ਆਉ ਹਰਿਆਲੀ ਮੋੜ ਲਿਆਈਏ

September 11 2017

By: Punjabi Tribune, 10 September 2017

ਵਿਕਾਸ ਦੇ ਨਾਂ ਉਪਰ ਪਿਛਲੇ ਪੰਜ ਸਾਲਾਂ ਵਿੱਚ 1355 ਵਿਕਾਸ ਕਾਰਜਾਂ ਲਈ 6300 ਏਕੜ ਰਕਬੇ ਉਪਰੋਂ ਲੱਖਾਂ ਦਰੱਖ਼ਤ ਕੱਟ ਕੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਪੰਜਾਬ ਵਿੱਚ 2012 ਦੌਰਾਨ ਗਰੀਨ ਪੰਜਾਬ ਮਿਸ਼ਨ ਸਕੀਮ ਤਹਿਤ ਰੁੱਖਾਂ ਹੇਠ 6.87 ਪ੍ਰਤੀਸ਼ਤ ਰਕਬਾ ਵਧਾ ਕੇ 15 ਪ੍ਰਤੀਸ਼ਤ ਕਰਨ ਦਾ ਟੀਚਾ ਮਿਥਿਆ ਗਿਆ ਸੀ ਪਰ ਹੋਇਆ ਕੁਝ ਨਹੀਂ। 33 ਪ੍ਰਤੀਸ਼ਤ ਖੇਤਰ ਰੁੱਖਾਂ ਹੇਠ ਹੋਣਾ ਚਾਹੀਦਾ ਸੀ ਪਰ ਪੰਜਾਬ ਵਿੱਚ ਸਿਰਫ 6.12 ਪ੍ਰਤੀਸ਼ਤ ਧਰਤੀ ਉੱਤੇ ਹੀ ਜੰਗਲ ਬਚੇ ਹਨ। ਹੁਣ ਵੀ ਕੋਈ ਭਰੋਸਾ ਨਹੀਂ ਕਿ ਕਦੋਂ ਜੰਗਲ ਵਾਲੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਹੋ ਜਾਵੇ ਜਾਂ ਇਹ ਕਿਸੇ ਹੋਰ ਵਿਕਾਸ ਕੰਮ ਲਈ ਦਰੱਖ਼ਤ ਕੱਟ ਕੇ ਵਿਰਾਨ ਕਰ ਦਿੱਤੀ ਜਾਵੇ।

ਲੱਖਾਂ ਰੁੱਖਾਂ ਦੇ ਕੱਟੇ ਜਾਣ ਕਰਕੇ ਹੜ੍ਹਾਂ ਤੇ ਸੋਕੇ ਦਾ ਖ਼ਤਰਾ ਵਧ ਗਿਆ ਹੈ। ਉਛਲਦੇ ਦਰਿਆ ਆਪਣੇ ਕੰਢਿਆਂ ਤੋਂ ਬਾਹਰ ਵਗ ਜਾਂਦੇ ਹਨ। ਰੁੱਖ ਘਟ ਹੋਣ ਕਰਕੇ ਤੇਜ਼ ਪਾਣੀ ਸਾਹਮਣੇ ਕੋਈ ਰੁਕਾਵਟ ਨਹੀਂ ਹੁੰਦੀ। ਰੁੱਖ ਘਟ ਹੋਣਗੇ ਤਾਂ ਧਰਤੀ ਦੀ ਤਪਸ਼ ਹੋਰ ਵਧੇਗੀ। ਉਪਜਾਊ ਧਰਤੀ ਉੱਤੇ ਨਮੀਂ ਘਟੇਗੀ। ਸੁੱਕੀ ਧਰਤੀ ਰੇਤਲੀ ਹੁੰਦੀ ਜਾਵੇਗੀ। ਧਰਤੀ ਹੇਠਲਾ ਪਾਣੀ ਹੋਰ ਹੇਠਾਂ ਚਲਾ ਜਾਵੇਗਾ। ਫੁੱਲ, ਫਲ, ਬਨਸਪਤੀ, ਲੱਕੜੀ ਦੀ ਕਿੱਲਤ ਹੋ ਜਾਵੇਗੀ। ਪਿਛਲੀ ਸਰਕਾਰ ਸਮੇਂ ਪੰਜਾਬ ਵਿੱਚ ਜੰਗਲ ਹੇਠ ਰਕਬੇ ਨੂੰ ਵਧਾਉਣ ਲਈ ਕੇਂਦਰ ਸਰਕਾਰ ਨੇ 6.11 ਕਰੋੜ ਰੁਪਏ ਭੇਜੇ ਸਨ। ਪੰਜਾਬ ਸਰਕਾਰ ਨੇ ਆਪਣਾ 40 ਪ੍ਰਤੀਸ਼ਤ ਹਿੱਸਾ ਨਹੀਂ ਪਾਇਆ। ਅਗਲੇ ਸਾਲ ਕੇਂਦਰੀ ਗਰਾਂਟ ਨਹੀਂ ਆਈ। ਕਰੋੜਾਂ ਰੁਪਏ  ਤੀਰਥ ਯਾਤਰਾਵਾਂ ਉੱਤੇ ਲਾਏ ਗਏ ਪਰ ਰੁੱਖਾਂ ਹੇਠ ਰਕਬਾ ਨਹੀਂ ਵਧਾਇਆ ਗਿਆ।

ਜ਼ਮੀਨ, ਜਲ, ਜੰਗਲ, ਜ਼ਿੰਦਗੀ ਖ਼ਤਰੇ ਵਿੱਚ ਹੈ। ਬਿਰਖ ਕੱਟੇ ਜਾ ਰਹੇ ਹਨ। ਹਰਿਆਵਲ ਖਤਮ ਹੋ ਰਹੀ ਹੈ। ਟਾਹਲੀਆਂ, ਕਿੱਕਰਾਂ ਤਾਂ ਪਹਿਲਾਂ ਹੀ ਖਤਮ ਹੋ ਗਈਆਂ ਹਨ। ਪ੍ਰਦੂਸ਼ਿਤ ਹਵਾ ਤੇ ਪਾਣੀ ਕਰਕੇ ਹਰੇਕ ਮਿੰਟ ਵਿੱਚ ਔਸਤਨ ਦੋ ਭਾਰਤੀਆਂ ਦੀ ਮੌਤ ਹੋ   ਰਹੀ ਹੈ।

ਪੌਣ ਪਾਣੀ ਬਾਰੇ ਇਤਿਹਾਸਿਕ ਸਮਝੌਤਾ, ਪੈਰਿਸ ਵਿਖੇ 13 ਦਸੰਬਰ 2015 ਨੂੰ ਹੋਇਆ ਸੀ। ਇਸ ਮੌਕੇ 196 ਦੇਸ਼ਾਂ ਦੇ ਨੁਮਇੰਦੇ ਹਾਜ਼ਰ ਸਨ। ਆਲਮੀ ਤਪਸ਼ ਘੱਟ ਕਰਨ ਲਈ ਸਹਿਮਤੀ ਤਹਿਤ 2020 ਤੱਕ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘੱਟ ਕਰਨ ਬਾਰੇ ਫੈਸਲਾ ਹੋਇਆ ਸੀ। ਬਾਅਦ ਵਿੱਚ ਅਮਰੀਕਾ ਨੇ ਇਸ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਪੰਜਾਬ ਵਿੱਚ ਲੱਖਾਂ ਹਰੇ-ਭਰੇ ਦਰੱਖ਼ਤ ਕੱਟ ਦਿੱਤੇ ਗਏ ਹਨ। ਕਿਸੇ ਅਥਾਰਿਟੀ ਪਾਸੋਂ ਇਸ ਵਾਸਤੇ ਪ੍ਰਵਾਨਗੀ ਨਹੀਂ ਲਈ ਗਈ। ਹੁਣ ਸ਼ਿਕਾਇਤ ਮਿਲਣ ਉੱਤੇ ਕੌਮੀ ਗਰੀਨ ਟ੍ਰਿਬਿਊਨਲ ਸਰਗਰਮ ਹੋਇਆ ਹੈ। ਨਵੀਆਂ ਬਣ ਰਹੀਆਂ ਸੜਕਾਂ ਦੇ ਕਿਨਾਰਿਆਂ ਉੱਤੇ ਹੋਰ ਰੁੱਖ ਕੱਟਣ ਦੀ ਮਨਾਹੀ ਕਰ ਦਿੱਤੀ ਗਈ ਹੈ ਭਾਵੇਂ ਕਿ ਆਰਾ ਮਸ਼ੀਨਾਂ ਤੇ ਕੁਹਾੜੇ ਹਾਲੇ ਵੀ ਚੱਲ ਰਿਹਾ ਹੈ।

17 ਅਗਸਤ 2017 ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖ਼ਤ ਤਾੜਨਾ ਕੀਤੀ ਸੀ ਕਿ ਤਾਜ ਮਹੱਲ ਦੇ ਨੇੜੇ 80 ਕਿਲੋਮੀਟਰ ਤੱਕ 450 ਬਿਰਖ ਕਿਸੇ ਵੀ ਸੂਰਤ ਵਿੱਚ ਕੱਟੇ ਨਾ ਜਾਣ। ਸੁਪਰੀਮ ਕੋਰਟ ਸਾਹਮਣੇ 450 ਰੁੱਖ ਕੱਟਣ ਦੀ ਆਗਿਆ ਲਈ ਪਟੀਸ਼ਨ ਸਾਹਮਣੇ ਆਈ ਸੀ। ਸਰਕਾਰ ਦੀ ਦਲੀਲ ਸੀ ਕਿ ਦਿੱਲੀਂ ਤੋਂ ਮਥੁਰਾ ਤੱਕ ਨਵੀਂ ਰੇਲ ਲਾਈਨ ਵਿਛਾਈ ਜਾਵੇ। ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ ਕਿ ਤਾਜਮਹੱਲ ਵਰਗੀ ਅਦੁੱਤੀ ਕਲਾ ਕ੍ਰਿਤੀ ਨੂੰ, ਜਿਹੜੀ ਵਿਸ਼ਵ ਵਿਰਾਸਤ ਦਾ ਹਿੱਸਾ ਹੈ, ਕੀ ਖਤਮ ਕਰਨ ਦਾ ਵਿਚਾਰ ਹੈ? ਸੰਸਾਰ ਦੇ ਇਸ ਅਜੂਬੇ ਨੂੰ ਪਹਿਲਾਂ ਹੀ ਹਵਾ ਪ੍ਰਦੂਸ਼ਣ ਤੇ ਵੱਧ ਰਹੀ ਧਰਤ-ਤਪਸ਼ ਦਾ ਵੱਡਾ ਖ਼ਤਰਾ ਹੈ।

ਜੇ ਵੱਧ ਤੋਂ ਵੱਧ ਰੁੱਖ ਹੋਣਗੇ ਤਾਂ ਧਰਤੀ ਠੰਢੀ ਰਹੇਗੀ। ਵੱਧ ਤੋਂ ਵੱਧ ਹਰਿਆਵਲ ਹੋਵੇਗੀ। ਰੁੱਖ ਸਾਨੂੰ ਜੀਵਨਦਾਨੀ ਆਕਸੀਜਨ ਦਿੰਦੇ ਹਨ। ਜ਼ਹਿਰੀਲੀ ਕਾਰਬਨ ਡਾਈਆਕਸਾਈਡ ਚੂਸਦੇ ਹਨ। ਬਨਸਪਤੀ ਮੌਲਦੀ ਹੈ। ਜੇ ਇਸੇ ਗਤੀ ਨਾਲ ਸੜਕਾਂ ਉੱਤੇ ਵਾਹਨ ਵੱਧਦੇ ਜਾਣਗੇ; ਹੋਰ ਹੋਟਲ, ਮੈਰਿਜ ਪੈਲੇਸ ਬਣਦੇ ਜਾਣਗੇ, ਹੋਰ ਨਵੇਂ ਕਾਰਖਾਨੇ ਹਵਾ ਦੇ ਪਾਣੀ ਨੂੰ ਦੂਸ਼ਿਤ ਕਰਨਗੇ ਤਾਂ ਪ੍ਰਦੂਸ਼ਣ ਵਿੱਚ ਵਾਧਾ ਹੋਣਾ ਯਕੀਨੀ ਹੈ।

ਧਰਤੀ ਉੱਤੇ ਰਹਿਣਾ ਮੁਸ਼ਕਿਲ ਹੋ ਜਾਵੇਗਾ। ਧਰਤੀ ਹੇਠਲੇ ਪਾਣੀ ਦੇ ਸੋਮੇ ਸੁੱਕਦੇ ਜਾਣਗੇ। ਸੋਕਾ ਤੇ ਕਾਲ ਦਾ ਖ਼ਤਰਾ ਵੱਧ ਜਾਵੇਗਾ। ਅਨੇਕਾਂ ਕਿਸਮ ਦੇ ਪਸ਼ੂ, ਪੰਛੀ, ਜੀਵ-ਜੰਤੂ, ਕੀੜੇ ਮਰ ਜਾਣਗੇ। ਬਰਫੀਲੇ ਪਹਾੜ ਸੁੰਗੜਦੇ ਜਾਣਗੇ। ਕੁਦਰਤ ਦਾ ਸਹਿਜ ਤੇ ਸੰਤੁਲਨ ਵਿਗੜ ਜਾਵੇਗਾ। ਅਮੀਰੀ ਦੀਆਂ ਹੋਰ ਸਿਖ਼ਰਾਂ ਛੂਣ ਲਈ ਕਾਰਪੋਰੇਟ ਜਗਤ ਦੀ ਹਵਸ ਵੱਧਦੀ ਜਾਵੇਗੀ। ਪਹਾੜਾਂ ਜੰਗਲਾਂ ਵਿੱਚ ਸਦੀਆਂ ਤੋਂ ਵਸੇ ਆਦਿ-ਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਉਜਾੜ ਕੇ, ਪਹਾੜਾਂ ਜੰਗਲਾਂ ਉੱਤੇ ਕਬਜ਼ਾ ਕਰਕੇ, ਨਵੇਂ ਕਾਰਖਾਨੇ ਖੋਲ੍ਹੇ ਜਾਣਗੇ। ਕੁਦਰਤੀ ਵਾਤਾਵਰਨ ਵਿੱਚ ਵਿਗਾੜ ਪੈਦਾ ਹੋਵੇਗਾ। ਤਬਾਹਕੁਨ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਨਹੀਂ ਜਾ ਸਕੇਗਾ। ਪਾਣੀ ਦੇ ਸੋਮੇ ਸੁੱਕ ਜਾਣਗੇ। ਕਾਲ ਦਾ ਖਤਰਾ ਪੈਦਾ ਹੋਵੇਗਾ।

ਬਹੁਤ ਸਾਰੇ ਅਗਾਂਹਵਧੂ ਦੇਸ਼ਾਂ ਵਿੱਚ ਬਿਰਖ ਕੱਟਣ ਦੀ ਸਖ਼ਤ ਮਨਾਹੀ ਹੈ। ਕੈਨੇਡਾ ਦੇ ਕੌਮੀ ਝੰਡੇ ਵਿੱਚ ਉਥੋਂ ਦੇ ਕੌਮੀ ਬਿਰਖ ਮੈਪਲ ਦਾ ਪੱਤਾ ਸ਼ਾਮਲ ਹੈ। ਪੰਜਾਬ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਨਾਮ ਰੁੱਖਾਂ ’ਤੇ ਅਧਾਰਿਤ ਹਨ ਜਿਵੇਂ ਝਾੜ ਸਾਹਿਬ, ਜੰਡ ਸਾਹਿਬ, .ਰੇਰੂ ਸਾਹਿਬ, ਟਾਹਲੀ ਸਾਹਿਬ ਆਦਿ। ਉਪਜਾਊ ਧਰਤੀ ਹੌਲੀ ਹੌਲੀ ਘੱਟਦੀ ਜਾ ਰਹੀ ਹੈ। ਥਾਂ ਥਾਂ ਰਿਹਾਇਸ਼ੀ ਬਸਤੀਆਂ ਉੱਸਰ ਰਹੀਆਂ ਹਨ। ਹਰੇ ਭਰੇ ਜੰਗਲ ਕੱਟ ਕੇ, ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ। ਧਰਤੀ ਸੁੰਗੜ ਰਹੀ ਹੈ। 

ਧਰਤੀ ਉਤੇ ਸੇਮ ਤੇ ਕੱਲਰ ਨੇ ਹਮਲਾ ਕੀਤਾ ਹੋਇਆ ਹੈ। ਜੇ ਧਰਤੀ ਘਟਦੀ ਗਈ ਤਾਂ ਰੁੱਖਾਂ ਲਈ ਵੀ ਥਾਂ ਘਟਦੀ ਜਾਵੇਗੀ। ਹਰਿਆਵਲ ਤਪਸ਼ ਵਿੱਚ ਬਦਲ ਜਾਵੇਗੀ। ਧਰਤੀ ਵਿੱਚ ਅਸੀਂ ਬਹੁਤ ਗੰਦ ਮਿਲਾ ਰਹੇ ਹਾਂ। ਧਰਤੀ ਹੇਠਾਂ ਤਾਰਾਂ, ਪਾਈਪਾਂ, ਸੀਵਰੇਜ ਦੀ ਗੰਦਗੀ, ਕਾਰਖਾਨਿਆਂ ਦਾ ਜ਼ਹਿਰੀਲਾ ਮਾਦਾ ਮਿਲਾਇਆ ਜਾ ਰਿਹਾ ਹੈ। ਧਰਤੀ ਉੱਪਰ ਫਸਲਾਂ ਦਾ ਰਹਿੰਦ ਖੂੰਦ, ਘਾਹ ਫੂਸ ਸਾੜਿਆ ਜਾ ਰਿਹਾ ਹੈ। ਧਰਤੀ ਦਾ ਸੀਨਾ ਅੰਦਰੋਂ ਵਿੰਨ੍ਹਿਆ ਜਾ ਰਿਹਾ ਹੈ। ਪਾਣੀ ਦੀਆਂ ਭਰੀਆਂ ਸਮੁੰਦਰੀ ਹਵਾਵਾਂ ਸਾਡੇ ਪਹਾੜਾਂ ਨਾਲ ਟਕਰਾਉਂਣ ਤੋਂ ਪਹਿਲਾਂ ਹੀ ਤਪ ਜਾਂਦੀਆਂ ਹਨ, ਬਾਰਸ਼ ਕਿਵੇਂ ਬਰਸੇ। ਪਾਣੀ ਦੇ ਭਰੇ ਮੇਘਲੇ ਸਾਡੇ ਨਾਲ ਪਹਿਲਾਂ ਹੀ ਰੁੱਸ ਗਏ ਹਨ। ਵੀਰਵਾਰ ਦੀਆਂ ਝੜੀਆਂ ਹਫਤਾ ਹਫਤਾ ਤੱਕ ਬਰਸਦੀਆਂ ਸਨ। ਪਿੱਪਲ ਦੇ ਹਰੇ ਚੌੜੇ ਪੱਤੇ ਤੋੜ ਕੇ ਗਰਮ ਤਵੇ ਉੱਤੇ ਮਿੱਠੇ ਪੂੜੇ ਫੈਲਾਏ ਜਾਂਦੇ ਸਨ। ਹੁਣ ਤਾਂ ਵਾਤਾਵਰਣ ਦਾ ਸਾਵਾਂਪਨ ਹੀ ਨਹੀਂ ਰਿਹਾ। ਇਹ ਸਥਿਤੀ ਬਦਲਣੀ ਪਏਗੀ। ਸਾਨੂੰ ਦਰੱਖ਼ਤਾਂ ਹੇਠ ਰਕਬਾ ਵਧਾ ਕੇ ਮੁੜ ਹਰਿਆ ਭਰਿਆ ਵਾਤਾਵਰਣ ਬਣਾਉਣਾ ਪਏਗਾ।

इस (स्टोरी) कहानी को अपनी खेती के स्टाफ द्वारा सम्पादित नहीं किया गया है एवं यह कहानी अलग-अलग फीड में से प्रकाशित की गयी है|