ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 20 ਦਿਨਾਂ ਤੋਂ ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਨੇ ਆਪਣਾ ਰੁਖ਼ ਸਖ਼ਤ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਲੜਾਈ ਹੁਣ ਉਸ ਪੜਾਅ ’ਤੇ ਪੁੱਜ ਗਈ ਹੈ, ਜਿੱਥੇ ਉਹ ਇਸ ਨੂੰ ਹਰ ਹਾਲ ਜਿੱਤਣ ਲਈ ‘ਦ੍ਰਿੜ’ ਹਨ। ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਤੋਂ ਨਹੀਂ ਭੱਜ ਰਹੇ ਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਦਿਆਂ ਠੋੋੋਸ ਤਜਵੀਜ਼ਾਂ ਨਾਲ ਅੱਗੇ ਆਏ। ਉਨ੍ਹਾਂ ਕਿਹਾ ਕਿ ਸਰਕਾਰ ਜੇ ਕਾਨੂੰਨਾਂ ਨੂੰ ਰੱਦ ਨਾ ਕਰਨ ਲਈ ਬਜ਼ਿੱਦ ਹੈ, ਤਾਂ ਉਹ ਵੀ ਮੰਗ ਮੰਨਵਾ ਕੇ ਹੀ ਇਥੋਂ ਉੱਠਣਗੇ। ਆਗੂਆਂ ਨੇ ਭਲਕੇ ਬੁੱਧਵਾਰ ਨੂੰ ਦਿੱਲੀ ਤੇ ਨੌਇਡਾ ਦਰਮਿਆਨ ਚਿੱਲਾ ਬਾਰਡਰ ਨੂੰ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ‘ਸ਼ਹੀਦੀ’ ਪਾਉਣ ਵਾਲੇ ਕਿਸਾਨਾਂ ਨੂੰ 20 ਦਸੰਬਰ ਨੂੰ ਲੋਕ ਜ਼ਿਲ੍ਹਾ, ਤਹਿਸੀਲ ਤੇ ਪਿੰਡ ਪੱਧਰ ’ਤੇ ਸ਼ਰਧਾਂਜਲੀਆਂ ਦੇਣਗੇ। ਆਗੂਆਂ ਨੇ ਦੋਸ਼ ਲਾਇਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਪੰਜਾਬ ਤੇ ਹਰਿਆਣਾ ’ਚ ਫੁੱਟ ਪਾਉਣ ਲਈ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦਬਾਅ ਸਦਕਾ ਮੋਦੀ ਸਰਕਾਰ ਸਰਦ ਰੁੱਤ ਇਜਲਾਸ ਸੱਦਣ ਤੋਂ ਭੱਜ ਗਈ ਹੈ ਤੇ ਕਿਸੇ ਵੀ ਕਿਸਾਨ ਦੀ ਮੌਤ ਕਰੋਨਾ ਕਰਕੇ ਨਹੀਂ ਹੋਈ
ਸਿੰਘੂ ਬਾਰਡਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ‘ਸਰਕਾਰ ਦਾ ਕਹਿਣਾ ਹੈ ਕਿ ‘ਅਸੀਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਵਾਂਗੇ, ਅਸੀਂ ਕਹਿ ਰਹੇ ਹਾਂ ਕਿ ਅਜਿਹਾ ਕਰਨ ਲਈ ਮਜਬੂਰ ਕਰ ਦੇਵਾਂਗੇ। ਲੜਾਈ ਹੁਣ ਉਸ ਪੜਾਅ ’ਤੇ ਪੁੱਜ ਗਈ ਹੈ, ਜਿੱਥੇ ਅਸੀਂ ਹਰ ਹਾਲ ਜਿੱਤਣ ਲਈ ਦ੍ਰਿੜ੍ਹ ਹਾਂ।’ ਕਿਸਾਨ ਆਗੂ ਨੇ ਕਿਹਾ, ‘ਅਸੀਂ ਗੱਲਬਾਤ ਤੋਂ ਨਹੀਂ ਭੱਜ ਰਹੇ ਕਿਉਂਕਿ ਹਰ ਮਸਲੇ ਦਾ ਹੱਲ ਸੰਵਾਦ ਰਾਹੀਂ ਹੀ ਨਿਕਲਦਾ ਹੈ, ਪਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦਿੰਦਿਆਂ ਠੋਸ ਤਜਵੀਜ਼ਾਂ ਲੈ ਕੇ ਆਏ। ਪਹਿਲੇ ਦਿਨ ਹੀ ਸਰਕਾਰ ਨੂੰ ਮੰਗਾਂ ਸਬੰਧੀ ਚਾਰਟਰ ਦਿੱਤਾ ਸੀ, ਤੇ ਜੇ ਸਰਕਾਰ ਚਾਹੁੰਦੀ ਹੈ ਤਾਂ ਲਿਖਤ ਵਿੱਚ ਵੀ ਭੇਜ ਦਿਆਂਗੇ।’ ਉਨ੍ਹਾਂ ਸਾਫ਼ ਕਰ ਦਿੱਤਾ ਕਿ ਕਰੋਨਾ ਕਾਰਨ ਕਿਸੇ ਵੀ ਕਿਸਾਨ ਦੀ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਦੀਆਂ ਤਸਵੀਰਾਂ ਪਿੰਡ-ਪਿੰਡ ਜਾਣਗੀਆਂ ਤਾਂ ਅੰਦੋਲਨ ਹੋਰ ਤੇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਬਣਾਏ ਦਬਾਅ ਕਰਕੇ ਹੀ ਸਰਕਾਰ ਸਰਦ ਰੁੱਤ ਇਜਲਾਸ ਸੱਦਣ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਿੱਦ ਮਜਬੂਰੀ ਵੀ ਹੈ। ਇਸ ਦੌਰਾਨ ਕੁਝ ਹੋਰਨਾਂ ਆਗੂਆਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਨੂੰ 20 ਦਸੰਬਰ ਨੂੰ ਸ਼ਰਧਾਂਜਲੀਆਂ ਦੇਣ। ਫਰੀਦਾਬਾਦ ਤੋਂ ਕਿਸਾਨ ਆਗੂ ਰਿਸ਼ੀਪਾਲ ਅੰਬਾਵਤਾ ਨੇ ਕਿਹਾ ਕਿ ਨਵੰਬਰ ਦੇ ਆਖਰੀ ਹਫ਼ਤੇ ਸ਼ੁਰੂ ਹੋਏ ਸੰਘਰਸ਼ ਦੌਰਾਨ ਹੁਣ ਤੱਕ ਔਸਤ ਇਕ ਕਿਸਾਨ ਦੀ ਰੋਜ਼ਾਨਾ ਮੌਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਲੋਕ ਅੰਦੋਲਨ ਹੈ, ਪਰ ਸਰਕਾਰ ਇਸ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਇਕ ਹੋਰ ਕਿਸਾਨ ਆਗੂ ਨੇ ਕਿਹਾ, ‘ਮੌਜੂਦਾ ਕਿਸਾਨ ਅੰਦੋਲਨ ਦੌਰਾਨ ਜਾਨ ਗੁਆ ਕੇ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ 20 ਦਸੰਬਰ ਨੂੰ ਦੇਸ਼ ਭਰ ਦੇ ਪਿੰਡਾਂ ਤੇ ਤਹਿਸੀਲ ਹੈੱਡਕੁਆਰਟਰਾਂ ’ਤੇ ਸਵੇਰੇ 11 ਤੋਂ 1 ਵਜੇ ਤੱਕ ਸ਼ਰਧਾਂਜਲੀ ਦਿਹਾੜਾ ਮਨਾਇਆ ਜਾਵੇਗਾ।’
ਮਹਾਰਾਸ਼ਟਰ ਤੋਂ ਆਏ ਇਕ ਕਿਸਾਨ ਆਗੂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਪਹਿਲਾਂ ਹੀ ਕਿਸਾਨਾਂ ਦੇ ਮੌਤ ਦੇ ਵਾਰੰਟ ਕਰਾਰ ਦਿੱਤਾ ਗਿਆ ਸੀ। ਹੁਣ ਰੋਜ਼ਾਨਾ ਔਸਤ ਇੱਕ ਕਿਸਾਨ ਦੀ ਮੌਤ ਹੋਣ ਕਾਰਨ ਪਤਾ ਨਹੀਂ ਕੇਂਦਰ ਸਰਕਾਰ ਨੇ ਅਡਾਨੀ ਤੇ ਅੰਬਾਨੀ ਨਾਲ ਕਿੰਨੇ ਕਿਸਾਨਾਂ ਦੀ ਮੌਤ ਦਾ ਸੌਦਾ ਕੀਤਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ’ਚ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਗੁੰਮਰਾਹ ਹੋਏ ਆਖਣ ਵਾਲੇ ਪ੍ਰਧਾਨ ਮੰਤਰੀ ਖ਼ੁਦ ਭਰਮ ’ਚ ਹਨ। ਆਲ ਇੰਡੀਆ ਕਿਸਾਨ ਸਭਾ ਦੇ ਆਗੂ ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਏਕੇ ਤੋਂ ਘਬਰਾਈ ਸਰਕਾਰ ਹੁਣ ਫੁੱਟ ਪਾਉਣ ’ਚ ਲੱਗੀ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਕਿਸਾਨ ਯੂਨੀਅਨਾਂ ਇਕਜੁੱਟ ਹਨ। ਯੂਪੀ ਦੇ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਸਰਕਾਰ ਇਕ ਪਾਸੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾ ਰਹੀ ਹੈ ਜਦੋਂਕਿ ਦੂਜੇ ਪਾਸੇ ਫਿੱਕੀ ਦੀ ਸਭਾ ਨੂੰ ਸੰਬੋਧਨ ’ਚ ਖੇਤੀ ਖੇਤਰ ਕਾਰਪੋਰੇਟ ਨੂੰ ਖੋਲ੍ਹਣ ਦੀ ਗੱਲ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਡੇ ’ਚੋਂ ਹੀ ਉੱਠੇ ਪ੍ਰਧਾਨ ਮੰਤਰੀ ਕੋਲ ਕਿਸਾਨਾਂ ਨਾਲ ਗੱਲ ਕਰਨ ਦਾ ਸਮਾਂ ਨਹੀਂ। ਉਨ੍ਹਾਂ ਕਿਹਾ ਕਿ ਨੋਇਡਾ-ਦਿੱਲੀ ਮਾਰਗ ਭਲਕੇ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune