ਅੱਜ ਜਦੋਂ ਕਿ ਪਿਛਲੇ 26 ਦਿਨਾਂ ਤੋਂ ਜਿੱਥੇ ਪੰਜਾਬ ਹਰਿਆਣਾ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਲਾਏ ਹੋਏ ਹਨ ਉੱਥੇ 30 ਕਿਸਾਨ ਜੱਥੇਬੰਦੀਆਂ ਵੱਲੋਂ ਆਰੰਭੇ ਸਾਂਝੇ ਕਿਸਾਨੀ ਘੋਲ ਤਹਿਤ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਵਿਸ਼ਾਲ ਧਰਨਾ 81ਵੇਂ ਦਿਨ ਵੀ ਜਾਰੀ ਰਿਹਾ। ਪਿੰਡਾਂ ਵਿੱਚੋਂ ਵੱਖ ਵੱਖ ਰਸਦਾਂ ਸਮੇਤ ਕਿਸਾਨ ਇਸ ਧਰਨੇ ਵਿੱਚ ਸ਼ਾਮਲ ਹੋ ਜਾਂਦੇ ਹਨ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ਬੋੜਾਵਾਲ, ਨੰਬਰਦਾਰ ਜਰਨੈਲ ਸਿੰਘ ਗੁਰਨੇਕਲਾਂ, ਮੇਜਰ ਸਿੰਘ ਰੱਲੀ, ਹਰਿੰਦਰ ਸਿੰਘ ਸੋਢੀ ਨੇ ਆਪਣੀ ਸਾਂਝੀ ਸੁਰ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਆਪਣੇ ਕਾਲੇ ਕਾਨੂੰਨਾਂ ਖ਼ਿਲਾਫ਼ ਹੁਣ ਗੁਮਰਾਹਕੁਨ ਪ੍ਰਚਾਰ ਅਰੰਭਿਆ ਹੋਇਆ ਹੈ। ਜਿਹੜੀ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਜਦੋਂਕਿ ਕਿਸਾਨਾਂ ਵੱਲੋਂ ਆਰੰਭਿਆ ਕਿਸਾਨ ਅੰਦੋਲਨ ਇੱਕ ਵੱਡੀ ਲਹਿਰ ਦਾ ਰੂਪ ਧਾਰਨ ਕਰ ਚੁੱਕਿਆ ਹੈ। ਜਿਸ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਕੇ ਰੱਖ ਦਿੱਤੀ ਹੈ। ਆਗੂਆਂ ਦਾ ਕਹਿਣਾ ਸੀ ਕਿ ਦੇਸ਼ ਤੇ ਸੰਸਾਰ ਪੱਧਰ ਦੇ ਅੰਦੋਲਨਾਂ ਦਾ ਇਤਿਹਾਸ ਰਿਹਾ ਹੈ ਕਿ ਜਿਨ੍ਹਾਂ ਵੀ ਹਾਕਮਾਂ ਨੇ ਕਿਸਾਨਾਂ ਨਾਲ ਮੱਥਾ ਲਾਇਆ ਉਨ੍ਹਾਂ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਮਾਤ ਦਿੱਤੀ ਹੈ। ਇਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਧਰਨੇ ਦੀ ਅਗਵਾਈ ਕਰਨ ਵਾਲੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਅਮਰੀਕ ਮੰਦਰਾਂ, ਮਾਸਟਰ ਜਸਵੰਤ ਸਿੰਘ ਬੋਹਾ, ਸਰੂਪ ਸਿੰਘ ਗੁਰਨੇਕਲਾਂ ਵੀ ਸ਼ਾਮਲ ਸਨ।
ਟੌਲ ਪਲਾਜ਼ਾ ਤੇ ਬੈਸਟ ਪ੍ਰਾਈਜ਼ ਅੱਗੇ ਮੋਰਚੇ ਜਾਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨ ਰੱਦ ਕਰਵਾਉਣ ਲਈ ਲਹਿਰਾ ਬੇਗਾ ਟੌਲ ਪਲਾਜ਼ਾ ਤੇ ਬੈਸਟ ਪ੍ਰਾਈਜ਼ ਮਾਲ ਅੱਗੇ 83ਵੇਂ ਦਿਨ ਵੀ ਮੋਰਚੇ ਜਾਰੀ ਰਹੇ। ਇਨ੍ਹਾਂ ਮੋਰਚਿਆਂ ਨੂੰ ਕਿਸਾਨ ਬੀਬੀਆਂ ਨੇ ਸੰਭਾਲਿਆ ਹੋਇਆ ਸੀ। ਧਰਨਾਕਾਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਚ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦਿੱਲੀ ਸੰਘਰਸ਼ ਨੂੰ ਹੋਰ ਤੇਜ ਕਰਨ ਲਈ 27 ਦਸੰਬਰ ਨੂੰ ਪੰਜਾਬ ਤੋਂ ਟਰੈਕਟਰ ਟਰਾਲੀਆਂ ਦੇ ਵੱਡੇ ਕਾਫ਼ਲੇ ਟਿੱਕਰੀ ਹੱਦ ਲਈ ਰਵਾਨਾ ਹੋਣਗੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune