ਕਿਸਾਨਾਂ ਵੱਲੋਂ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਗਣਤੰਤਰ ਦਿਵਸ ਮੌਕੇ ਸ਼ਹਿਰ ਅੰਦਰ ਅਤੇ ਚਾਰ-ਚੁਫੇਰੇ ਟਰੈਕਟਰ ਪਰੇਡ ਕੀਤੀ ਗਈ। ਇਲਾਕੇ ਅੰਦਰ ਲੋਕਾਂ ਵੱਲੋਂ ਇਸ ਅਨੋਖੀ ਟਰੈਕਟਰ ਪਰੇਡ ਦਾ ਭਰਵਾਂ ਸੁਆਗਤ ਕੀਤਾ ਗਿਆ। ਟਰੈਕਟਰ ਪਰੇਡ ਦੀ ਅਗਵਾਈ ਸੰਯੁਕਤ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਅਮਰਜੀਤ ਸ਼ਾਸ਼ਤਰੀ, ਗੁਰਦੀਪ ਸਿੰਘ, ਡਾ.ਅਸ਼ੋਕ ਭਾਰਤੀ, ਅਜੀਤ ਸਿੰਘ ਹੁੰਦਲ, ਪਲਵਿੰਦਰ ਸਿੰÎਘ ਅਤੇ ਕੁਲਵਿੰਦਰ ਸਿੰਘ ਤਿੱਬੜ ਕਰ ਰਹੇ ਸਨ। ਐਲਾਨੇ ਪ੍ਰੋਗਰਾਮ ਮੁਤਾਬਕ ਕਿਸਾਨਾਂ ਦਾ ਟਰੈਕਟਰ ਮਾਰਚ ਸਵੇਰੇ 11 ਵੱਜੇ ਦੇ ਕਰੀਬ ਸ਼ਹਿਰ ਦੇ ਕਾਹਨੂੰਵਾਨ ਚੌਂਕ ਤੋਂ ਸ਼ੁਰੂ ਹੋ ਕੇ ਬਜਾਰਾਂ ਵਿੱਚ ਦੀ ਲੰਘਦਾ ਹਨੂੰਮਾਨ ਚੌਂਕ, ਜਹਾਜ ਚੌਂਕ, ਪਨਿਆੜ ਤੋਂ ਅੱਬਲਖੈਰ, ਜੇਲ੍ਹ ਰੋਡ ਤੋਂ ਡਾਕਖਾਨਾ ਚੌਂਕ ਪੁੱਜ ਕੇ ਸਮਾਪਤ ਹੋਈ।ਟਰੈਕਟਰਾਂ ਦੇ ਮੂਹਰੇ ਤਿਰੰਗੇ ਝੰਡੇ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੇ ਝੰਡੇ ਲਗਾਏ ਗਏ ਸਨ।
ਗਣਤੰਤਰ ਦਿਵਸ ਮੌਕੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਮੁਖਤਾਰ ਸਿੰਘ ਮੁਹਾਵਾ, ਬਲਵਿੰਦਰ ਸਿੰਘ ਦੁਧਾਲਾ, ਬਲਬੀਰ ਸਿੰਘ ਝਾਮਕਾ, ਮਨਜੀਤ ਸਿੰਘ ਬਾਸਰਕੇ, ਬਲਵਿੰਦਰ ਸਿੰਘ ਝਬਾਲ ਆਦਿ ਦੀ ਅਗਵਾਈ ਹੇਠ ਸੈਂਕੜੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਡਾ. ਕੰਵਲਜੀਤ ਸਿੰਘ, ਪ੍ਰੋ. ਏਐਸ ਸੇਖੋਂ, ਪ੍ਰਕਾਸ਼ ਸਿੰਘ ਥੋਥੀਆਂ, ਖੇਮ ਸਿੰਘ ਸ਼ਹਿਜਾਦਾ, ਅੰਗਰੇਜ਼ ਸਿੰਘ ਅਤੇ ਸਾਹਿਬ ਸਿੰਘ ਚਾਟੀਵਿੰਡ ਨੇ ਵੀ ਸੰਬੋਧਨ ਕੀਤਾ ਗਿਆ।
ਗਣਰਾਜ ਦਿਹਾੜੇ ਮੌਕੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸਯੁੰਕਤ ਮੋਰਚਾ ਦਾ ਹਿੱਸਾ ਕਿਸਾਨ ਸਘੰਰਸ਼ ਕਮੇਟੀ ਪੰਜਾਬ (ਕੋਟਬੁੱਢਾ) ਦੇ ਸੂਬਾਈ ਆਗੂ ਸਹੋਣ ਸਿੰਘ ਸਭਰਾ ਦੀ ਅਗਵਾਈ ਹੇਠ ਪਿੰਡ ਰਾਮ ਸਿੰਘ ਵਾਲਾ ਤੋਂ ਸ਼ੁਰੂ ਹੋ ਕਿ ਕੋਟਬੁੱਢਾ ਸਭਰਾ ਹਰੀਕੇ ਅਨਾਜ਼ ਮੰਡੀ ਤੋਂ ਟਰੈਕਟਰ ਪਰੇਡ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਤਰਨਤਾਰਨ ਵੱਲ ਹਜ਼ਾਰਾਂ ਟਰੈਕਟਰਾਂ ਦਾ ਕਾਫਲਾ ਰਵਾਨਾਂ ਹੋਇਆ। ਕਿਸਾਨ ਟਰੈਕਟਰ ਪਰੇਡ ਅੰਦਰ ਇਲਾਕੇ ਦੇ ਕਿਸਾਨ ਆਗੂ ਡਾਕਟਰ ਰਜਿੰਦਰ ਸਿੰਘ ਸਭਰਾ, ਦਿਲਬਾਗ ਸਿੰਘ, ਨੇ ਵੱਡੇ ਟਰੈਕਟਰਾਂ ਦੇ ਕਾਫ਼ਲਿਆਂ ਨਾਲ ਹਿੱਸਾ ਲਿਆ।
ਸੰਯੁਕਤ ਕਿਸਾਨ ਮੋਰਚੇ ਵਲੋਂ ਤ ਸ਼ਹੀਦ ਭਗਤ ਸਿੰਘ ਸਮਾਰਕ ਤੋਂ ਗੜ੍ਹਸ਼ੰਕਰ ਦੇ ਬਾਜ਼ਾਰਾਂ ’ਚੋਂ ਰੋਹ ਭਰਪੂਰ ਮੋਟਰ ਸਾਈਕਲ, ਸਕੂਟਰ ਮਾਰਚ ਬਾਬਾ ਗੁਰਦਿੱਤ ਸਿੰਘ ਪਾਰਕ ਤੱਕ ਕੀਤਾ ਗਿਆ।
ਦਸੂਹਾ ’ਚ ਵੱਖ ਵੱਖ ਜੱਥੇਬੰਦੀਆਂ ਵੱਲੋਂ ਰੋਸ ਮਾਰਚ
ਇਥੇ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ.ਬੀ.ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਸਥਾਨਕ ਇਕਾਈ ਵੱਲੋਂ ਗਣਤੰਤਰਤਾ ਦਿਵਸ ’ਤੇ ਪ੍ਰਧਾਨ ਲੈਕ. ਬਲਜੀਤ ਸਿੰਘ ਦੀ ਅਗਵਾਈ ਹੇੇਠ ਨਵੇਂ ਖੇਤੀ ਕਾਨੂੰਨਾਂ ਖਿਲਾਫ ਰੋਸ ਮਾਰਚ ਕੱਢਿਆ ਗਿਆ, ਜੋ ਗੁਰੁੂ ਨਾਨਕ ਮਾਰਕੀਟ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜ਼ਾਰਾਂ ਚੋਂ ਹੁੰਦਾ ਹੋਇਆ ਕੌਮੀ ਮਾਰਗ ਦੇ ਹਾਜ਼ੀਪੁਰ ਚੌਕ ਪੁੱਜਾ, ਜਿਥੇ ਜੱਥੇਬੰਦੀ ਦੇ ਕਾਰਕੁੰਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਦਰਜ ਕਰਵਾਇਆ। ਇਸੇ ਤਰਾਂ ਕਿਸਾਨ ਮਜ਼ਦੂਰ ਏਕਤਾ ਲੰਗਰਪੁਰ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਇਸ ਦੌਰਾਨ ਰੇਲਵੇ ਉਵਰਬ੍ਰਿਜ ‘ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਕਰੀਬ 400 ਟਰੈਕਟਰਾਂ ਦੇ ਕਾਫਲੇ ਨਾਲ ਨਵੇਂ ਖੇਤੀ ਕਾਨੂੰਨਾਂ ਖਿਲਾਫ ਟਰੈਕਟਰ ਮਾਰਚ ਕੱਢਿਆ ਗਿਆ।
ਪੈਨਸ਼ਨਰਾਂ ਨੇ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜੀਆਂ
ਪਾਵਰਕੌਮ/ਟ੍ਰਾਂਸਕੋ ਦੀ ਪੈਨਸ਼ਨਰ ਐਸੋਸੀਏਸ਼ਨ ਅਤੇ ਰੈਗੂਲਰ ਕਰਮਚਾਰੀਆਂ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਮੁੱਖ ਇੰਜੀਅਨ ਪਾਵਰਕੌਮ ਨਾਰਥ ਜ਼ੋਨ ਸ਼ਕਤੀ ਸਦਨ ਦੇ ਮੇਨ ਗੇਟ ’ਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ, ਬਿਜਲੀ ਸੁਧਾਰ ਬਿੱਲ 2020 ਅਤੇ ਮੁਲਾਜ਼ਮ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕੇਂਦਰ ਤੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਗਣਤੰਤਰ ਦਿਵਸ ਨੂੰ ਵਿਰੋਧ ਦਿਵਸ ਵਜੋਂ ਮਨਾਇਆ। ਇਸ ਮੌਕੇ ਸੰਬੋਧਨ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਦੇ ਸੂਬਾ ਮੀਤ ਪ੍ਰਧਾਨ ਅਤੇ ਸਰਕਲ ਪ੍ਰਧਾਨ ਸਿਰੀ ਰਾਮ ਜੱਗੀ, ਟੀਐੱਸਯੂ ਦੇ ਸਰਕਲ ਪ੍ਰਧਾਨ ਪ੍ਰੇਮ ਲਾਲ, ਮਹਿੰਦਰ ਸਿੰਘ ਥਾਂਦੀ, ਚਮਨਜੀਤ ਸਿੰਘ, ਕੇਵਲ ਸਿੰਘ, ਕੁਲਦੀਪ ਰਾਣਾ, ਅਵਤਾਰ ਸਿੰਘ, ਗੁਰਦੇਵ ਸਿੰਘ ਅਤੇ ਹੋਰ ਆਗੂਆਂ ਨੇ ਦੇਸ਼ ਦੇ ਸਰਕਾਰੀ ਅਤੇ ਖੇਤੀ ਕਾਰੋਬਾਰ ਨਾਲ ਸਬੰਧਤ ਖੇਤਰ ਦਾ ਨਿੱਜੀਕਰਨ ਕਰਨ, ਇਨ੍ਹਾਂ ਨੂੰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਤਿੱਖੀ ਲੁੱਟ ਖਸੁੱਟ ਅਤੇ ਮੁਨਾਫਿਆਂ ਦੇ ਬੇਰੋਕ ਵਾਧੇ, ਕਿਸਾਨ, ਮਾਰੂ ਤੇ ਮੁਲਾਜ਼ਮ ਮਾਰੀ ਨੀਤੀਆਂ ਨੂੰ ਠੱਲ੍ਹ ਪਾਉਣ ਲਈ ਇਕਜੁੱਟ ਹੋ ਕੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune