ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਨੌਜਵਾਨ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਕੌਮੀ ਮਾਰਗ ਰਾਹੀਂ ਸ਼ੰਭੂ ਬਾਰਡਰ ਨੂੰ ਹੋ ਕੇ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਜਾਣ ਲਈ ਅੱਜ ਇੱਥੋਂ ਦੇ ਕੌਮੀ ਮਾਰਗ ’ਤੇ ਸਾਰਾ ਦਿਨ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ।
ਇੱਥੋਂ ਸਵੇਰ ਤੋਂ ਸ਼ਾਮ ਤੱਕ ਦੋ ਸੌ ਦੇ ਕਰੀਬ ਟਰੈਕਟਰ ਅੱਜ ਇੱਥੋਂ ਦਿੱਲੀ ਲਈ ਲੰਘੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਟਰੈਕਟਰ ਨਵਾਂ ਸ਼ਹਿਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚੋਂ ਆਏ ਹਨ। ਵਧੇਰੇ ਕਿਸਾਨ ਟਰੈਕਟਰਾਂ ਨੂੰ ਇੱਕ ਦੂਜੇ ਨਾਲ ਟੋਚਨ ਕਰਕੇ ਲਿਜਾ ਰਹੇ ਹਨ। ਕੁੱਝ ਕਿਸਾਨ ਟਰੈਕਟਰਾਂ ਨੂੰ ਟਰਾਲੀਆਂ ਉੱਤੇ ਲੋਡ ਕਰਕੇ ਵੀ ਲਿਜਾ ਰਹੇ ਹਨ। ਨਵਾਂ ਸ਼ਹਿਰ ਦੇ ਪਿੰਡ ਸੋਨਾ ਦੇ ਕਿਸਾਨ ਸੁਖਦੇਵ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਪੰਜ ਟਰੈਕਟਰਾਂ ਨੂੰ ਇੱਕ ਦੂਜੇ ਨਾਲ ਟੋਚਨ ਕਰਕੇ ਟਰਾਲੀ ਸਮੇਤ ਦਿੱਲੀ ਦੇ ਸਿੰਘੂ ਬਾਰਡਰ ਲਈ ਗਏ।
ਬਨੂੜ ਖੇਤਰ ਵਿੱਚੋਂ 24 ਜਨਵਰੀ ਨੂੰ ਟਰੈਕਟਰਾਂ ਦਾ ਵੱਡਾ ਕਾਫ਼ਲਾ ਸਵੇਰੇ ਅੱਠ ਵਜੇ ਤੇਪਲਾ ਰੋਡ ਦੇ ਰਿਜ਼ੋਰਟ ਤੋਂ ਰਵਾਨਾ ਹੋਵੇਗਾ। ਪਿੰਡ ਬੂਟਾਸਿੰਘ ਵਾਲਾ ਦੇ ਸਰਪੰਚ ਭੂਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਇਲਾਕੇ ਦੇ ਸਮੁੱਚੇ ਪਿੰਡਾਂ ਵਿੱਚ ਭਾਰੀ ਉਤਸ਼ਾਹ ਹੈ। ਪਿੰਡ ਖਾਸਪੁਰ ਤੋਂ ਨੌਜਵਾਨ ਸਭਾ ਦੀ ਅਗਵਾਈ ਹੇਠ ਟਰੈਕਟਰ ਟਰਾਲੀ ਅੱਜ ਦਿੱਲੀ ਲਈ ਰਵਾਨਾ ਹੋਈ। ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਦੱਸਿਆ ਕਿ ਇੱਕ ਦੋ ਦਿਨਾਂ ਵਿੱਚ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਜਾਣਗੇ।
ਅੰਦੋਲਨ ਲਈ 50 ਹਜ਼ਾਰ ਦੀ ਰਾਸ਼ੀ ਭੇਟ: ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਬਜ਼ੁਰਗ ਸੀਪੀਐਮ ਆਗੂ ਮਾਸਟਰ ਕੇਸੀ ਸ਼ਰਮਾ ਅਤੇ ਇਸਤਰੀ ਸਭਾ ਦੀ ਸਾਬਕਾ ਸੂਬਾ ਸਕੱਤਰ ਤਾਰਾ ਸ਼ਰਮਾ ਨੇ ਪੰਜਾਬ ਕਿਸਾਨ ਸਭਾ ਜ਼ਿਲ੍ਹਾ ਪਟਿਆਲਾ ਨੂੰ ਕਿਸਾਨ ਅੰਦੋਲਨ ਲਈ ਅੱਜ 50 ਹਜ਼ਾਰ ਦੀ ਰਾਸ਼ੀ ਭੇਟ ਕੀਤੀ। ਕਿਸਾਨ ਆਗੂ ਚੌਧਰੀ ਮੁਹੰਮਦ ਸਦੀਕ ਬਨੂੜ ਦੇ ਘਰ ਸਾਦੇ ਸਮਾਗਮ ਵਿੱਚ ਪੰਜਾਬ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਖਾਸਪੁਰ ਨੇ ਉਨ੍ਹਾਂ ਕੋਲੋਂ ਇਹ ਰਾਸ਼ੀ ਹਾਸਲ ਕੀਤੀ ਤੇ ਸ਼ਰਮਾ ਜੋੜੀ ਦਾ ਧੰਨਵਾਦ ਕੀਤਾ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸਤਪਾਲ ਸਿੰਘ ਰਾਜੋਮਾਜਰਾ, ਜਗੀਰ ਸਿੰਘ ਹੰਸਾਲਾ, ਮੋਹਨ ਸਿੰਘ ਸੋਢੀ, ਕਾਮਰੇਡ ਪ੍ਰੇਮ ਸਿੰਘ ਘੜਾਮਾਂ, ਸਾਬਕਾ ਕੌਂਸਲਰ ਤਨਵੀਰ ਹੂਸੈਨ ਵੀ ਹਾਜ਼ਰ ਸਨ।
ਅੰਦੋਲਨ ਦੇ ਮੱਦੇਨਜ਼ਰ ਪੁਲੀਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ
ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਕਿਸਾਨਾਂ ਵੱਲੋ ਟਰੈਕਟਰ ਰੈਲੀ ਕਰਨ ਦੇ ਐਲਾਨ ਤੋਂ ਬਾਅਦ ਹਰਿਆਣਾ ਪੁਲੀਸ ਨੇ ਅਗਲੇ ਹੁਕਮਾਂ ਤੱਕ ਆਪਣੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪੁਲੀਸ ਅਨੁਸਾਰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰਾਜ ਵਿੱਚ ਐਮਰਜੈਂਸੀ ਛੁੱਟੀਆਂ ਨੂੰ ਛੱਡ ਕੇ ਬਾਕੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ| ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ 26 ਜਨਵਰੀ ਨੂੰ ਦਿੱਲੀ ਵਿਚ ਆਊਟਰ ਰਿੰਗ ਰੋਡ ’ਤੇ ਟਰੈਕਟਰ ਰੈਲੀ ਕਰਨਗੇ। ਪੁਲੀਸ ਨੂੰ ਕਾਨੂੰਨ ਵਿਵਸਥਾ ਦੇ ਵਿਗੜਨ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਸਾਨਾਂ ਨੂੰ ਟਰੈਕਟਰ ਰੈਲੀ ਨਾ ਕਰਨ ਲਈ ਕਿਹਾ ਹੈ। ਸਟੇਟ ਪੁਲੀਸ ਹੈੱਡਕੁਆਰਟਰ ਸੈਕਟਰ-6 ਨੇ ਛੁੱਟੀਆਂ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ।ਇਕ ਵੱਖਰੀ ਜਾਣਕਾਰੀ ਅਨੁਸਾਰ ਪੰਚਕੂਲਾ ਜ਼ਿਲ੍ਹੇ ਦੇ ਕਿਸਾਨ ਦਿੱਲੀ ਦੀ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣਗੇ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਅੱਜ ਟਰੈਕਟਰ ਰੈਲੀ ਕਰਨ ਤੋਂ ਬਾਅਦ ਚੰਡੀਮੰਦਰ ਟੋਲ ਪਲਾਜ਼ਾ ਅਤੇ ਬਰਵਾਲਾ-ਨੱਗਲ ਟੋਲ ਪਲਾਜ਼ਾ ’ਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਕਿਸਾਨ ਨੇਤਾ ਕਰਮ ਸਿੰਘ ਨੇ ਦੱਸਿਆ ਕਿ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਪੂਰੇ ਜ਼ਿਲ੍ਹੇ ਦੇ ਕਿਸਾਨ ਜੋਸ਼ ਵਿੱਚ ਹਨ। ਉਨ੍ਹਾਂ ਦੱਸਿਆ ਕਿ ਟਰੈਕਟਰ ਰੈਲੀ ਵਿੱਚ ਬੀਬੀਆਂ ਵੀ ਸ਼ਾਮਲ ਹੋਣਗੀਆਂ। ਦੋਹਾਂ ਟੌਲ ਪਲਾਜ਼ਿਆਂ ’ਤੇ ਕਿਸਾਨਾਂ ਦੇ ਨਾਲ ਮਹਿਲਾਵਾਂ ਵੀ ਧਰਨੇ ’ਤੇ ਬੈਠੀਆਂ ਹਨ ਅਤੇ ਟੌਲ ਪਲਾਜ਼ਿਆਂ ਨੂੰ ਟੋਲ-ਫਰੀ ਕਰਵਾਇਆ ਹੋਇਆ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune