ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਕਿਸਾਨਾਂ ਦੇ ਅੰਦੋਲਨ ਨੂੰ ਪਿੰਡਾਂ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਖ-ਵੱਖ ਪਿੰਡਾਂ ‘ਚੋਂ ਕਿਸਾਨਾਂ ਦੇ ਜੱਥਿਆਂ ਦਾ ਦਿੱਲੀ ਕਿਸਾਨ ਮੋਰਚੇ ’ਚ ਜਾਣ ਦਾ ਸਿਲਸਿਲਾ ਜਾਰੀ ਹੈ। ਅੱਜ ਨੇੜਲੇ ਪਿੰਡ ਰਾਣਵਾਂ ਤੋਂ ਗੁਰਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਕਿਸਾਨਾਂ ਦਾ ਪੰਜਵਾਂ ਜੱਥਾ ਲੋੜੀਂਦਾ ਸਾਮਾਨ ਲੈ ਕੇ ਨਾਅਰੇ ਲਾਉਂਦਿਆਂ ਦਿੱਲੀ ਨੂੰ ਰਵਾਨਾ ਹੋਇਆ।ਇਸ ਮੌਕੇ ਗੁਰਜੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨ ਮੋਰਚਾ ਜਿੱਤ ਕੇ ਹੀ ਘਰਾਂ ਨੂੰ ਪਰਤਣਗੇ। ਕੇਂਦਰ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਦਿੱਲੀ ਮੋਰਚੇ ਕਰੀਬ ਪੰਜ ਦਰਜਨ ਕਿਸਾਨ ਸ਼ਹੀਦ ਹੋ ਚੁੱਕੇ ਹਨ ਫਿਰ ਵੀ ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਚੱਲ ਰਿਹਾ ਹੈ। ਜੱਥੇ ਵਿੱਚ ਬਹਾਦਰ ਸਿੰਘ ਫ਼ੌਜੀ, ਨਿਰਮਲ ਸਿੰਘ ਫ਼ੌਜੀ, ਸਵਰਨ ਸਿੰਘ ਬਬਲੀ, ਭਜਨ ਸਿੰਘ, ਸੁਦਾਗਰ ਸਿੰਘ, ਮੇਲੂ ਖਾਂ, ਸਿਮਰਜੀਤ ਸਿੰਘ, ਜਗਦੇਵ ਸਿੰਘ ਆਦਿ ਸ਼ਾਮਲ ਸਨ। ਪਿੰਡ ਹਥਨ ਤੋਂ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਬਾਰਵਾਂ ਜੱਥਾ ਦਿੱਲੀ ਲਈ ਰਵਾਨਾ ਹੋਇਆ। ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਪੀਏ ਦਰਬਾਰਾ ਸਿੰਘ ਅਤੇ ਹਲਕੇ ਦੇ ਕਾਂਗਰਸੀ ਸਰਪੰਚਾਂ ਦੀ ਅਗਵਾਈ ਵਿੱਚ ਰਾਸ਼ਨ,ਸਬਜ਼ੀਆਂ ਤੇ ਹੋਰ ਸਮੱਗਰੀ ਦੇ ਟਰੱਕ ਸਥਾਨਕ ਦਾਣਾ ਮੰਡੀ ਤੋਂ ਦਿੱਲੀ ਕਿਸਾਨ ਮੋਰਚੇ ਲਈ ਭੇਜੇ ਗਏ । ਇਸ ਮੌਕੇ ਮਾਰਕਿਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਮੁਹੰਮਦ ਇਕਬਾਲ ਲਾਲਾ, ਮਾਰਕਿਟ ਕਮੇਟੀ ਸੰਦੌੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ, ਸਾਬਕਾ ਚੇਅਰਮੈਨ ਜਸਪਾਲ ਦਾਸ , ਬਲਾਕ ਸੰਮਤੀ ਦੇ ਚੇਅਰਮੈਨ ਕਰਮਜੀਤ ਸਿੰਘ ਭੂਦਨ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਚੌਧਰੀ ਮੁਹੰਮਦ ਬਸ਼ੀਰ ਆਦਿ ਹਾਜ਼ਰ ਸਨ।
ਉਧਰ ਮਾਲੇਰਕੋਟਲਾ-ਪਟਿਆਲਾ ਸੜਕ ਸਥਿਤ ਪਿੰਡ ਮਾਹੋਰਾਣਾ ਦੇ ਟੌਲ ਪਲਾਜ਼ਾ ’ਤੇ ਕਿਸਾਨ ਅੱਜ ਧਰਨੇ ਦੇ 90ਵੇਂ ਦਿਨ ਵੀ ਡਟੇ ਰਹੇ। ਧਰਨੇ ਨੂੰ ਨਰਿੰਦਰਜੀਤ ਸਿੰਘ ਸਲਾਰ,ਸਰਪੰਚ ਪਰਮਜੀਤ ਸਿੰਘ ਸਲਾਰ, ਮਾਸਟਰ ਮਨਜੀਤ ਸਿੰਘ ਭੁੱਲਰਾਂ,ਗੁਰਲੀਨ ਕੋਰ ਲਾਂਗੜੀਆਂ, ਮਾਸਟਰ ਬਲਵੀਰ ਸਿੰਘ ਬਨਭੌਰਾ, ਕਰਮਜੀਤ ਸਿੰਘ ਬਨਭੌਰਾ, ਕੁਲਬੀਰ ਕੌਰ ਬਨਭੌਰਾ, ਅਵਤਾਰ ਸਿੰਘ, ਹਰਬੰਸ ਸਿੰਘ ਸਲਾਰ ਆਦਿ ਨੇ ਸੰਬੋਧਨ ਕੀਤਾ।
ਸਬ ਡਿਵੀਜ਼ਨ ਪਾਤੜਾਂ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਾਤੜਾਂ ਪਟਿਆਲਾ ਰੋਡ ‘ਤੇ ਰਿਲਾਇੰਸ ਪੈਟਰੋਲ ਪੰਪ, ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪੈਂਦੇ ਟੋਲ ਪਲਾਜੇ, ਪਿੰਡ ਜੋਗੇਵਾਲ ਦੇ ਨਜ਼ਦੀਕ ਪਾਤੜਾਂ ਪਟਿਆਲਾ ਰੋਡ ਉੱਤੇ ਲਗਾਤਾਰ ਜਾਰੀ ਧਰਨਿਆਂ ਵਿਚੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰਿਆਂ ਦੀ ਗੂੰਜ ਪੈਂਦੀ ਹੈ।
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸੋਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ਤੇ ਧਰਨਾ 99ਵੇ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਬਹਾਲ ਸਿੰਘ ਢੀਂਡਸਾ ਅਤੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ ਨੇ ਦੱਸਿਆ ਕਿ ਅੱਜ ਦਿੱਲੀ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੱਢੀ ਜਾ ਰਹੇ ਟਰੈਕਟਰ ਪਰੇਡ ਮਾਰਚ ’ਚ ਬਲਾਕ ’ਚੋ 70 ਟਰੈਕਟਰ ਭੇਜੇ ਗਏ ਹਨ।
ਨੱਥਾ ਸਿੰਘ ਨੇ ਵਾਹਨਾਂ ’ਚ ਤੇਲ ਦੀ ਸੇਵਾ ਸੰਭਾਲੀ
ਪਿੰਡ ਘਨੌਰੀ ਕਲਾਂ ਤੋਂ ਕਿਸਾਨ ਜੱਥਿਆਂ ਸਮੇਤ ਦਿੱਲੀ ਨੂੰ ਜਾਂਦੇ ਟਰੈਕਟਰ ਟਰਾਲੀ ਜਾਂ ਹੋਰ ਵਹੀਕਲਾਂ ਵਿੱਚ ਆੳਣ-ਜਾਣ ਦੇ ਤੇਲ ਖਰਚੇ ਦੀ ਜ਼ਿੰਮੇਵਾਰੀ ਪਿੰਡ ਦੇ ਹੀ ਕਿਸਾਨ ਨੱਥਾ ਸਿੰਘ ਵਪਾਰੀ ਨੇ ਸੰਭਾਲੀ ਹੈ।ਅੱਜ ਗੁਰਦੁਆਰਾ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਸਿੰਘ ਘਨੌਰੀ ਕਲਾਂ ਤੋਂ ਟਰੈਕਟਰ ਟਰਾਲੀਆਂ ’ਚ ਦਿੱਲੀ ਨੂੰ ਜਾ ਰਹੇ ਕਿਸਾਨ ਜੱਥੇ ਨਾਲ ਹਾਜ਼ਰ ਕਿਸਾਨ ਨੱਥਾ ਸਿੰਘ ਨੇ ਕਿਹਾ ਕਿ ਉਸਨੇ ਆਪਣੀ ਇਸ ਸੰਘਰਸ਼ ਵਿੱਚ ਸਰਗਰਮ ਸ਼ਮੂਲੀਅਤ ਲਈ ਸੇਵਾ ਪਿੰਡ ਵਾਸੀਆਂ ਤੋਂ ਮੰਗ ਕੇ ਲਈ ਹੈ। ਇਸ ਮੌਕੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਰਘਵੀਰ ਸਿੰਘ ਅਤੇ ਮੀਤ ਪ੍ਰਧਾਨ ਬਲਵੰਤ ਸਿੰਘ ਨੇ ਕਿਸਾਨ ਦੇ ਇਸ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune