ਲੁਧਿਆਣਾ 11 ਸਤੰਬਰ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਨੂੰ ਮਾਨਵੀ ਵਸੀਲਿਆਂ ਦੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਅਧੀਨ ਆਉਂਦੀ ਤਕਨੀਕੀ ਅਧਿਆਪਕਾਂ ਦੀ ਸਿਖਲਾਈ ਅਤੇ ਖੋਜ ਦੀ ਰਾਸ਼ਟਰੀ ਸੰਸਥਾ (ਐਨ ਆਈ ਟੀ ਟੀ ਟੀ ਆਰ), ਵੱਲੋਂ ਸਾਲ 2016-17 ਲਈ ਸਰਵੋਤਮ ਸੰਸਥਾ ਦੇ ਪੁਰਸਕਾਰ ਲਈ ਚੁਣਿਆ ਗਿਆ । ਇਸ ਮੌਕੇ ਖੇਤੀ ਇੰਜਨੀਅਰਿੰਗ ਵਿੱਚ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਵਿੱਚ ਜੁਟੇ ਫੈਕਲਟੀ ਮੈਂਬਰਾਂ ਅਤੇ ਮਾਹਿਰਾਂ ਨੂੰ ਵਧਾਈ ਦਿੰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤ ਦੇ ਉਤਰੀ ਖੇਤਰ ਅਧੀਨ ਆਉਂਦੇ ਪੰਜਾਬ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਅਤੇ ਚੰਡੀਗੜ• ਖੇਤਰਾਂ ਵਿੱਚੋਂ ਪੀਏਯੂ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਨੂੰ ਹੀ ਇਸ ਅਹਿਮ ਪੁਰਸਕਾਰ ਲਈ ਚੁਣੇ ਜਾਣਾ ਸਾਡੇ ਸਭ ਲਈ ਵੱਡੇ ਮਾਣ ਵਾਲੀ ਗੱਲ ਹੈ । ਐਨ ਆਈ ਟੀ ਟੀ ਟੀ ਆਰ ਵੱਲੋਂ ਇਹ ਪੁਰਸਕਾਰ ਗੋਲਡਨ ਜੁਬਲੀ ਸਮਾਰੋਹ ਮੌਕੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਜਸਕਰਨ ਸਿੰਘ ਮਾਹਲ ਨੇ ਪ੍ਰਾਪਤ ਕੀਤਾ । ਡਾ. ਮਾਹਲ ਨੇ ਇਸ ਮਾਨ-ਸਨਮਾਨ ਦਾ ਸਿਹਰਾ ਸਮੂਹ ਫੈਕਲਟੀ ਮੈਂਬਰਾਂ, ਵਿਦਿਆਰਥੀਆਂ, ਸਟਾਫ਼ ਅਤੇ ਭਰਪੂਰ ਸਹਿਯੋਗ ਦੇਣ ਵਾਲੇ ਕਿਸਾਨਾਂ ਦੇ ਸਿਰ ਬੰਨਿਆ ।