ਦੇਸੀ ਗਾਵਾਂ ਦੀ ਪ੍ਰਫੁੱਲਤਾ ਤੇ ਨਵੀਨਤਮ ਤਕਨੀਕਾਂ ਬਾਰੇ ਸੈਮੀਨਾਰ

September 14 2017

 by: punjabitribune Date: 14september 2017

ਮੋਗਾ, 14 ਸਤੰਬਰ-ਪਿੰਡ ਗਿੱਲ ਸਥਿਤ ਆਧੁਨਿਕ ਤਕਨੀਕ ਡੇਅਰੀ ਸਿਖਲਾਈ ਕੇਂਦਰ ਵਿਖੇ ਦੇਸੀ ਗਾਵਾਂ ਦੀ ਪ੍ਰਫੁੱਲਤਾ ਤੇ ਨਵੀਨਤਮ ਤਕਨੀਕਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ 7 ਜ਼ਿਲ੍ਹਿਆਂ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਬਠਿੰਡਾ ਅਤੇ ਲੁਧਿਆਣਾ ਦੇ ਸਾਹੀਵਾਲ ਅਤੇ ਦੇਸੀ ਗਾਵਾਂ ਦੇ ਪਸ਼ੂ ਪਾਲਕਾਂ ਨੇ ਭਾਗ ਲਿਆ।

ਡਾਇਰੈਕਟਰ ਡੇਅਰੀ ਵਿਕਾਸ ਇੰਦਰਜੀਤ ਸਿੰਘ ਨੇ ਕਿਹਾ ਕਿ ਵਾਤਾਵਰਣ ਤਬਦੀਲੀ ਤੇ ਗਰਮੀ ਦੇ ਵਧਦੇ ਪ੍ਰਕੋਪ ਕਾਰਨ ਦੇਸੀ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਨੂੰ ਪਾਲਣਾ ਵੀ ਜ਼ਰੂਰੀ ਹੈ ਕਿਉਂਕਿ ਵਿਦੇਸ਼ੀ ਨਸਲਾਂ ਅਤੇ ਵਿਦੇਸ਼ੀ ਖੂਨ ਗਰਮ ਮੌਸਮ ਦਾ ਸਾਹਮਣਾ ਨਹੀਂ ਕਰ ਸਕਦੇ। ਉਨ੍ਹਾਂ ਵਿੱਚ ਪ੍ਰਜਨਣ ਮੁਸ਼ਕਲਾਂ, ਸਰੀਰਕ ਬਿਮਾਰੀਆਂ ਅਤੇ ਜੀਵਨ ਚੱਕਰ ਵਿੱਚ ਘੱਟ ਸਮੇਂ ਲਈ ਦੁੱਧ ਦੇਣ ਵਰਗੀਆਂ ਅਲਾਮਤਾਂ ਨੇ ਜਨਮ ਲੈ ਲਿਆ ਹੈ। ਇਸ ਲਈ ਪੌਣ-ਪਾਣੀ ਅਤੇ ਖਾਦ-ਖੁਰਾਕ ਦੇ ਅਨੁਕੂਲ ਮੱਝਾਂ ਅਤੇ ਦੇਸੀ ਗਾਵਾਂ ਦੇ ਡੇਅਰੀ ਫ਼ਾਰਮਰਾਂ ਵੱਲ ਮੁੜਨਾ ਸਮੇਂ ਦੀ ਲੋੜ ਹੈ। ਪਸ਼ੂ ਵਿਗਿਆਨੀ ਡਾ. ਪ੍ਰੇਮ ਕੁਮਾਰ ਉੱਪਲ, ਜੋ ਸਾਹੀਵਾਲ ਤੇ ਦੇਸੀ ਗਾਵਾਂ ਦੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਸਾਹੀਵਾਲ ਗਾਂ ਦੀ ਉਤਪਤੀ, ਨਸਲ ਦੇ ਗੁਣ, ਚਿੰਨ੍ਹ ਅਤੇ ਵਿਸ਼ੇਸ਼ਤਾਵਾਂ ਬਾਰੇ  ਦੱਸਿਆ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਦੋਗਲੀ ਨਸਲ ਦੇ ਪਸ਼ੂਆਂ ਦੀ ਦੁੱਧ ਪੈਦਾ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ ਅਤੇ ਉਨ੍ਹਾਂ ਦਾ ਮੰਡੀ ਵਿੱਚ ਮੁੱਲ ਪੂਰਾ ਨਹੀਂ ਪੈਂਦਾ। ਡਾ. ਪਰਮਪਾਲ ਸਿੰਘ, ਸੀਨੀਅਰ ਵੈਟਰਨਰੀ ਅਫ਼ਸਰ, ਵੈਟਰਨਰੀ ਪੋਲੀ-ਕਲੀਨਿਕ ਬਠਿੰਡਾ ਨੇ ਕਿਸਾਨਾਂ ਨੂੰ ਬੜੀ ਬਰੀਕੀ ਨਾਲ ਦੇਸੀ ਨਸਲ ਦੇ ਪਸ਼ੂਆਂ ਦੇ ਹੁਲੀਏ, ਵਿਸ਼ੇਸ਼ਤਾਵਾਂ ਅਤੇ ਵਿਲੱਖਣਤਾਵਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।