ਕਿਸਾਨ ਜਥੇਬੰਦੀਆਂ ਦੇ ਜਾਣ ਮਗਰੋਂ ਚਿੱਲਾ ਬਾਰਡਰ ਤੇ ਅੰਦੋਲਨ ਖਤਮ, 58 ਦਿਨ ਬਾਅਦ ਖੁੱਲ੍ਹਾ ਰਾਹ

January 28 2021

26 ਜਨਵਰੀ ਨੂੰ ਰਾਜਧਾਨੀ ਦਿੱਲੀ ਚ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਹੁਣ ਕਈ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਤੋਂ ਆਪਣੇ ਪੈਰ ਪਿੱਛੇ ਹਟਾ ਲਏ ਹਨ। ਭਾਰਤੀ ਕਿਸਾਨ ਯੂਨੀਅਨ ਦੇ ਦੋ ਗੁੱਟ ਖੇਤੀ ਕਾਨੂੰਨਾਂ ਨੂੰ ਲੈਕੇ ਚੱਲ ਰਹੇ ਅੰਦੋਲਨ ਨਾਲ ਵੱਖ ਹੋ ਗਏ ਹਨ। ਜਿਸ ਤੋਂ ਬਾਅਦ ਦਿੱਲੀ-ਨੌਇਡਾ ਦੇ ਚਿੱਲਾ ਬਾਰਡਰ ਤੇ ਅੰਦੋਲਨ ਖਤਮ ਹੋ ਗਿਆ ਹੈ। ਚਿੱਲਾ ਬਾਰਡਰ ਦਾ ਇਹ ਰਾਹ 58 ਦਿਨ ਤੋਂ ਬੰਦ ਸੀ, ਜੋ ਹੁਣ ਖੋਲ੍ਹ ਦਿੱਤਾ ਗਿਆ ਹੈ।

ਕੌਮੀ ਕਿਸਾਨ ਮਜਦੂਰ ਸੰਗਠਨ ਦੇ ਮੁਖੀ ਵੀਐਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਮੌਜੂਦਾ ਅੰਦੋਲਨ ਤੋਂ ਵੱਖ ਹੋ ਰਹੀ ਹੈ। ਕਿਉਂਕਿ ਉਹ ਅਜਿਹੇ ਵਿਰੋਧ ਪ੍ਰਦਰਸ਼ਨ ਚ ਅੱਗੇ ਨਹੀਂ ਵਧ ਸਕਦੇ ਜਿੱਥੇ ਕੁਝ ਲੋਕਾਂ ਦੀ ਦਿਸ਼ਾ ਵੱਖਰੀ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਦਿੱਲੀ ਚ ਗਣਤੰਤਰ ਦਿਵਸ ਮੌਕੇ ਜੋ ਹੋਇਆ ਉਸ ਤੋਂ ਉਹ ਕਾਫੀ ਦੁਖੀ ਹਨ ਤੇ ਉਨ੍ਹਾਂ ਦੀ ਯੂਨੀਅਨ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ।

ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਅੰਦੋਲਨ ਖਤਮ ਕਰਨ ਤੇ ਕਿਸਾਨ ਲੀਡਰ ਦਰਸ਼ਨਪਾਲ ਸਿੰਘ ਨੇ ਕਿਹਾ, ਜਿਹੜੇ ਕਿਸਾਨ ਸੰਗਠਨਾਂ ਨੇ ਕੱਲ੍ਹ ਦੀ ਹਿੰਸਾ ਤੋਂ ਬਾਅਦ ਆਪਣਾ ਅੰਦੋਲਨ ਖਤਮ ਕਰ ਦਿੱਤਾ ਹੈ ਉਹ ਚੰਗੀ ਗੱਲ ਨਹੀਂ ਹੈ। ਕੱਲ੍ਹ ਦੀ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਝਟਕਾ ਲੱਗਾ ਹੈ। ਅਸੀਂ ਸਵੈ-ਚਿੰਤਨ ਕਰਾਂਗੇ। ਹੁਣ ਸਾਨੂੰ ਲੋਕਾਂ ਨੂੰ ਦੁਬਾਰਾ ਤੋਂ ਇਕੱਠਾ ਕਰਨਾ ਪਵੇਗਾ। ਕੱਲ੍ਹ ਜੋ ਹੋਇਆ ਉਸ ਦੀ ਅਸੀਂ ਨੈਤਿਕ ਜ਼ਿੰਮੇਵਾਰੀ ਲਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live