ਕਿਸਾਨ ਜਥੇਬੰਦੀਆਂ ਦੀ ਹਮਾਇਤ ਲਈ ਸਾਂਝਾ ਮੰਚ ਮਲੋਟ ਤੋਂ ਅਤੇ ਜਮਹੂਰੀ ਕਿਸਾਨ ਸਭਾ ਮੋਹਲਾਂ ਤੋਂ ਅੱਜ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਤਪਾਲ ਮੋਹਲਾਂ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ 26 ਅਤੇ 27 ਦਸੰਬਰ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਕਿਸਾਨ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਸਿੱਖ ਚਿੰਤਕਾਂ ਦੇ ਭਾਸ਼ਣ, ਕਵੀਸ਼ਰੀ ਜਥੇ, ਢਾਡੀ ਜਥੇ ਤੇ ਹੋਰ ਬੁਲਾਰੇ ਸਿੱਖ ਇਤਿਹਾਸ ਬਾਰੇ ਦੱਸਣਗੇ। ਸਾਂਝਾ ਮੰਚ ਦੇ ਕਨਵੀਨਰ ਸਤਪਾਲ ਮੋਹਲਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਧਰਨੇ ਵਿੱਚ ਵਧ ਚੜ੍ਹ ਕੇ ਹਾਜ਼ਰੀ ਲਵਾਉ। ਇਸ ਸਮੇਂ ਜਸਪਾਲ ਸੰਧੂ, ਜਰਮਨ ਸੰਧੂ ਮੋਹਲਾਂ, ਰੋਹਿਤ ਕੁਮਾਰ ਮਲੋਟ, ਗੁਰਚਰਨ ਸਿੰਘ ਬੁੱਟਰ, ਕੁਲਦੀਪ ਸਿੰਘ ਕੰਦੂਖੇੜਾ, ਪਰਮਿੰਦਰ ਸਿੰਘ, ਰਾਜਿੰਦਰ ਸਿੰਘ ਹਾਜਰ ਸਨ, ਜੋ ਕਿ ਦਿੱਲੀ ਜਾਣ ਵਾਲਿਆਂ ਵੱਖ-ਵੱਖ ਜਥਿਆਂ ਦੀ ਅਗਵਾਈ ਕਰ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਪੰਜਵਾਂ ਕਾਫਲਾ ਅੱਜ ਦਿੱਲੀ ਸੰਘਰਸ ’ਚ ਭਾਗ ਲੈਣ ਲਈ ਰਵਾਨਾ ਹੋਇਆ। ਜਥੇਬੰਦੀ ਦੇ ਆਗੂ ਭੋਲਾ ਸਿੰਘ ਬਦਰੇਵਾਲਾ, ਅੰਮ੍ਰਿਤਪਾਲ ਸਿੰਘ ਗਿੱਲ, ਤੇਜਾ ਸਿੰਘ, ਦਰਸ਼ਨ ਸਿੰਘ, ਜੀਤਾ ਸਿੰਘ ਗਿੱਲ ਨੇ ਦੱਸਿਆ ਕਿ ਬਲਾਕ ਸ਼ਹਿਣਾ ਦੇ 15 ਪਿੰਡਾਂ ’ਚੋਂ 8000 ਤੋਂ ਵੱਧ ਨੌਜਵਾਨ, ਕਿਸਾਨ ਅਤੇ ਹਰ ਵਰਗ ਦੇ ਲੋਕ ਦਿੱਲੀ ਚਲੇ ਗਏ ਹਨ।
ਵੱਖ ਵੱਖ ਯੂਨੀਅਨਾਂ ਤੇ ਸੰਸਥਾਵਾਂ ਵੱਲੋਂ ਅੰਦੋਲਨ ਨੂੰ ਹਮਾਇਤ
ਇਥੇ ਪੁਲ ਉੱਤੇ ਫੁੱਟਪਾਥ ’ਤੇ ਹੱਥ ਵਿਚ ਲਿਖਿਆ ਬੈਨਰ ਕਿ ‘ਅਸੀਂ ਅਤਿਵਾਦੀ ਜਾਂ ਨਕਸਲੀ ਨਹੀ ਹਾਂ’ ਫੜ੍ਹ ਕੇ ਇਕ ਨੌਜਵਾਨ ਨੇ ਨਿਵੇਕਲੇ ਢੰਗ ਨਾਲ ਜਿਥੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ, ਉਥੇ ਉਸ ਨੇ ਕਿਹਾ ਕਿ ਉਹ ਅਤਿਵਾਦੀ ਦਾ ਨਕਸਲੀ ਨਹੀਂ ਹਨ, ਉਹ ਸਾਧਾਰਨ ਕਿਸਾਨ ਹਨ ,ਇਸ ਲਈ ਉਨ੍ਹਾਂ ਨੂੰ ਨਕਸਲੀ ਜਾਂ ਅਤਿਵਾਦੀ ਨਾ ਕਿਹਾ ਜਾਵੇ।
ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੇ ਸੱਦੇ ’ਤੇ ਬਠਿੰਡਾ ਦੀਆਂ ਸਾਹਿਤਕ ਸੰਸਥਾਵਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਅੱਧੇ ਦਿਨ ਦੀ ਭੁੱਖ ਹੜਤਾਲ ਕੀਤੀ। ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਸਭਾ ਬਠਿੰਡਾ ਸਾਹਿਤ ਸੱਭਿਆਚਾਰ ਮੰਚ ਬਠਿੰਡਾ, ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਅੱਜ ਟੀਚਰਜ਼ ਹੋਮ ਵਿੱਚ ਅੱਧੇ ਦਿਨ ਦੀ ਭੁੱਖ ਹੜਤਾਲ ਕੀਤੀ। ਵੱਖ ਵੱਖ ਆਗੂਆਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਦਾ ਅਹਿਦ ਦੁਹਰਾਇਆ।
ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ਼ ਸੰਯੁਕਤ ਕਿਸਾਨ ਸੰਘਰਸ਼ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਆਈਟੀਆਈਜ਼ ਐਂਪਲਾਈਜ਼ ਯੂਨੀਅਨ ਮਾਨਸਾ ਵੱਲੋਂ ਅੱਜ ਮਾਨਸਾ-ਬਠਿੰਡਾਂ ਕੈਚੀਆਂ ਦੇ ਚੌਕ ’ਚ ਹੱਥਾਂ ਵਿੱਚ ਤਖ਼ਤੀਆ ਫੜ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ। ਇਸ ਸਮੇਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਹਰਵਿੰਦਰ ਭਾਰਦਵਾਜ ਸਮੇਤ ਜਸਵਿੰਦਰ ਪਾਲ, ਹਰਪਾਲ ਸਿੰਘ, ਕੁਲਵਿੰਦਰ ਕੌਰ ਸੇਖੋ, ਜਸਪਾਲ ਸਿੰਘ ਅਤੇ ਹੋਰ ਵੀ ਸਾਥੀ ਮੋਜੂਦ ਸਨ।
ਪਿੰਡ ਲਹਿਰਾ ਖਾਨਾ ’ਚ ਦਿੱਲੀ ਜਾਣ ਵਾਲਿਆਂ ਦੀਆਂ ਲਿਸਟਾਂ ਤਿਆਰ
ਪਿੰਡ ਭੁੱਚੋ ਕਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਇਕਾਈ ਪ੍ਰਧਾਨ ਤੇਜਾ ਸਿੰਘ ਦੀ ਅਗਵਾਈ ਹੇਠ ਅੱਜ ਦੋ ਟਰਾਲੀਆਂ ਵਿੱਚ ਤੀਜਾ ਕਿਸਾਨ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਨੂੰ ਸਰਪੰਚ ਗੁਰਪ੍ਰੀਤ ਸਿੰਘ ਅਤੇ ਪੰਚ ਹਰਭਜਨ ਸਿੰਘ ਸ਼ੇਰਗਿੱਲ ਨੇ ਰਵਾਨਾ ਕੀਤਾ। ਇਸੇ ਤਰ੍ਹਾਂ ਭੁੱਚੋ ਮੰਡੀ ਤੋਂ ਤਰਕਸ਼ੀਲ ਸੁਸਾਇਟੀ ਦੇ ਕਾਰਕੁਨ ਦਿੱਲੀ ਲਈ ਰਵਾਨਾ ਹੋਏ। ਪਿੰਡ ਲਹਿਰਾ ਖਾਨਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਆਗੂ ਸੰਤੋਖ ਸਿੰਘ ਦੀ ਅਗਵਾਈ ਹੇਠ ਪਿੰਡ ਦੀਆਂ ਵੱਖ ਵੱਖ ਪੱਤੀਆਂ ਵਿੱਚੋਂ ਦਿੱਲੀ ਜਾਣ ਵਾਲੇ ਕਿਸਾਨਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਅਤੇ ਪਿੰਡ ਵਿੱਚ ਮੋਦੀ ਖ਼ਿਲਾਫ਼ ਰੈਲੀ ਕੀਤੀ ਗਈ।
ਸਮਾਜ ਸੇਵੀ ਸੰਸਥਾਵਾਂ ਵੱਲੋਂ ਭੁੱਖ ਹੜਤਾਲ
ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਮੁੱਖ ਚੌਕ ਜ਼ੀਰਾ ਵਿਚ ਇਕ ਦਿਨਾਂ ਭੁੱਖ ਹੜਤਾਲ ਕੀਤੀ ਗਈ। ਇਸ ਸਮੇਂ ਸੰਸਥਾਵਾਂ ਵੱਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਕਿਸਾਨਾਂ ਦੀਆਂ ਮੰਗਾਂ ਜਲਦ ਪ੍ਰਵਾਨ ਕਰੇ ਅਤੇ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨ ਵਾਪਸ ਲਵੇ। ਇਸ ਮੌਕੇ ਪ੍ਰਧਾਨ ਰਾਮ ਪ੍ਰਕਾਸ਼, ਸਕੱਤਰ ਅਸ਼ੋਕ ਕੁਮਾਰ, ਜਰਨੈਲ ਸਿੰਘ ਭੁੱਲਰ, ਹਰਪਾਲ ਸਿੰਘ ਪੰਡੋਰੀ, ਹਰਭਗਵਾਨ ਸਿੰਘ ਭੋਲਾ, ਨਛੱਤਰ ਸਿੰਘ ਸਹਾਰਾ ਕਲੱਬ, ਜੁਗਰਾਜ ਸਿੰਘ ਰਾਜੂ, ਸ਼ਿੰਦਰਪਾਲ ਬੇਦੀ, ਮਾਸਟਰ ਜਗੀਰ ਸਿੰਘ, ਡਾਕਟਰ ਕੁਲਦੀਪ ਸਿੰਘ ਕਰੀਰ, ਗੁਰਬਖਸ਼ ਸਿੰਘ ਵਿਜ, ਬਿੱਕਰ ਸਿੰਘ ਫੇਰੋਕੇ ਆਦਿ ਹਾਜ਼ਰ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune