ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਰੱਦ ਕਰਨੀ ਪਈ ਮੀਟਿੰਗ

January 11 2021

ਨਗਰ ਕੌਂਸਲ ਨਵਾਂ ਗਾਉਂ ਦੀਆਂ ਚੋਣਾਂ ਸਬੰਧੀ ਅੱਜ ਭਾਜਪਾ ਵਰਕਰਾਂ ਦੀ ਹੋਣ ਵਾਲੀ ਮੀਟਿੰਗ ਦੀ ਭਿਣਕ ਪੈਂਦਿਆਂ ਹੀ ਜਥੇਬੰਦੀ ਲੋਕਹਿੱਤ ਮਿਸ਼ਨ ਅਤੇ ਕਿਸਾਨ-ਮਜ਼ਦੂਰ ਏਕਤਾ ਨੇ ਤੁਰੰਤ ਐਕਸ਼ਨ ਲਿਆ। ਕਿਸਾਨਾਂ ਦੇ ਨੁਮਾਇੰਦੇ ਇਕੱਠੇ ਹੋ ਕੇ ਮੌਕੇ ’ਤੇ ਪੁੱਜੇ ਅਤੇ ਭਾਜਪਾ ਵਰਕਰਾਂ ਦਾ ਮੀਟਿੰੰਗ ਦਾ ਸਖਤ ਵਿਰੋਧ ਕੀਤਾ। ਰੋਹ ਦੇ ਚੱਲਦਿਆਂ ਭਾਜਪਾ ਕਾਰਕੁਨਾਂ ਨੂੰ ਇਹ ਸੱਦੀ ਮੀਟਿੰਗ ਰੱਦ ਕਰਨੀ ਪਈ। ਵੱਡੀ ਗਿਣਤੀ ਤਾਇਨਾਤ ਪੁਲੀਸ ਪਾਰਟੀ ਨੇ ਸਥਿਤੀ ਨੂੰ ਕੰਟਰੋਲ ਕੀਤਾ।

ਕਿਸਾਨ ਆਗੂ ਦਲਵਿੰਦਰ ਸਿੰਘ ਬੈਨੀਪਾਲ ਕਰਤਾਰਪੁਰ, ਮਨਦੀਪ ਸਿੰਘ ਖਿਜਰਾਬਾਦ, ਜੱਗੀ ਕਾਦੀਮਾਜਰਾ ਤੇ ਸੁਦਾਗਰ ਸਿੰਘ ਹੁਸ਼ਿਆਰਪੁਰ ਨੇ ਕਿਹਾ ਕਿ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਆਪਣੀ ਮਰਜ਼ੀ ਨਾਲ ਖੇਤੀਬਾੜੀ ਸਬੰਧੀ ਕਾਨੂੰਨ ਬਣਾ ਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਤਬਾਹ ਕਰਨ ਲੱਗੀ ਹੋਈ ਹੈ ਜਿਸ ਦਾ ਦੇਸ਼ ਭਰ ਵਿੱਚ ਡੱਟ ਕੇ ਵਿਰੋਧ ਹੋ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਲੋਕਹਿੱਤ ਵਿੱਚ ਖੇਤੀਬਾੜੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਸ ਮੌਕੇ ਨੁਮਾਇੰਦਿਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ-ਮਜ਼ਦੂਰ ਏਕਤਾ ਜ਼ਿੰੰਦਾਬਾਦ ਦੇ ਨਾਅਰੇ ਲਾਏ ਗਏ। ਇਸ ਮੌਕੇ ਅਜੀਤ ਸਿੰਘ, ਪ੍ਰੇਮ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਰਾਜਵੀਰ ਸਿੰਘ ਰਾਜੂ, ਸੁਰਮੁੱਖ ਸਿੰਘ ਰਾਣੀ ਮਾਜਰਾ, ਸਾਬਕਾ ਕੌਂਸਲਰ ਮਲਕੀਤ ਸਿੰਘ ਸਿੱਧੂ, ਮਨਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਸਿੱਧੂ, ਰਾਜੇਸ਼ ਕੁਮਾਰ ਤੇ ਭਗਵਾਨ ਆਦਿ ਹਾਜ਼ਰ ਸਨ।

ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ ਆਂਗਨਵਾੜੀ ਵਰਕਰ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਤੇ ਨਾਲ-ਨਾਲ ਆਮ ਲੋਕਾਂ ਅਤੇ ਮੁਲਾਜ਼ਮ ਵਰਗ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਾਲੇ ਕਾਨੂੰਨ ਫੌਰੀ ਰੱਦ ਕਰਨ ਦੀ ਅਪੀਲ ਕੀਤੀ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਨੇ ਦੱਸਿਆ ਕਿ ਪੰਜਾਬ ਭਰ ’ਚੋਂ ਆਂਗਨਵਾੜੀ ਵਰਕਰਾਂ ਤੇ ਹੈਲਪਰ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿੱਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਸੂਬਾ ਪ੍ਰਧਾਨ ਨੇ ਕਲੇ ਕਾਨੂੰਨਾਂ ਖ਼ਿਲਾਫ਼ ਸਿਰਫ਼ ਕਿਸਾਨਾਂ ਇਕੱਲੇ ਦੀ ਲੜਾਈ ਨਹੀਂ ਹੈ ਬਲਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਹੁਕਮਰਾਨਾਂ ਦੀ ਨੀਅਤ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਸਮਝਣਾ ਚਾਹੀਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune