ਖਾਦ ਦੀ ਕਾਲਾਬਾਜ਼ਾਰੀ ਤੇ ਬਾਹਰੋਂ ਆਉਂਦੇ ਝੋਨੇ ਖ਼ਿਲਾਫ਼ ਧਰਨਾ

October 16 2020

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਾਤੜਾਂ ਸ਼ਹਿਰ ਦੇ ਕੁੱਝ ਵਪਾਰੀਆਂ ਵੱਲੋਂ ਖਾਦ ਦੀ ਕਾਲਾਬਾਜ਼ਾਰੀ ਦੇ ਨਾਲ ਨਾਲ ਉੱਤਰ ਪ੍ਰਦੇਸ਼ ਤੋਂ ਸਸਤਾ ਝੋਨਾ ਲਿਆ ਕੇ ਪਾਤੜਾਂ ਤੇ ਘੱਗਾ ਦੀ ਅਨਾਜ ਮੰਡੀ ਵਿੱਚ ਸਰਕਾਰੀ ਭਾਅ ਉੱਤੇ ਵੇਚੇ ਜਾਣ ਖ਼ਿਲਾਫ਼ ਪਾਤੜਾਂ ਪਟਿਆਲਾ ਰੋਡ ਉੱਤੇ ਰਿਲਾਇੰਸ ਪੰਪਾਂ ਅੱਗੇ ਦਿੱਤਾ ਜਾ ਰਿਹਾ ਧਰਨਾ ਭਖਿਆ ਰਿਹਾ। ਇਕੱਤਰ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਖਾਦ ਦੀ ਕਾਲਾਬਾਜ਼ਾਰੀ ਤੇ ਉੱਤਰ ਪ੍ਰਦੇਸ਼ ਤੋਂ ਜੀਰੀ ਲਿਆ ਕੇ ਸਰਕਾਰੀ ਭਾਅ ਤੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਤਿੱਖਾ ਸੰਘਰਸ਼ ਲੜ ਰਹੀਆਂ ਹਨ ਤਾਂ ਕੁਝ ਜਮ੍ਹਾਂਖੋਰ ਕਿਸਾਨਾਂ ਨੂੰ ਮਹਿੰਗੇ ਭਾਅ ਖਾਦ ਵੇਚ ਕੇ ਕਿਸਾਨਾਂ ਦਾ ਗਲਾ ਘੁੱਟਣ ਦੇ ਨਾਲ ਨਾਲ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ਝੋਨਾ ਲਿਆ ਕੇ ਸ਼ੈਲਰਾਂ ’ਚ ਉਤਾਰਨ ਮਗਰੋਂ ਸਰਕਾਰੀ ਭਾਅ ’ਤੇ ਵੇਚ ਕੇ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਤੇ ਐੱਸਡੀਐੱਮ ਪਾਤੜਾਂ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਕਿਸੇ ਵਪਾਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਿਹੀ।

ਸ਼ਹਿਰ ਵਿੱਚ ਖਾਦ ਦੀ ਕਾਲਾਬਾਜ਼ਾਰੀ ਨਹੀਂ: ਐੱਸਡੀਓ ਪਾਤੜਾਂ

ਐੱਸਡੀਐੱਮ ਪਾਤੜਾਂ ਪਾਲਿਕਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਖਾਦ ਦੀ ਕਾਲਾਬਾਜ਼ਾਰੀ ਸਬੰਧੀ ਖੇਤੀਬਾੜੀ ਅਫ਼ਸਰ ਰਾਹੀਂ ਪੜਤਾਲ ਕਰਵਾ ਲਈ ਹੈ ਪਰ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਹੈ ਕਿ ਉੱਤਰ ਪ੍ਰਦੇਸ਼ ਤੋਂ ਹੋਣ ਵਾਲੀ ਜੀਰੀ ਉੱਤੇ ਪ੍ਰਸ਼ਾਸਨ ਤਿੱਖੀ ਨਜ਼ਰ ਰੱਖ ਰਿਹਾ ਹੈ। ਹੁਣ ਤੱਕ ਪਾਤੜਾਂ ਦੀ ਅਨਾਜ ਮੰਡੀ ਤੇ ਕਿਸੇ ਵੀ ਸ਼ੈਲਰ ’ਚ ਕੋਈ ਟਰੱਕ ਨਹੀਂ ਉਤਰਿਆ। ਸੜਕ ’ਤੇ ਜਾਂਦੇ ਕੁਝ ਝੋਨੇ ਦੇ ਭਰੇ ਟਰੱਕ ਕਾਬੂ ਕੀਤੇ ਹਨ ਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune