ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਸਰਕਾਰਾਂ ਨੇ ਸੱਤ ਦਹਾਕੇ ਬੀਤਣ ਬਾਅਦ ਵੀ ਅੰਨਦਾਤੇ ਤੇ ਮਜ਼ਦੂਰਾਂ ਦੀ ਭਲਾਈ ਲਈ ਕੋਈ ਠੋਸ ਨੀਤੀ ਨਹੀਂ ਬਣਾਈ। ਇਹ ਪ੍ਰਗਟਾਵਾ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਚੱਲ ਰਹੇ 30 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਭੈਣੀਬਾਘਾ, ਸਵਰਨ ਸਿੰਘ ਬੋੜਾਵਾਲ, ਹਰਿੰਦਰ ਸਿੰਘ ਸੋਢੀ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਲ ਘਰੇਲੂ ਉਤਪਾਦਨ ਵਿੱਚ ਖੇਤੀ ਖੇਤਰ ਦਾ ਵੱਡਾ ਯੋਗਦਾਨ ਹੈ। ਜਦੋਂਕਿ ਇਸ ਦੇ ਉਲਟ ਦੇਸ਼ ਦੇ ਹੁਕਮਰਾਨਾਂ ਨੇ ਉਦਯੋਗਪਤੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਅਰਬਾਂ-ਖਰਬਾਂ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਵਾਲ-ਵਾਲ ਕਰਜ਼ੇ ਹੇਠ ਪਰੁੰਨਿਆ ਪਿਆ ਹੈ। ਕਿਸਾਨ ਆਗੂ ਭੁਪਿੰਦਰ ਸਿੰਘ ਗੁਰਨੇ, ਰੂਪ ਸਿੰਘ ਅਹਿਮਦਪੁਰ, ਸਤਵੰਤ ਸਿੰਘ ਖਿੱਲਣ, ਧੰਨਾ ਸਿੰਘ ਅਹਿਮਦਪੁਰ, ਲਾਭ ਸਿੰਘ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਕਿਸਾਨਾਂ, ਮਜ਼ਦੂਰਾਂ ਦੀ ਕਿਰਤ ਨੂੰ ਲੁੱਟਣ ਦੇ ਸਵਾਏ ਹੋਰ ਕੱਖ ਨਹੀਂ ਕੀਤਾ।
ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਬੀਕੇਯੂ ਡਕੌਂਦਾ ਵੱਲੋਂ ਬਾਜਾਖਾਨਾ ਰੋਡ ’ਤੇ ਸਥਿਤ ਵੀਆਰਸੀ ਮਾਲ ਵਿਚਲੇ ਰਿਲਾਇੰਸ ਮਾਰਟ ਦਾ ਘਿਰਾਓ ਜਾਰੀ ਹੈ। ਅੱਜ ਧਰਨਾਕਾਰੀ ਕਿਸਾਨਾਂ ਨੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜ਼ਦਾ ਕਰਦਿਆਂ ਇਸ ਜੁਝਾਰੂ ਇਤਿਹਾਸਕ ਪ੍ਰਸੰਗ ਤੋਂ ਪ੍ਰੇਰਣਾ ਹਾਸਿਲ ਕੀਤੀ। ਇਸ ਮੌਕੇ ਬੁਲਾਰਿਆਂ ਮੇਜਰ ਸਿੰਘ ਸੰਘੇੜਾ, ਅੰਗਰੇਜ ਸਿੰਘ ਭੱਟੀ, ਹਰਚਰਨ ਚੰਨਾ, ਸੁਖਦਰਸ਼ਨ ਗੁੱਡੂ ਨੇ ਕਿਹਾ ਕਿ ਇਹ ਹਫਤਾ ਛੋਟੇ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਦਾ ਸ਼ਹੀਦੀ ਹਫਤਾ ਹੈ। ਇਤਿਹਾਸਕ ਪ੍ਰਸੰਗ ਵਿੱਚ ਸੂਹੇ ਪੰਨਿਆਂ ਉੱਤੇ ਉੱਕਰਿਆ ਇਤਿਹਾਸ ਦਾ ਅਜਿਹਾ ਸੁਨਿਹਰੀ ਪੰਨਾ ਹੈ ਜੋ ਜਾਲਮਾਂ ਖ਼ਿਲਾਫ਼ ਲੜਨ ਤੇ ਜੂਝ ਮਰਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਦੇ ਔਰੰਗਜੇਬ ਮੋਦੀ ਹਕੂਮਤ ਤੇ ਅਡਾਨੀ-ਅੰਬਾਨੀ ਹਨ, ਜੋ ਲੋਕਾਂ ਨੂੰ ਲੁੱਟ ਦੇ ਵੀ ਹਨ ਤੇ ਜਾਬਰ ਹਕੂਮਤੀ ਮਸ਼ੀਨਰੀ ਨੂੰ ਵਰਤ ਕੇ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਆਗੂਆਂ ਨੂੰ ਯੂਏਪੀਏ (ਦੇਸ਼ ਧ੍ਰੋਹ) ਦੇ ਝੂਠੇ ਮੁਕੱਦਮਿਆਂ ਰਾਹੀਂ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਵੱਲੋਂ ਫ਼ਿਰੋਜ਼ਪੁਰ-ਜ਼ੀਰਾ ਮਾਰਗ ’ਤੇ ਪਿੰਡ ਵਲੂਰ ਵਿੱਚ ਸਥਿਤ ਰਿਲਾਇੰਸ ਪੈਟਰੋਲ ਪੰਪ ’ਤੇ ਲਗਾਇਆ ਗਿਆ ਧਰਨਾ ਅੱਜ 89ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਇਹ ਧਰਨਾ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਨਿਰੰਤਰ ਚੱਲ ਰਿਹਾ ਹੈ। ਇਸ ਮੌਕੇ ਧਰਨੇ ’ਤੇ ਬੈਠੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਕਿਸਾਨਾਂ ਤੋਂ ਪਤਾ ਲੱਗਾ ਕਿ ਸਾਂਦੇ ਹਾਸ਼ਮ ਵਿੱਚ ਚੱਲਦੇ ਸ਼ੈਲਰ _ਚ ਪੰਜਾਬ ਤੋਂ ਬਾਹਰ ਦਾ ਝੋਨਾ ਲਿਆ ਕੇ ਲਗਾਇਆ ਜਾ ਰਿਹਾ ਹੈ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ ਖੋਰਾ ਲੱਗਦਾ ਹੈ, ਨਾਲ ਹੀ ਪੰਜਾਬ ਦੇ ਕਿਸਾਨਾਂ ਦੇ ਝੋਨੇ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਮੌਕੇ ਆਗੂਆਂ ਨੇ ਬੀਤੀ ਸ਼ਾਮ ਸ਼ੈਲਰ ’ਤੇ ਪਹੁੰਚ ਕੇ ਝੋਨੇ ਨਾਲ ਭਰੇ ਟਰੱਕਾਂ ਦੇ ਕਾਗਜ਼ ਚੈੱਕ ਕੀਤੇ ਤਾਂ ਉਨ੍ਹਾਂ ਵਿੱਚੋਂ 2 ਟਰੱਕ ਯੂਪੀ ਤੋਂ ਝੋਨਾ ਲੈ ਕੇ ਆਏ ਮਿਲੇ, ਜਿਨ੍ਹਾਂ ਦੇ ਕਾਗਜ਼ ਕਿਸਾਨ ਆਗੂਆਂ ਨੇ ਲੈ ਕੇ ਸਕੱਤਰ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਨੂੰ ਕਾਨੂੰਨੀ ਕਾਰਵਾਈ ਲਈ ਦੇ ਦਿੱਤੇ ਹਨ।
ਦਿੱਲੀ ਮੋਰਚੇ ’ਚ ਗਏ ਕਿਸਾਨ ਦੀ ਮਟਰਾਂ ਦੀ ਫਸਲ ਦਾ ਉਜਾੜਾ
ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ’ਚ ਸ਼ਾਮਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਦੀ ਬੀਜੀ ਮਟਰਾਂ ਦੀ ਫਸਲ ਨੂੰ ਅਵਾਰਾ ਪਸ਼ੂਆਂ ਨੇ ਉਜਾੜ ਦਿੱਤਾ ਪਰ ਕਿਸਾਨ ਆਗੂ ਵਿੱਤੀ ਨੁਕਸਾਨ ਦੀ ਪ੍ਰਵਾਹ ਨਾ ਕਰਦਿਆਂ ਦਿੱਲੀ ਸੰਘਰਸ਼ ’ਚ ਡਟਿਆ ਹੋਇਆ ਹੈ। ਪਿੰਡ ਪੱਤੀ ਸੇਖਵਾਂ ਨਾਲ ਸਬੰਧਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਆਗੂ ਦਲਜੀਤ ਸਿੰਘ ਪੱਤੀ ਪਿਛਲੇ ਲੰਮੇ ਸਮੇਂ ਤੋਂ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ ਤੇ ਕਿਸਾਨ ਮੋਰਚੇ ’ਤੇ ਦਿੱਲੀ ਗਿਆ ਹੋਣ ਕਾਰਨ ਉਸ ਵੱਲੋਂ ਬੀਜੀ ਮਟਰਾਂ ਦੀ ਫਸਲ ਅਵਾਰਾ ਪਸ਼ੂਆਂ ਨੇ ਉਜਾੜ ਦਿੱਤੀ ਤੇ ਹੁਣ ਉਸਦੇ ਪਰਿਵਾਰ ਵੱਲੋਂ ਕਣਕ ਦੀ ਬਿਜਾਈ ਕੀਤੀ ਗਈ ਹੈ।ਕਿਸਾਨ ਆਗੂ ਦਲਜੀਤ ਸਿੰਘ ਨੇ ਦੱਸਿਆ ਕਿ ੳਸਨੇ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਸਰਕਾਰੀ ਰੁਜ਼ਗਾਰ ਨਾ ਮਿਲਣ ’ਤੇ ਉਸਨੇ ਨਿੱਜੀ ਖੇਤਰ ’ਚ ਕੰਮ ਕਰਨ ਦੀ ਥਾਂ ਸਬਜ਼ੀਆਂ ਦੀ ਕਾਸ਼ਤ ਕਰਕੇ ਖੁਦ ਸਬਜ਼ੀ ਮੰਡੀ ਬਰਨਾਲਾ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਸਨੇ ਦੱਸਿਆ ਕਿ ਉਸਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨ ਪਾਲ ਦੀ ਅਗਵਾਈ ਹੇਠ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਦੱਸਿਆ ਕਿ ਕਿਸਾਨ ਸੰਘਰਸ਼ ਚੱਲਣ ਕਾਰਨ ਸਿਰਫ ਇੱਕ ਏਕੜ ’ਚ ਮਟਰਾਂ ਦੀ ਬੀਜਾਈ ਕੀਤੀ ਸੀ ਪਰ ਉਹ ਦਿੱਲੀ ਚਲਾ ਗਿਆ ਤੇ ਅਵਾਰਾ ਪਸ਼ੂਆਂ (ਨੀਲ ਗਾਵਾਂ) ਵੱਲੋਂ ਫਸਲ ਤਬਾਹ ਕਰ ਦਿੱਤੀ ਗਈ ਜਿਸ ਉਪਰੰਤ ਹੁਣ ਪਿਛੇਤੀ ਕਣਕ ਦੀ ਬਿਜਾਈ ਕੀਤੀ ਹੈ।ਕਿਸਾਨ ਆਗੂ ਦਲਜੀਤ ਸਿੰਘ ਨੇ ਕਿਹਾ ਕਿ ਜਦੋਂ ਸੰਘਰਸ਼ ਚੱਲਦੇ ਹਨ ਤਾਂ ਬਹੁਤ ਕੁਝ ਕੁਰਬਾਨ ਕਰਨਾ ਪੈਂਦਾ ਹੈ ਤੇ ਆਪਣੇ ਨੁਕਸਾਨ ਝੱਲ ਕੇ ਹੀ ਸੰਘਰਸ਼ ਅੱਗੇ ਵਧਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune