by: punjabitribune Date: 14september 2017
ਦੇਵੀਗੜ੍ਹ, 14 ਸਤੰਬਰ-ਪੰਜਾਬ ਵਿਚ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਲਈ ਪੋਲੀਹਾਊਸ ਬਣਾ ਕੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਇੱਕ ਵਫਦ ਖੇਤੀਬਾੜੀ ਵਿਭਾਗ ਦੇ ਜਾਇੰਟ ਡਾਇਰੈਕਟਰ ਨੂੰ ਮੋਹਾਲੀ ਵਿਖੇ ਮਿਲਿਆ ਅਤੇ ਆਪਣੀਆਂ ਮੁਸ਼ਕਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਕਿ ਕਿਵੇਂ ਇਸ ਧੰਦੇ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ।
ਵਫਦ ਵਿੱਚ ਹਰਜਿੰਦਰ ਸਿੰਘ ਤਰੈਂ, ਜਸਵੰਤ ਸਿੰਘ ਪਟਵਾਰੀ, ਲਖਵੀਰ ਸਿੰਘ ਕਪੂਰੀ, ਹਰੀ ਸਿੰਘ, ਮਨਜੀਤ ਸਿੰਘ, ਚਰਨਜੀਤ ਸਿੰਘ, ਰਾਜੂ ਮੁਰਾਦਮਾਜਰਾ, ਬਲਬੀਰ ਸਿੰਘ, ਜੱਸੀ ਨੇ ਦੱਸਿਆ ਕਿ ਪੋਲੀ ਹਾਊਯ ਨੂੰ ਲਾਉਣ ਉਪਰ 50-50 ਲੱਖ ਰੁਪਏ ਖਰਚਾ ਆਇਆ ਸੀ ਪਰ ਸਬਸਿਡੀਆਂ ਪੂਰੀਆਂ ਅਜੇ ਤੱਕ ਨਹੀਂ ਮਿਲੀਆਂ। ਇਸ ਲਈ ਇਨ੍ਹਾਂ ਦੀ ਅਲਾਟਮੈਂਟ ਬੰਦ ਕਰਕੇ ਪਹਿਲਾਂ ਪਿਛਲੀਆਂ ਸਬਸਿਡੀਆਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਉਹ ਇਸ ਵੇਲੇ ਕਰਜ਼ੇ ਵਿਚ ਇੰਨਾ ਫਸ ਗਏ ਹਨ ਕਿ ਬੈਂਕ ਦੀ ਕਿਸ਼ਤ ਭਰਨੀ ਵੀ ਔਖੀ ਹੋਈ ਪਈ ਹੈ।
ਪੋਲੀ ਹਾਊਸ ਵਿਚ ਜੋ ਫਸਲਾਂ ਉਗਾਈਆਂ ਜਾਂਦੀਆਂ ਹਨ, ਉਸ ਦਾ ਮੰਡੀਕਰਣ ਹੀ ਨਹੀਂ ਹੈ, ਜਿਸ ਕਰਕੇ ਫਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਫੁੱਲ, ਜਰਬਰਾ, ਖੀਰਾ, ਸ਼ਿਮਲਾ ਮਿਰਚ ਆਦਿ ਨੂੰ ਉਗਾਉਣ ਲਈ ਤਾਪਮਾਨ 30 ਤੋਂ 45 ਡਿਗਰੀ ਤੱਕ ਚਾਹੀਦਾ ਹੈ ਪਰ ਅੰਦਰ 50 ਡਿਗਰੀ ਤਾਪਮਾਨ ਪਹੁੰਚ ਜਾਂਦਾ ਹੈ ਜਿਸ ਨਾਲ ਸਬਜ਼ੀਆਂ ਸੜ ਜਾਂਦੀਆਂ ਹਨ।
ਜਾਇੰਟ ਡਾਇਰੈਕਟਰ ਨੇ ਵਿਸ਼ਵਾਸ ਦੁਆਇਆ ਕਿ ਜਿਹੜੇ ਕਿਸਾਨਾਂ ਦੀ ਸਬਸਿਡੀ ਬਾਕੀ ਰਹਿੰਦੀ ਹੈ ਉਹ ਜਲਦੀ ਰਿਲੀਜ਼ ਕਰ ਦਿੱਤੀ ਜਾਵੇਗੀ ਤੇ ਅੱਗੋਂ ਤੋਂ ਨਵੇਂ ਪੋਲੀ ਹਾਊਸਾਂ ਦੀ ਅਲਾਟਮੈਂਟ ਰੋਕ ਦਿੱਤੀ ਜਾਵੇਗੀ। ਵਫਦ ਨੇ ਦੱਸਿਆ ਕਿ ਇਸ ਭਰੋਸੇ ਦੇ ਬਾਅਦ ਖੇਤੀਬਾੜੀ ਵਿਭਾਗ ਨੇ ਪੋਲੀ ਹਾਊਸਾਂ ਦੀ ਅਲਾਟਮੈਂਟ ਅਗਲੇ ਦਿਨ ਹੀ ਕਰ ਦਿੱਤੀ ਜਿਸ ਤੋਂ ਲਗਦਾ ਹੈ ਕਿ ਮਹਿਕਮਾ ਤੇ ਹੋਰ ਅਧਿਕਾਰੀ ਆਪਣੀ ਚਾਲ ਚਲ ਰਹੇ ਹਨ। ਉਨ੍ਹਾਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।