ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਸ਼ਹਿਰ ਦੇ ਪਟਿਆਲਾ ਰੋਡ ਉੱਤੇ ਰਿਲਾਇੰਸ ਦੇ ਪੈਟਰੋਲ ਪੰਪ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਇਕੱਤਰ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਰੋਸ ਧਰਨੇ ਵਿੱਚ ਸ਼ਾਮਲ ਹੋਈਆਂ ਬੀਬੀਆਂ ਮਨਪ੍ਰੀਤ ਕੌਰ ਘੱਗਾ, ਕਮਲਜੀਤ ਕੌਰ ਨਿਆਲ, ਗੁਰਪ੍ਰੀਤ ਕੌਰ ਬਰਾਸ, ਸੁਰਿੰਦਰ ਕੌਰ ਅਤੇ ਬਲਬੀਰ ਕੌਰ ਨੇ ਕਿਹਾ ਹੈ ਕਿ ਖੇਤੀ ਦੇ ਖੇਤਰ ਵਿੱਚ ਔਰਤਾਂ ਬਰਾਬਰ ਦੀਆਂ ਭਾਈਵਾਲ ਹਨ ਕਿਉਂਕਿ ਇੱਕ ਕਿਸਾਨ ਦੇ ਪਰਿਵਾਰ ਨਾਲ ਖੇਤੀ ਚੱਲਦੀ ਹੈ। ਇਸ ਲਈ ਖੇਤੀ ਉੱਤੇ ਆਈ ਬਿਪਤਾ ਦੀ ਘੜੀ ਵਿੱਚ ਔਰਤਾਂ ਵੀ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਪਈਆਂ ਹਨ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਮਾਰੂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਸ ਸਮੇਂ ਤੱਕ ਕਿਸਾਨ ਔਰਤਾਂ ਵੀ ਪਿੱਛੇ ਨਹੀਂ ਹੱਟਣਗੀਆਂ ਸਗੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਹਰ ਸੱਦੇ ਉੱਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇਸ਼ ਦੇ ਹਰ ਵਰਗ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਜਦੋਂਕਿ ਕਿਸਾਨ ਵਰਗ ਹਮੇਸ਼ਾ ਅੱਗੇ ਹੋ ਕੇ ਲੜਿਆ ਹੈ।
ਇਤਰਾਜ਼ਯੋਗ ਟਿੱਪਣੀ ਕਰਨ ’ਤੇ ਭਾਜਪਾ ਆਗੂ ਦਾ ਪੁਤਲਾ ਫੂਕਿਆ਼
ਕਿਸਾਨ ਜਥੇਬੰਦੀਆਂ ਵੱਲੋਂ ਟਾਹਲੀ ਵਾਲਾ ਚੌਕ ’ਚ ਲੰਘੇ ਦਿਨੀ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਰੋਧੀ ਟਿਪਣੀਆਂ ਕਰਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਉਸ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਕਾਨੁੂੰਨ ਬਣਾਏ ਗਏ ਹਨ। ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨੇ ਦਿੱਤੇ ਜਾ ਰਹੇ ਹਨ। ਪਰ ਅਜਿਹੇ ਸਮੇਂ ਦੌਰਾਨ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਕਿਸਾਨ ਸੰਘਰਸ਼ ਨੁੂੰ ਤਾਰਪੀਡੋ ਕਰਨ ਲਈ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune