤੇ ਬੁੱਧਵਾਰ ਨੂੰ ਮੁੜ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਪੁਲੀਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਟਰੈਕਟਰ ਪਰੇਡ ਦੀ ਇਜਾਜ਼ਤ ਦੇਣ ਬਾਰੇ ਅਜੇ ਤੱਕ ਸਥਿਤੀ ਸਪਸ਼ਟ ਨਹੀਂ ਕੀਤੀ। ਉਂਜ ਕਿਸਾਨਾਂ ਨੇ ਦਿੱਲੀ ਪੁਲੀਸ ਨੂੰ ਦੋ ਟੁਕ ਸ਼ਬਦਾਂ ’ਚ ਜ਼ਰੂਰ ਸਾਫ਼ ਕਰ ਦਿੱਤਾ ਕਿ ਉਹ 26 ਜਨਵਰੀ ਨੂੰ ਦਿੱਲੀ ਦੇ ਅੰਦਰ ਆਊਟਰ (ਬਾਹਰੀ) ਰਿੰਗ ਰੋਡ ’ਤੇ ਸ਼ਾਂਤਮਈ ਟਰੈਕਟਰ ਰੈਲੀ ਕਰਨਗੇ ਅਤੇ ਇਸ ਮੁੱਦੇ ’ਤੇ ਸਮਝੌਤਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।

ਬੀਕੇਯੂ ਰਾਜੇਵਾਲ ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਗੇ ਤੇ ਇਸ ਬਾਰੇ ਰੂਟ ਯੋਜਨਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜਿਹੜੀ ਯੋਜਨਾ ਸੰਯੁਕਤ ਮੋਰਚੇ ਨੇ ਤਿਆਰ ਕੀਤੀ ਹੈ, ਉਹ ਅੰਤਿਮ ਹੈ। ਮੰਨਿਆ ਜਾਂਦਾ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਬਾਹਰੀ ਰਿੰਗ ਰੋਡ ਦੀ ਆਵਾਜਾਈ ਅਤੇ ਹੋਰ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਬਦਲਵਾਂ ਰਸਤਾ ਚੁਣਨ ਲਈ ਕਿਹਾ ਹੈ, ਪਰ ਕਿਸਾਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ।

ਇਸ ਦੌਰਾਨ ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਭਲਕੇ 20 ਜਨਵਰੀ ਨੂੰ ਦਿਨੇ 11 ਵਜੇ ਦਿੱਲੀ ਪੁਲੀਸ ਅਧਿਕਾਰੀਆਂ ਨਾਲ ਮੁੜ ਮੀਟਿੰਗ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਵਿਗਿਆਨ ਭਵਨ ਦੇ ਨੇੜੇ ਕਿਤੇ ਮੀਟਿੰਗ ਵਿਉਂਤ ਲੈਣ ਕਿਉਂਕਿ ਸਰਕਾਰ ਨਾਲ ਤਜਵੀਜ਼ਤ 10ਵੇਂ ਗੇੜ ਦੀ ਗੱਲਬਾਤ ਭਲਕੇ ਉਥੇ ਹੀ ਹੋਣੀ ਹੈ।

ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਮਿਸਾਲ ਵਜੋਂ ਇਤਿਹਾਸ ਵਿਚ ਦਰਜ ਹੋਵੇਗਾ

ਸਵਰਾਜ ਅਭਿਆਨ ਦੇ ਮੁਖੀ ਤੇ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਦਿਨ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅਤੇ ਕਿਸਾਨਾਂ ਦੀ ਤਾਕਤ ਤੇ ਸੰਕਲਪ ਦੀ ਮਿਸਾਲ ਵਜੋਂ ਅੰਦੋਲਨ ਦੇ ਇਤਿਹਾਸ ਵਿਚ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਤਿੰਨ ਨੁਕਤਿਆਂ ’ਤੇ ਸਪੱਸ਼ਟ ਹਾਂ: ਪਹਿਲਾਂ, ਟਰੈਕਟਰ ਪਰੇਡ ਯੋਜਨਾ ਮੁਤਾਬਕ ਨਿਰਧਾਰਿਤ ਰੂਟ ‘ਤੇ ਹੋਵੇਗੀ ਅਤੇ ਇਸ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਦੂਜਾ, ਇਹ ਦਿੱਲੀ ਦੇ ਅੰਦਰ ਹੋਵੇਗੀ ਅਤੇ ਤੀਜਾ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune