ਪੀਏਯੂ ਵੱਲੋਂ ਫੂਡ ਇੰਡਸਟਰੀ ਅਤੇ ਕਰਾਫ਼ਟ ਮੇਲਾ 12 ਅਕਤੂਬਰ ਨੂੰ

September 15 2017

 ਲੁਧਿਆਣਾ 15 ਸਤੰਬਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ 12 ਅਕਤੂਬਰ ਨੂੰ ਫੂਡ ਇੰਡਸਟਰੀ ਅਤੇ ਕਰਾਫਟ ਮੇਲਾ ਲਗਾਇਆ ਜਾ ਰਿਹਾ ਹੈ । ਹੋਮ ਸਾਇੰਸ ਕਾਲਜ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਇਸ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਪੂਨਮ ਏ. ਸ਼ਚਦੇਵ ਮੁਖੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮੰਤਵ ਵਿਭਾਗ ਵੱਲੋਂ ਸਥਾਪਿਤ ਕੀਤੇ ਗਏ ਫੂਡ ਇੰਸਟਰੀ ਅਤੇ ਇਨਕੂਬੇਸ਼ਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਣਾ ਹੈ । ਉਹਨਾਂ ਦੱਸਿਆ ਕਿ ਇਥੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਉਦਮੀਆਂ ਅਤੇ ਜਿਨ•ਾਂ ਸੰਸਥਾਵਾਂ ਨਾਲ ਵਿਭਾਗ ਨੇ ਤਕਨਾਲੋਜੀ ਦਾ ਅਦਾਨ-ਪ੍ਰਦਾਨ ਕੀਤਾ ਹੈ, ਉਹਨਾਂ ਵੱਲੋਂ ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ । ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸਿਖਲਾਈ ਪ੍ਰਾਪਤ ਕਰਕੇ ਸੈਲਫ ਹੈਲਪ ਗਰੁਪਾਂ ਜਾਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਕਿਸਾਨ ਵੀਰ ਅਤੇ ਬੀਬੀਆਂ ਆਪਣੇ ਵੱਲੋਂ ਤਿਆਰ ਕੀਤੇ ਉਤਪਾਦਾਂ ਦੀਆਂ ਨੁਮਾਇਸ਼ਾਂ ਲਗਾਉਣਗੇ ਅਤੇ ਉਹਨਾਂ ਦੀ ਵਿਕਰੀ ਵੀ ਕਰਨਗੇ । ਉਹਨਾਂ ਦੱਸਿਆ ਕਿ ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ ਐਸ ਕੁੱਕਲ ਅਤੇ ਹੋਮ ਸਾਇੰਸ ਕਾਲਜ ਦੇ ਡੀਨ ਡਾ. ਜੇ ਕੇ ਗੁਲਾਟੀ ਦੀ ਰਹਿਨੁਮਾਈ ਹੇਠ ਲੱਗਣ ਵਾਲੇ ਇਸ ਮੇਲੇ ਵਿੱਚ ਵਿਭਾਗ ਵੱਲੋਂ ਵਿਕਸਿਤ ਕੀਤੀਆਂ ਤਕਨਾਲੋਜੀਆਂ ਬਾਰੇ ਸਮੁੱਚੀ ਜਾਣਕਾਰੀ ਦਿੱਤੀ ਜਾਵੇਗੀ । ਇਸ ਮੌਕੇ ਹਸਤਕਲਾ ਅਤੇ ਵਸਤਰਾਂ ਆਦਿ ਦੀ ਵਿਕਰੀ ਲਈ ਸਟਾਲ ਲਗਾਏ ਜਾਣਗੇ ।