ਸ਼ੈਲਰ ਮਾਲਕ ਝੋਨਾ ਖਰੀਦਣੋਂ ਆਨਾ-ਕਾਨੀ ਕਰਨ ਲੱਗੇ

October 01 2020

ਸ਼ੈਲਰ ਮਾਲਕਾਂ ਵੱਲੋਂ ਪੀਆਰ 126 ਕਿਸਮ ਦੇ ਝੋਨੇ ਦੀ ਖਰੀਦ ਤੋਂ ਆਨਾਕਾਨੀ ਕਰਨ ਮਗਰੋਂ ਬਨੂੜ ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ। ਮੰਡੀ ਵਿੱਚ ਪੰਜ ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਇਕੱਤਰ ਹੋ ਗਿਆ ਹੈ। ਅੱਜ ਮੰਡੀ ਵਿੱਚ ਝੋਨੇ ਦੀ ਕੋਈ ਖਰੀਦ ਨਹੀਂ ਹੋਈ ਤੇ ਕੱਲ ਖਰੀਦੇ ਗਏ ਝੋਨੇ ਲਈ ਹੀ ਬਾਰਦਾਨਾ ਜਾਰੀ ਹੋ ਸਕਿਆ। ਮੰਡੀ ਵਿੱਚ ਬਿਲਕੁੱਲ ਸੁੱਕੀਆਂ ਢੇਰੀਆਂ ਲੈ ਕੇ ਝੋਨਾ ਵੇਚਣ ਆਏ ਕਿਸਾਨਾਂ ਵਿੱਚ ਇਸ ਸਬੰਧੀ ਭਾਰੀ ਰੋਸ ਹੈ। ਮਾਰਕੀਟ ਕਮੇਟੀ ਬਨੂੜ ਵਿਖੇ ਅੱਜ ਮੁਹਾਲੀ ਦੀ ਤਹਿਸੀਲਦਾਰ ਸੁਖਪਿੰਦਰ ਕੌਰ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਹੋਈ। ਇਸ ਵਿੱਚ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਮੌਜੂਦ ਸਨ। ਇਸ ਮੌਕੇ ਪੀਆਰ 126 ਦੀ ਖਰੀਦ ਸਬੰਧੀ ਚਰਚਾ ਹੋਈ। ਸ਼ੈਲਰ ਮਾਲਕਾਂ ਨੇ ਇਸ ਕਿਸਮ ਦੇ ਚਾਵਲ ਘੱਟ ਹੋਣ ਦੀ ਗੱਲ ਕਰਦਿਆਂ ਸਰਕਾਰ ਕੋਲੋਂ ਰਿਆਇਤ ਦੀ ਮੰਗ ਕੀਤੀ। ਤਹਿਸੀਲਦਾਰ ਵੱਲੋਂ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਮੰਡੀ ਵਿੱਚ ਪਈ ਝੋਨੇ ਦੀ ਫਸਲ ਵਿਕਰੀ ਹੋਣ ਤੱਕ ਨਵੇਂ ਪਾਸ ਜਾਰੀ ਨਾ ਕਰਨ ਦੀ ਤਕੀਦ ਵੀ ਕੀਤੀ।

ਝੋਨੇ ਦੀ ਅੱਜ ਖਰੀਦ ਨਾ ਹੋਣ ਦਾ ਪਤਾ ਲੱਗਦਿਆਂ ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਗੁਰਦੇਵ ਸਿੰਘ ਹਸਨਪੁਰ, ਸਤਪਾਲ ਸਿੰਘ ਰਾਜੋਮਾਜਰਾ ਆਦਿ ਦੀ ਅਗਵਾਈ ਹੇਠ ਝੋਨਾ ਵੇਚਣ ਆਏ ਕਿਸਾਨ ਇਕੱਠੇ ਹੋ ਗਏ। ਸਭਾ ਦੇ ਆਗੂਆਂ ਅਤੇ ਕਿਸਾਨਾਂ ਨੇ ਨਾਇਬ ਤਹਿਸੀਲਦਾਰ ਅਤੇ ਹੋਰਨਾਂ ਅਧਿਕਾਰੀਆਂ ਤੋਂ ਬਿਨ੍ਹਾਂ ਕਿਸੇ ਦੇਰੀ ਤੋਂ ਝੋਨੇ ਦੀ ਖਰੀਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਪੀਆਰ 126 ਕਿਸਮ ਦਾ ਹੀ ਜ਼ਿਆਦਾ ਝੋਨਾ ਹੈ ਤੇ ਇਸ ਦੀ ਤੁਰੰਤ ਵਿਕਰੀ ਯਕੀਨੀ ਬਣਾਈ ਜਾਵੇ।

ਜੇ ਕੋਈ ਆੜ੍ਹਤੀ ਜਾਂ ਸ਼ੈਲਰ ਵਾਲਾ ਕੱਟ ਲਾਵੇ ਤਾਂ ਦੱਸੋ: ਚੇਅਰਮੈਨ

ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਭੋਲਾ ਨੇ ਆਖਿਆ ਕਿ ਪੀਆਰ 126 ਕਿਸਮ ਨੂੰ ਲੈਕੇ ਸ਼ੈਲਰ ਮਾਲਕਾਂ ਵੱਲੋਂ ਪਾਏ ਅੜਿੱਕੇ ਕਾਰਨ ਖਰੀਦ ਵਿੱਚ ਕੁੱਝ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਝੋਨੇ ਦੀ ਖਰੀਦ ਲਈ ਕੱਟ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਆੜ੍ਹਤੀ ਜਾਂ ਸ਼ੈਲਰ ਵਾਲਾ ਕੱਟ ਲਾਵੇ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਓ, ਉਹ ਸਬੰਧਿਤ ਫ਼ਰਮ ਦਾ ਲਾਇਸੈਂਸ ਕੈਂਸਲ ਕਰਨਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune