ਕੇਂਦਰ ਸਰਕਾਰ ਦੀ ਥਕਾਉਣ ਦੀ ਨੀਤੀ ਨੂੰ ਭਾਂਪ ਚੁੱਕੇ ਕਿਸਾਨ ਹੁਣ ਕੁਦਰਤ ਨਾਲ ਵੀ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ। ਉਹ ਤਿੰਨ ਦਿਨਾਂ ਤੋਂ ਲੱਗੀ ਝੜੀ ਦੌਰਾਨ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ’ਤੇ ਧਰਨਿਆਂ ਉਪਰ ਡਟੇ ਹੋਏ ਹਨ। ਅੱਜ ਵੀ ਦਿਨ ਵੇਲੇ ਰੁਕ-ਰੁਕ ਕੇ ਕਿਣਮਿਣ ਹੁੰਦੀ ਰਹੀ। ਇਸ ਲਈ ਸੰਯੁਕਤ ਮੋਰਚੇ ਦੇ ਵਾਲੰਟੀਅਰਾਂ ਨੇ ਵਰ੍ਹਦੇ ਮੀਂਹ ਦੌਰਾਨ ਕਿਸਾਨਾਂ ਨੂੰ ਟਰਾਲੀਆਂ ਤੱਕ ਲੰਗਰ ਪੁੱਜਦਾ ਕੀਤਾ। 40 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ਉਪਰ ਡੇਰੇ ਲਾ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਇਸ ਤੋਂ ਭਾਰੀ ਮੀਂਹ ਪਿੰਡਿਆਂ ਉਪਰ ਹੰਢਾਏ ਹੋਏ ਹਨ। ਕਿਸਾਨ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਤਰਪਾਲਾਂ ਦੇ ਪ੍ਰਬੰਧ ਕੀਤੇ ਗਏ ਹਨ। ਹਰਜੀਤ ਸਿੰਘ ਰਾਹੀ ਮੁਤਾਬਕ ਸਮਾਜਸੇਵੀ ਸੰਸਥਾਵਾਂ ਹਰ ਸੰਭਵ ਮਦਦ ਕਰ ਰਹੀਆਂ ਹਨ ਤਾਂ ਜੋ ਕਿਸਾਨ ਡਟੇ ਰਹਿਣ ਅਤੇ ਕੇਂਦਰ ਸਰਕਾਰ ਨੂੰ ਅਹਿਸਾਸ ਕਰਵਾਇਆ ਜਾਵੇ ਕਿ ਕਿਸਾਨ ਲੰਬੀ ਲੜਾਈ ਦੀ ਤਿਆਰੀ ਕਰਕੇ ਆਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹੇਮਕੁੰਡ ਫਾਊਂਡੇਸ਼ਨ, ਖਾਲਸਾ ਏਡ ਸਮੇਤ ਤਾਰਾ ਫੀਡ ਦੇ ਜਸਵੰਤ ਸਿੰਘ ਗੱਜਣਮਾਜਰਾ ਤੇ ਹੋਰ ਸਮਾਜ ਸੇਵੀਆਂ ਵੱਲੋਂ ਮੀਂਹ ਦੇ ਬਚਾਅ ਲਈ ‘ਵਾਟਰ ਪਰੂਫ’ ਟੈਂਟ ਮੁਹੱਈਆ ਕਰਵਾਏ ਗਏ ਹਨ। ਪਹਿਲੀ ਜਨਵਰੀ ਤੋਂ ਮੌਸਮ ਦਾ ਮਿਜਾਜ਼ ਵਿਗੜਿਆ ਹੋਇਆ ਹੈ, ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਲਈ ਬਜਿੱਦ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune