ਕਿਸਾਨ ਆਗੂਆਂ ਵੱਲੋਂ ਭੁੱਖ ਹੜਤਾਲ ਅੱਜ

December 14 2020

ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ 26 ਨਵੰਬਰ ਤੋਂ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਪੱਕੇ ਮੋਰਚੇ ਲਾ ਕੇ ਡਟੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨਾਂ ਵੱਲੋਂ ਭਲਕੇ 14 ਦਸੰਬਰ ਨੂੰ ਇਕ ਰੋਜ਼ਾ ਭੁੱਖ ਹੜਤਾਲ ਕੀਤੀ ਜਾਵੇਗੀ ਜਦੋਂਕਿ ਧਰਨੇ ਪਹਿਲਾਂ ਮਿੱਥੇ ਮੁਤਾਬਕ ਹੀ ਚੱਲਦੇ ਰਹਿਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਕਾਲਤ ਕਰ ਰਹੀਆਂ ਤੇ ਅੰਦਰਖਾਤੇ ਸਰਕਾਰ ਨਾਲ ਹੱਥ ਮਿਲਾਉਣ ਵਾਲੀਆਂ ਇੱਕਾ ਦੁੱਕਾ ਜਥੇਬੰਦੀਆਂ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਕਿਸਾਨ ਅੰਦੋਲਨ ਨੂੰ ਵਾਪਸ ਲੈਣ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੱਲਬਾਤ ਦੀ ਪੇਸ਼ਕਸ਼ ਕਰਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਬਾਰੇ ਫੈਸਲਾ ਕਰੇਗਾ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਪੰਜਾਬ ਦੀਆਂ 32 ਤੇ ਹੋਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕੀਤੀ ਜਾਵੇਗੀ। ਇਹ ਭੁੱਖ ਹੜਤਾਲ 14 ਦਸੰਬਰ ਬਾਰੇ ਐਲਾਨੇ ਗਏ ਪ੍ਰੋਗਰਾਮ ਤਹਿਤ ਅੰਦੋਲਨ ਨੂੰ ਤਿੱਖਾ ਕਰਨ ਤੇ ਨਵੀਂ ਦਿਸ਼ਾ ਦੇਣ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸਾਰੇ ਪ੍ਰਧਾਨ ਇਸ ਵਿੱਚ ਸ਼ਾਮਲ ਹੋਣਗੇ ਤੇ ਕਿਸਾਨ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਉਪਰ ਧਰਨੇ ਦੇ ਕੇ ਖੇਤੀ ਕਾਨੂੰਨਾਂ ਖਿਲਾਫ਼ ਕੇਂਦਰ ਸਰਕਾਰ ਕੋਲ ਆਪਣਾ ਵਿਰੋਧ ਦਰਜ ਕਰਵਾਉਣਗੇ। ਸ੍ਰੀ ਚੜੂਨੀ ਨੇ ਕੁਝ ਕਿਸਾਨ ਯੂਨੀਅਨਾਂ ਵੱੱਲੋਂ ਅੰਦੋਲਨ ਵਾਪਸ ਲੈਣ ਬਾਰੇ ਮੀਡੀਆ ਦੇ ਇਕ ਹਿੱਸੇ ’ਚ ਆਈਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਇੱਕਾ-ਦੁੱਕਾ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਪਾਸ (ਖੇਤੀ) ਕਾਨੂੰਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਬੰਦ ਕਰਨ ਬਾਰੇ ਆਖ ਰਹੀਆਂ ਹਨ, ਉਹ ਇਸ ਅੰਦੋਲਨ ਦੇ ਨਾਲ ਨਹੀਂ ਜੁੜੀਆਂ। ਉਨ੍ਹਾਂ ਕਿਹਾ ਕਿ ਅਜਿਹੀਆਂ ਜਥੇਬੰਦੀਆਂ ਨੇ ਅੰਦਰਖਾਤੇ ਕੇਂਦਰ ਸਰਕਾਰ ਨਾਲ ਹੱਥ ਮਿਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਜ਼ਿਸ਼ ਤਹਿਤ ਧਰਨਿਆਂ ਨੂੰ ਤਾਰਪੀਡੋ ਕਰਨ ਦੀ ਚਾਲ ਚੱਲ ਰਹੀ ਹੈ।

ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਵੱਲੋਂ ਧਰਨਿਆਂ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਰਾਹਾਂ ਵਿੱਚ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਖੇਤੀ ਕਾਨੂੰਨ ਰੱਦ ਕਰਨਾ ਉਨ੍ਹਾਂ ਦੀ ਮੁੱਖ ਮੰਗ ਹੈ, ਜਿਸ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਅੰਦੋਲਨ ਕਰ ਰਹੀਆਂ ਹਨ। ਇਸ ਦੌਰਾਨ ਗਾਜ਼ੀਪੁਰ ਸਰਹੱਦ ’ਤੇ ਕਿਸਾਨ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਗੱਲਬਾਤ ਲਈ ਕੋਈ ਨਵੀਂ ਤਜਵੀਜ਼ ਦਿੰਦੀ ਹੈ ਤਾਂ ਇਸ ਬਾਰੇ ਅਗਲੇਰੀ ਰਣਨੀਤੀ ਕਿਸਾਨ ਯੂਨੀਅਨਾਂ ਦੀ ਸਾਂਝੀ ਕਮੇਟੀ ਤੈਅ ਕਰੇਗੀ, ਪਰ ਅੰਦੋਲਨ ਸ਼ਾਂਤਮਈ ਰਹੇਗਾ। ਕਿਸਾਨ ਆਗੂ ਸੰਦੀਪ ਗਿੱਡੇ ਨੇ ਕਿਹਾ ਕਿ 19 ਦਸੰਬਰ ਲਈ ਤਜਵੀਜ਼ਤ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਰੱਦ ਕਰ ਦਿੱਤੀ ਗਈ ਹੈ ਤੇ ਇਸ ਦੀ ਥਾਂ ਸੋਮਵਾਰ ਨੂੰ ਇਕ ਰੋਜ਼ਾ ਹੜਤਾਲ ਕੀਤੀ ਜਾਵੇਗੀ।

‘ਪੀਜ਼ਾ ਲੰਗਰ’ ਦੀ ਚਰਚਾ

ਅੰਮ੍ਰਿਤਸਰ ਤੋਂ ਗਏ ਪੰਜ ਦੋਸਤਾਂ ਦੇ ਇਕ ਗਰੁੱਪ ਨੇ ਸ਼ਨਿਚਰਵਾਰ ਸਵੇਰੇ ਸਿੰਘੂ ਬਾਰਡਰ ’ਤੇ ‘ਪੀਜ਼ਾ ਲੰਗਰ’ ਲਾ ਦਿੱਤਾ। ਉਹ ਅੰਮ੍ਰਿਤਸਰ ਤੋਂ ਸਵੇਰੇ ਰਵਾਨਾ ਹੋਏ ਸਨ ਤੇ ਉਨ੍ਹਾਂ ਹਰਿਆਣਾ ਦੇ ਇਕ ਮਾਲ ਤੋਂ ਰੈਗੂਲਰ ਸਾਈਜ਼ ਪੀਜ਼ਾ ਲੈ ਕੇ ਤਿਆਰ ਕੀਤੇ ਤੇ ਮਿੰਟਾਂ ਵਿਚ ਹੀ 400 ਪੀਜ਼ਾ ਵੱਡੀ ਭੀੜ ਵਿਚ ਵੰਡੇ ਗਏ। ‘ਪੀਜ਼ਾ ਲੰਗਰ’ ਲਾਉਣ ਵਾਲੇ ਸ਼ਨਬੀਰ ਸਿੰਘ ਸੰਧੂ ਨੇ ਕਿਹਾ ਕਿ ‘ਜਿਹੜੇ ਕਿਸਾਨ ਪੀਜ਼ਾ ਲਈ ਆਟਾ ਦੇ ਸਕਦੇ ਹਨ, ਉਹ ਆਪਣੇ ਲਈ ਤਾਂ ਘੱਟੋ-ਘੱਟ ਇਕ ਪੀਜ਼ਾ ਜੁਟਾ ਹੀ ਸਕਦੇ ਹਨ।’

ਸੰਘਰਸ਼ ਨੂੰ ਪਾਕਿ, ਚੀਨ ਤੇ ਮਾਓਵਾਦੀਆਂ ਨਾਲ ਜੋੜਨ ਬਾਰੇ ਐਨਸੀਪੀ ਨੇ ਸਪੱਸ਼ਟੀਕਰਨ ਮੰਗਿਆ 

ਐਨਸੀਪੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦਾਅਵਿਆਂ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਜਿਨ੍ਹਾਂ ਵਿਚ ਕੇਂਦਰੀ ਮੰਤਰੀਆਂ ਨੇ ਕਿਸਾਨ ਸੰਘਰਸ਼ ਨੂੰ ਪਾਕਿਸਤਾਨ, ਚੀਨ ਤੇ ਮਾਓਵਾਦੀਆਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਹੈ। ਐਨਸੀਪੀ ਦੇ ਬੁਲਾਰੇ ਮਹੇਸ਼ ਤਪਾਸੇ ਨੇ ਕਿਹਾ ਕਿ ਮੁਜ਼ਾਹਰਾਕਾਰੀ ਕਿਸਾਨਾਂ ਦੀਆਂ ਮੰਗਾਂ ਹਮਦਰਦੀ ਨਾਲ ਵਿਚਾਰਨ ਦੀ ਥਾਂ ਕੇਂਦਰੀ ਮੰਤਰੀ ‘ਸੰਘਰਸ਼ ਨੂੰ ਤੋੜਨ ਲਈ ਵਿਵਾਦਤ ਟਿੱਪਣੀਆਂ’ ਕਰ ਰਹੇ ਹਨ।

ਸ਼ਾਹ ਵੱਲੋਂ ਪੰਜਾਬ ਦੇ ਭਾਜਪਾ ਆਗੂਆਂ ਨਾਲ ਮੀਟਿੰਗ

ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨਾਂ ਦੇ ਸੰਘਰਸ਼ ਦੌਰਾਨ ਅੱਜ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਸੋਮ ਪ੍ਰਕਾਸ਼ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਮੰਤਰੀਆਂ ਦੇ ਨਾਲ ਪੰਜਾਬ ਦੇ ਭਾਜਪਾ ਆਗੂ ਵੀ ਸਨ। ਜ਼ਿਕਰਯੋਗ ਹੈ ਕਿ ਤੋਮਰ ਤੇ ਪ੍ਰਕਾਸ਼ ਮੰਤਰੀ ਪਿਊਸ਼ ਗੋਇਲ ਨਾਲ ਮਿਲ ਕੇ ਮੁਜ਼ਾਹਰਾਕਾਰੀ ਕਿਸਾਨਾਂ ਦੇ ਆਗੂਆਂ ਨਾਲ ਗੱਲਬਾਤ ਦਾ ਦੌਰ ਚਲਾ ਰਹੇ ਹਨ। ਮੀਟਿੰਗ ਦੇ ਵੇਰਵੇ ਹਾਲੇ ਸਾਂਝੇ ਨਹੀਂ ਕੀਤੇ ਗਏ ਹਨ ਪਰ ਸੂਤਰਾਂ ਨੇ ਦੱਸਿਆ ਹੈ ਕਿ ਆਗੂਆਂ ਤੇ ਮੰਤਰੀਆਂ ਨੇ ਕਿਸਾਨ ਸੰਘਰਸ਼ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਉਤੇ ਚਰਚਾ ਕੀਤੀ ਹੈ। ਸ਼ਾਹ ਦੀ ਰਿਹਾਇਸ਼ ’ਤੇ ਇਹ ਮੀਟਿੰਗ ਕਰੀਬ 40 ਮਿੰਟ ਚੱਲੀ। ਵੇਰਵਿਆਂ ਮੁਤਾਬਕ ਇਸ ਮੌਕੇ ਸੂਬੇ ਦੀ ਸਥਿਤੀ ਤੇ ਕਿਸਾਨਾਂ ਦੇ ਸੰਘਰਸ਼ ਨਾਲ ਨਜਿੱਠਣ ਬਾਰੇ ਹੀ ਚਰਚਾ ਕੀਤੀ ਗਈ। ਦੱਸਣਯੋਗ ਹੈ ਕਿ ਕਿਸਾਨਾਂ ਨੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਕੌਮੀ ਰਾਜਧਾਨੀ ਨੂੰ ਜਾਂਦੇ ਸਾਰੇ ਪੰਜ ਮਾਰਗ (ਹੱਦਾਂ) ਬੰਦ ਹੋਣ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਦੱਸਣਯੋਗ ਹੈ ਕਿ ਕਿਸਾਨ ਆਗੂਆਂ ਵੱਲੋਂ ਸਿੰਘੂ ਬਾਰਡਰ ’ਤੇ ਦਿੱਲੀ-ਅੰਬਾਲਾ ਰੂਟ ਉਤੇ ਭਲਕੇ ਪੂਰਾ ਦਿਨ ‘ਭੁੱਖ ਹੜਤਾਲ’ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸੇ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਵਿਰੋਧੀ ਧਿਰਾਂ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਤੋਮਰ ਨੇ ਕਿਹਾ ਕਿ ਇਹ ਕਾਨੂੰਨ ‘ਸ਼ਾਇਦ ਕੁਝ ਲਈ ਥੋੜ੍ਹੇ ਸਮੇਂ ਲਈ ਸਮੱਸਿਆ ਪੈਦਾ ਕਰ ਸਕਦੇ ਹਨ’ ਪਰ ਲੰਮਾ ਸੋਚੀਏ ਤਾਂ ਇਹ ਕਿਸਾਨਾਂ ਲਈ ਲਾਹੇਵੰਦ ਹਨ। ਤੋਮਰ ਅੱਜ ਉਤਰਾਖੰਡ ਤੋਂ ਆਏ 100 ਤੋਂ ਵੱਧ ਕਿਸਾਨਾਂ ਦੇ ਇਕ ਵਫ਼ਦ ਨਾਲ ਗੱਲਬਾਤ ਕਰ ਰਹੇ ਸਨ। ਇਨ੍ਹਾਂ ਕਿਸਾਨਾਂ ਨੇ ਕਾਨੂੰਨਾਂ ਦੀ ਹਮਾਇਤ ਕੀਤੀ ਹੈ। ਇਸ ਮੌਕੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਤੇ ਉਤਰਾਖੰਡ ਦੇ ਸਿੱਖਿਆ ਮੰਤਰੀ ਅਰਵਿੰਦ ਪਾਂਡੇ ਵੀ ਹਾਜ਼ਰ ਸਨ। ਤੋਮਰ ਨੇ ਕਿਹਾ ਕਿ ਧਾਰਾ 370 ਹਟਾਉਣ ਵੇਲੇ, ਨਾਗਰਿਕਤਾ ਸੋਧ ਐਕਟ ਲਿਆਉਣ ਵੇਲੇ ਤੇ ਰਾਮ ਮੰਦਰ ਦੇ ਮੁੱਦੇ ਉਤੇ ਵੀ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਹਨ ਜੋ ਸਿਰਫ਼ ਵਿਰੋਧ ਕਰਦੇ ਹਨ ਤੇ ਮੁਲਕ ਨੂੰ ਕਮਜ਼ੋਰ ਕਰਦੇ ਹਨ। ਹੁਣ ਇਹ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਦੇ ਸੁਧਾਰਾਂ ਲਈ ਚਰਚਾ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਪਿਛਲੀਆਂ ਸਰਕਾਰਾਂ ਨੇ ਸੁਧਾਰ ਕਰਨ ਦਾ ਯਤਨ ਕੀਤਾ।

‘ਹਉਮੈ’ ਛੱਡ ਕੇ ਖੇਤੀ ਕਾਨੂੰਨ ਰੱਦ ਕਰੇ ਮੋਦੀ ਸਰਕਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ‘ਹਉਮੈ’ ਤਿਆਗ ਕੇ ਅੰਦੋਲਨਕਾਰੀ ਕਿਸਾਨਾਂ ਦੀ ਮੰਗ ਮੁਤਾਬਕ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਜਿਣਸਾਂ ਬਾਰੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਾਰੰਟੀ ਯਕੀਨੀ ਬਣਾਉਣ ਲਈ ਬਿੱਲ ਲਿਆਏ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅੰਦੋਲਨਕਾਰੀ ਕਿਸਾਨਾਂ ਵੱਲੋਂ ਦਿੱਤੇ ਸੱਦੇ ’ਤੇ ਸੋਮਵਾਰ ਨੂੰ ਇਕ ਰੋਜ਼ਾ ਭੁੱਖ ਹੜਤਾਲ ਕਰਨਗੇ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਵਾਲੰਟੀਅਰਾਂ ਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਹੜਤਾਲ ਦਾ ਹਿੱਸਾ ਬਣਨ। ਇਥੇ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਦੋ ਹਫ਼ਤਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਫੌਰੀ ਸਵੀਕਾਰ ਕਰੇ। 

ਕੇਜਰੀਵਾਲ ਦੀ ਭੁੱਖ ਹੜਤਾਲ ਮਹਿਜ਼ ‘ਨੌਟੰਕੀ’

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਵੱਲੋਂ ਭਲਕ ਨੂੰ ਕਿਸਾਨਾਂ ਦੀ ਭੁੱਖ ਹੜਤਾਲ ਦੇ ਸਮਰਥਨ ਵਿੱਚ ਉਪਵਾਸ ਦੇ ਕੀਤੇ ਐਲਾਨ ਨੂੰ ‘ਨੌਟੰਕੀ’ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਅਸਲ ਤੱਥ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਉਸ ਵੇਲੇ ਕਾਲੇ ਖੇਤੀ ਕਾਨੂੰਨਾਂ ਵਿੱਚੋਂ ਇਕ ਕਾਨੂੰਨ ਬੇਸ਼ਰਮੀ ਨਾਲ ਨੋਟੀਫਾਈ ਕਰ ਦਿੱਤਾ ਸੀ, ਜਦੋਂ ਕਿਸਾਨ ਇਨ੍ਹਾਂ ਕਾਨੂੰਨਾਂ ਖਿਲਾਫ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਵਿੱਚ ਸਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਅੰਬਾਨੀਆਂ ਦੇ ਆਸਰੇ ਤਰੱਕੀ ਕਰ ਰਹੀ ਹੈ। ਕੈਪਟਨ ਨੇ ਕਿਹਾ ਕਿ ਸੰਸਦ ਮੈਂਬਰ ਭਗਵੰਤ ਮਾਨ ਮਹਿਜ਼ ਇਕ ਕਾਮੇਡੀਅਨ ਹੈ, ਜਿਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। 

ਦਿੱਲੀ ਦੀਆਂ ਹੱਦਾਂ ਤੋਂ ਕਿਸਾਨਾਂ ਨੂੰ ਹਟਾਉਣ ਬਾਰੇ ਪਟੀਸ਼ਨ ’ਤੇ ਸੁਣਵਾਈ 16 ਨੂੰ

ਸੁਪਰੀਮ ਕੋਰਟ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਤੁਰੰਤ ਉੱਥੋਂ ਹਟਾਉਣ ਸਬੰਧੀ ਇੱਕ ਪਟੀਸ਼ਨ ’ਤੇ 16 ਦਸੰਬਰ ਨੂੰ ਸੁਣਵਾਈ ਕਰੇਗੀ। ਪਟੀਸ਼ਨ ’ਚ ਕਿਹਾ ਗਿਆ ਹੈ ਕਿਸਾਨਾਂ ਦੇ ਇਕੱਠ ਅਤੇ ਸੜਕਾਂ ’ਚ ਰੋਕਾਂ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਨਾਲ ਕਰੋਨਾ ਲਾਗ ਦੇ ਕੇਸ ਵੀ ਵਧਣ ਦਾ ਵੀ ਖਦਸ਼ਾ ਹੈ। 

‘ਸਰਕਾਰ ਛੇਤੀ ਕਰੇਗੀ ਕਿਸਾਨਾਂ ਨਾਲ ਗੱਲਬਾਤ’

ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਅੱਜ ਕਿਹਾ ਕਿ ਸਰਕਾਰ ਜਲਦੀ ਹੀ ਤਰੀਕ ਬਾਰੇ ਫੈਸਲਾ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਸੱਦਾ ਭੇਜੇਗੀ। ਖੇਤੀ ਮੰਤਰਾਲੇ ’ਚ ਰਾਜ ਮੰਤਰੀ ਚੌਧਰੀ ਨੇ ਦੱਸਿਆ, ‘ਮੀਟਿੰਗ ਜਲਦੀ ਹੀ ਸੱਦੀ ਜਾਵੇਗੀ। ਅਸੀਂ ਵਿਚਾਰ ਚਰਚਾ ਲਈ ਤਿਆਰ ਹਾਂ। ਪਰ ਅਜੇ ਤੱਕ ਤਰੀਕ ਫਾਈਨਲ ਨਹੀਂ ਹੋਈ। ਸਰਕਾਰ ਇਸ ਜਮੂਦ ਨੂੰ ਤੋੜਨ ਲਈ ‘ਕੋਈ ਹੱਲ’ ਕੱਢ ਲਏਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune