ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ’ਚ ਰੋਸ ਰੈਲੀ

January 11 2021

ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਪਿੰਡ ਭਾਂਖਰਪੁਰ ਵਾਸੀਆਂ ਵੱਲੋਂ ਅੱਜ ਦਿੱਲੀ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੇ ਹੱਕ ਵਿੱਚ ਰੋਸ ਰੈਲੀ ਕੱਢੀ। ਕੜਾਕੇ ਦੀ ਠੰਢ ਦੇ ਬਾਵਜੂਦ ਅੱਜ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਇਸ ਰੈਲੀ ਵਿੱਚ ਹਿੱਸਾ ਲਿਆ। ਪਿੰਡ ਵਾਸੀਆਂ ਵੱਲੋਂ ਹੱਥ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਤਖ਼ਤੀਆਂ ਫੜ ਕੇ ਜੰਮਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿੱਟ ਸਿਆਪਾ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੜਿਅਲ ਰਵੱਈਆ ਦਿਖਾ ਰਹੇ ਹਨ ਜਦਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਹੀ ਕਿਸਾਨ ਹਨ ਜਿਨ੍ਹਾਂ ਨੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਹੈ।

ਬਨੂੜ ਖੇਤਰ ਦੇ ਪਿੰਡਾਂ ਵਿੱਚੋਂ ਇਨੀਂ ਦਿਨੀਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਦਿੱਲੀ ਦੇ ਸਿੰਘੂ ਬਾਰਡਰ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਪਿੰਡ ਬਠਲਾਣਾ ਦੀ ਪਿੰਡ ਸੁਧਾਰ ਸੁਸਾਇਟੀ ਦੇ ਕਾਰਕੁਨਾਂ ਦੀ ਅਗਵਾਈ ਵਿੱਚ ਇੱਕ ਟਰਾਲੀ ਵਿੱਚ ਔਰਤਾਂ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ। ਪਿੰਡ ਜੰਗਪੁਰਾ ਤੋਂ ਮਹਿਲਾਵਾਂ ਨੇ ਵੱਡੀ ਪੱਧਰ ਉੱਤੇ ਦਿੱਲੀ ਪਹੁੰਚ ਕੇ ਆਪਣੇ ਪਿੰਡ ਦੇ ਵਸਨੀਕਾਂ ਵੱਲੋਂ ਲਗਾਏ ਗਏ ਲੰਗਰਾਂ ਦੀ ਸੇਵਾ ਸਾਂਭ ਲਈ ਹੈ। ਹੋਰਨਾਂ ਕਈ ਪਿੰਡਾਂ ਦੀਆਂ ਔਰਤਾਂ ਦਾ ਇੱਕ ਜਥਾ ਅੱਜ ਇੱਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿੱਚੋਂ ਰਵਾਨਾ ਹੋਇਆ। ਇਸੇ ਤਰ੍ਹਾਂ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਕਿਸਾਨਾਂ ਦਾ ਧਰਨਾ 91ਵੇਂ ਦਿਨ ਵੀ ਜਾਰੀ ਰਿਹਾ। ਕੜਾਕੇ ਦੀ ਠੰਢ ਦੇ ਬਾਵਜੂਦ ਇੱਥੇ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਅਤੇ ਕਿਸਾਨ ਧਰਨੇ ਵਿੱਚ ਡਟੇ ਹੋਏ ਹਨ।

ਸਾਹਿਤ ਸਭਾ ਚਮਕੌਰ ਸਾਹਿਬ ਦੀ ਇਕੱਤਰਤਾ ਪ੍ਰਧਾਨ ਸੁਰਜੀਤ ਮੰਡ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੀ ਨੇ ਦੱਸਿਆ ਕਿ ਮੀਟਿੰਗ ਦੀ ਸ਼ੁਰੂਆਤ ਕਿਸਾਨ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਮੌਨ ਧਾਰ ਕੇ ਦਿੱਤੀ ਸ਼ਰਧਾਂਜਲੀ ਮਗਰੋਂ ਹੋਈ। ਇਕੱਤਰਤਾ ’ਚ ਗੁਰਵਿੰਦਰ ਮਾਵੀ, ਪ੍ਰਿੰਸੀਪਲ ਅਮਰਜੀਤ ਸਿੰਘ ਮਾਵੀ, ਧਰਮਿੰਦਰ ਸਿੰਘ ਭੰਗੂ, ਯਾਦੀ ਕੰਧੋਲਾ, ਰਾਬਿੰਦਰ ਸਿੰਘ ਰੱਬੀ ਤੇ ਸੁਰਜੀਤ ਮੰਡ ਨੇ ਰਚਨਾਵਾਂ ਪੇਸ਼ ਕੀਤੀਆਂ।

ਇਸੇ ਦੌਰਾਨ ਦਿੱਲੀ ਦੀ ਸਰਹੱਦ ’ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਸਮਾਜ-ਸੇਵੀ ਜਸਬੀਰ ਸਿੰਘ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਹ ਕਾਨੂੰਨ ਜਲਦ ਵਾਪਸ ਨਹੀਂ ਲਏ ਤਾਂ ਉਹ ਆਪਣੇ ਸਾਥੀਆਂ ਸਮੇਤ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ 8 ਦੇ ਕਰੀਬ ਮੀਟਿੰਗਾਂ ਹੋਈਆਂ ਹਨ, ਜੋ ਕਿ ਬੇਸਿਟਾਂ ਰਹੀਆਂ ਹਨ।

ਪੰਚਕੂਲਾ ਦੇ ਚੰਡੀਮੰਦਰ ਟੌਲ ਪਲਾਜ਼ਾ ਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਵੀ ਧਰਨਾ ਜਾਰੀ ਰਿਹਾ। ਵਾਹਨ ਟੌਲ ਪਲਾਜ਼ਾ ਤੋਂ ਬਿਨਾਂ ਟੌਲ ਦਿੱਤੇ ਆਉਂਦੇ-ਜਾਂਦੇ ਰਹੇ। ਉੱਥੇ ਹੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਨਵਾਂਗਰਾਓਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਬਹੁਤ ਸਾਰੇ ਕਿਸਾਨਾਂ ਨੂੰ ਜੋੜਿਆ ਜਾਵੇਗਾ। ਅੱਜ ਭਾਰਤੀ ਕਿਸਾਨ ਯੂਨੀਅਨ ਦੇ ਕਈ ਆਗੂ ਟੌਲ ਪਲਾਜ਼ਾ ’ਤੇ ਪਹੁੰਚੇ ਤੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕੀਤਾ। ਯੂਨੀਅਨ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਤੇ ਯੂਨੀਅਨ ਦੇ ਮੈਂਬਰਾਂ ਨੇ ਲੋਕਾਂ ਨੂੰ ਕਾਨੂੰਨਾਂ ਦੀਆਂ ਖਾਮੀਆਂ ਦੱਸੀਆਂ। ਇਸ ਤੋਂ ਇਲਾਵਾ ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤੱਦ ਤੱਕ ਟੋਲ ਪਲਾਜ਼ਾ ਤੇ ਲਗਾਤਾਰ ਧਰਨਾ ਜਾਰੀ ਰਹੇਗਾ।

ਹਲਕਾ ਬਸੀ ਪਠਾਣਾਂ ਦੇ ‘ਆਪ’ ਆਗੂਆਂ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੰਤੋਖ ਸਿੰਘ ਸਲਾਣਾ ਤੇ ਹੋਰਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪਾਰਟੀ ਵੱਲੋਂ ਲੋਹੜੀ ਲਈ ਬੈਨਰ ਜਾਰੀ ਕੀਤਾ ਗਿਆ। ਹਾਜ਼ਰ ਆਗੂਆਂ ਨੇ ਇੱਕ ਅਵਾਜ਼ ਵਿੱਚ ਕਿਹਾ ਕਿ ਇਸ ਵਾਰ ‘ਆਪ’ ਵੱਲੋਂ ਲੋਹੜੀ ਦਾ ਤਿਉਹਾਰ ਦਿੱਲੀ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਨਾਮ ਹੋਵੇਗਾ।

ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ’ਚ ਜਿੱਥੇ ਕਿਸਾਨੀ ਝੰਡੇ ਹੇਠ ਆਮ ਆਦਮੀ ਪਾਰਟੀ ਨਿਰੰਤਰ ਆਪਣਾ ਯੋਗਦਾਨ ਪਾ ਰਹੀ ਹੈ, ਉੱਥੇ ਹੀ ਲੋਹੜੀ ਦੇ ਤਿਉਹਾਰ ਮੌਕੇ ‘ਆਪ’ ਦੇ ਸੱਦੇ ’ਤੇ ਸਮੁੱਚੇ ਪੰਜਾਬ ਅੰਦਰ ਤਿੰਨੇ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ ਚੱਢਾ ਨੇ ਬਲਾਕ ਨੂਰਪੁਰ ਬੇਦੀ ਤੇ ਤਖ਼ਤਗੜ੍ਹ ਦੀਆਂ ਇਕਾਈਆਂ ਦੀ ਮੀਟਿੰਗ ਮਗਰੋਂ ਕੀਤਾ। ਉਧਰ ਕਿਸਾਨਾਂ ਨੇ ਨੱਗਲ ਟੌਲ ਪਲਾਜ਼ਾ ਵੀ ਆਵਾਜਾਈ ਲਈ ਟੌਲ ਮੁਫ਼ਤ ਰੱਖਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਸੈਕਟਰੀ ਲੱਛੀ ਰਾਮ ਨੇ ਕਿਹਾ ਕਿ ਇਹ ਅੰਦੋਲਨ ਹੁਣ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ ਬਲਕਿ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ। ਇਸ ਅੰਦੋਲਨ ਨੂੰ ਸਾਰੇ ਵਰਗਾਂ ਦੇ ਲੋਕ ਸਮਰਥਨ ਕਰ ਰਹੇ ਹਨ। ਧਰਨੇ ਦੇ ਦੌਰਾਨ ਕਿਸਾਨ ਨੇਤਾਵਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਪਿੰਡ ਪਿੰਡ ਜਾ ਕੇ ਇਸ ਕਾਨੂੰਨ ਦੀਆਂ ਖਾਮੀਆਂ ਕਿਸਾਨਾਂ ਨੂੰ ਦੱਸਣਗੇ ਤਾਂ ਜੋਂ ਕਿਸਾਨ ਇਸ ਕਾਨੂੰਨ ਨੂੰ ਵੱਧ ਤੋਂ ਵੱਧ ਸਮਰਥਨ ਦੇਣ।

ਕੁੰਡਲੀ ਬਾਰਡਰ ’ਤੇ ਕਿਸਾਨਾਂ ਨੂੰ ਜੈਕਟਾਂ ਵੰਡੀਆਂ

ਐੱਸਐੱਮਓ ਡਾ. ਮਨੋਹਰ ਸਿੰਘ ਜਨਰਲ ਸਕੱਤਰ ਪੀਸੀਐੱਮਐੱਸ ਪੰਜਾਬ ਦੀ ਅਗਵਾਈ ਹੇਠ ਸਾਡੀ ਸਾਂਝ ਸਮਾਜਸੇਵੀ ਸੰਸਥਾ ਨੇ ਦਿੱਲੀ ਧਰਨੇ ਦੌਰਾਨ ਡਟੇ ਹੋਏ ਕਿਸਾਨਾਂ ਨੂੰ ਕੁੰਡਲੀ ਬਾਰਡਰ ’ਤੇ ਗਰਮ ਜੈਕਟਾਂ ਵੰਡੀਆਂ ਗਈਆਂ। ਇਸ ਮੌਕੇ ਡਾ. ਮਨੋਹਰ ਨੇ ਦੱਸਿਆ ਕਿ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਵਾਲਿਆਂ ਦੀ ਯਾਦ ਵਿੱਚ ਡਾ. ਗੁਰਪ੍ਰੀਤ ਸਿੰਘ ਯੂਐੱਸਏ ਤੇ ਉਨ੍ਹਾਂ ਦੇ ਪਰਿਵਾਰ ਨੇ ਗਰਮ ਜੈਕਟਾਂ ਦੀ ਸੇਵਾ ਵਿੱਚ ਸਹਿਯੋਗ ਦਿੱਤਾ। ਜੰਗਵੀਰ ਸਿੰਘ ਚੋਹਾਨ ਸੀਨੀਅਰ ਮੀਤ ਪ੍ਰਧਾਨ ਦੁਆਬਾ ਕਿਸਾਨ ਕਮੇਟੀ (ਰਜਿ) ਪੰਜਾਬ ਨੇ ਕੁੰਡਲੀ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਸਾਡੀ ਸਾਂਝ ਸੰਸਥਾ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਰਹਿ ਕੇ ਗਰਮ ਜੈਕਟਾ ਵੰਡਵਾਈਆਂ। ਜੈਕਟਾਂ ਵੰਡਣ ਵੇਲੇ ਅਮਰਜੀਤ ਸਿੰਘ ਰੜਾ ਅਤੇ ਬੱਬੂ ਕਰਾਲਾ ਵੀ ਨਾਲ ਮੌਜੂਦ ਰਹੇ। ਡਾ. ਮਨੋਹਰ ਸਿੰਘ ਨੇ ਦੱਸਿਆ ਕੁੰਡਲੀ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਦੀ ਸਿਹਤ ਜਾਂਚ ਵੀ ਕੀਤੀ ਗਈ ਤੇ ਤੰਦਰੁਸਤ ਰਹਿਣ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

ਸੈਣੀ ਭਵਨ ਦਾ ਵਫ਼ਦ ਸਿੰਘੂ ਬਾਰਡਰ ਪੁੱਜਿਆ

ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਸੈਣੀ ਭਵਨ ਰੂਪਨਗਰ ਦੀ ਪ੍ਰਬੰਧਕੀ ਕਮੇਟੀ ਦਾ ਵਫ਼ਦ ਕਿਸਾਨ ਮੰਗਾਂ ਦਾ ਝੰਡਾਂ ਲਗਾ ਕੇ ਸਿੰਘੂ ਬਾਰਡਰ ਪੁੱਜਿਆ। ਉਨ੍ਹਾਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਨਾਅਰੇ ਲਗਾਏ ਤੇ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਲਈ ਕਾਮਨਾ ਕੀਤੀ। ਉਨ੍ਹਾਂ ਸੰਸਥਾ ਵੱਲੋਂ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਸੰਘਰਸ਼ੀ ਕਿਸਾਨਾਂ ਲਈ ਮੂੰਗਫਲੀ, ਰਿਓੜੀਆਂ ਸਮੇਤ ਟੂੱਥਪੇਸਟ ਤੇ ਪੁਸਤਕਾਂ ਦਾ ਯੋਗਦਾਨ ਪਾਇਆ। ਵਫ਼ਦ ਵਿੱਚ ਸ਼ਾਮਲ ਮੈਂਬਰਾਂ ਨੇ ਸਿੰਘੂ ਤੋਂ ਦੱਸਿਆ ਕਿ ਕਿਸਾਨ ਆਪਣੀ ਮੰਗ ਨੂੰ ਪੂਰਾ ਕਰਵਾਉਣ ਲਈ ਪੂਰੀ ਸਿਦਕ ਨਾਲ ਡੱਟੇ ਹਨ। ਵਫ਼ਦ ਵਿੱਚ ਸੰਸਥਾ ਦੇ ਚੇਅਰਮੈਨ ਡਾ. ਅਜਮੇਰ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰ ਗੁਰਮੁੱਖ ਸਿੰਘ ਸੈਣੀ, ਦੇਵਿੰਦਰ ਸਿੰਘ ਜਟਾਣਾ, ਰਾਜਿੰਦਰ ਸਿੰਘ ਗਿਰਨ, ਅਮਰਜੀਤ ਸਿੰਘ, ਪ੍ਰਦਮਨ ਸਿੰਘ, ਜਗਦੇਵ ਸਿੰਘ, ਹਰਦੀਪ ਸਿੰਘ, ਦਲਜੀਤ ਸਿੰਘ ਸ਼ਾਮਲ ਸਨ। ਵਫ਼ਦ ਦੇ ਮੈਂਬਰਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune