ਕਿਸਾਨਾਂ ਤੇ ਸਰਕਾਰ ਵਿਚਾਲੇ ਭਖਿਆ ਵਿਵਾਦ, ਦੋਵਾਂ ਪੱਖਾਂ ਚ ਸਾਢੇ ਚਾਰ ਘੰਟੇ ਚ ਸਿਰਫ਼ 20 ਮਿੰਟ ਹੋਈ ਗੱਲਬਾਤ

January 23 2021

ਕਿਸਾਨਾਂ ਦਾ ਪ੍ਰਦਰਸ਼ਨ ਅੱਜ ਲਗਾਤਾਰ 58ਵੇਂ ਦਿਨ ਦਿੱਲੀ ਦੀਆਂ ਸਰਹੱਦਾਂ ਤੇ ਜਾਰੀ ਹੈ। ਇਸ ਦਰਮਿਆਨ 11ਵੇਂ ਦੌਰ ਦੀ ਨਵੀਂ ਦਿੱਲੀ ਚ ਹੋਈ ਬੈਠਕ ਵੀ ਬੇਨਤੀਜਾ ਰਹੀ। ਬੈਠਕ ਦੀ ਅਗਲੀ ਤਾਰੀਖ ਅਜੇ ਤੈਅ ਨਹੀਂ ਹੋਈ। ਬੈਠਕ ਦੌਰਾਨ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪਰ ਹੁਣ ਤਕ ਕੋਈ ਫੈਸਲਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਭ ਤੋਂ ਚੰਗਾ ਪ੍ਰਸਤਾਵ ਦਿੱਤਾ ਗਿਆ ਹੈ ਕਿਸਾਨ ਉਸ ਤੇ ਗੌਰ ਕਰਨ।

ਨਰੇਂਦਰ ਸਿੰਘ ਤੋਮਰ ਨੇ ਕਿਹਾ, ਮੈਂ ਵੱਡੇ ਭਾਰੀ ਮਨ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਇਹ ਵੱਡੀ ਬਦਕਿਸਮਤੀ ਹੈ ਕਿ ਕਿਸਾਨਾਂ ਵੱਲੋਂ ਕੋਈ ਵੀ ਸਾਕਾਰਾਤਮਕ ਉੱਤਰ ਨਹੀਂ ਆਇਆ।

ਤੋਮਰ ਨੇ ਕਿਸਾਨ ਲੀਡਰਾਂ ਨੂੰ ਕਿਹਾ ਕਿ ਸਰਕਾਰ ਤੁਹਾਡੇ ਸਹਿਯੋਗ ਲਈ ਆਭਾਰੀ ਹੈ। ਕਾਨੂੰਨ ਚ ਕੋਈ ਕਮੀ ਨਹੀਂ ਹੈ। ਅਸੀਂ ਤੁਹਾਡੇ ਸਨਮਾਨ ਚ ਪ੍ਰਸਤਾਵ ਦਿੱਤਾ ਸੀ। ਤੁਸੀਂ ਫੈਸਲਾ ਨਹੀਂ ਕਰ ਸਕੇ। ਤੁਸੀਂ ਜੇਕਰ ਕਿਸੇ ਫੈਸਲੇ ਤੇ ਪਹੁੰਚਦੇ ਹੋ ਤਾਂ ਸੂਚਿਤ ਕਰੋ। ਇਸ ਤੇ ਫਿਰ ਅਸੀਂ ਚਰਚਾ ਕਰਾਂਗੇ।

ਉੱਥੇ ਹੀ ਬੈਠਕ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਕਾਨੂੰਨ ਰੱਦ ਕਰਨ ਦੀ ਮੰਗ ਤੇ ਕਾਇਮ ਹਾਂ, ਅੰਦੋਲਨ ਜਾਰੀ ਰਹੇਗਾ। ਗੱਲਬਾਤ ਦੀ ਅਗਲੀ ਤਾਰੀਖ ਤੈਅ ਨਹੀਂ ਹੈ।

ਸਿਰਫ਼ 15-20 ਮਿੰਟ ਹੋਈ ਚਰਚਾ

ਕਰੀਬ ਪੌਣੇ ਇਕ ਵਜੇ ਸਰਕਾਰ ਤੇ ਕਿਸਾਨਾਂ ਦੀ ਬੈਠਕ ਸ਼ੁਰੂ ਹੋਈ ਸੀ। ਬੈਠਕ ਦੀ ਸ਼ੁਰੂਆਤ ਚ ਹੀ ਨਰੇਂਦਰ ਸਿੰਘ ਤੋਮਰ ਨੇ ਇਸ ਗੱਲ ਤੇ ਨਰਾਜ਼ਗੀ ਜਤਾਈ ਕਿ ਕਿਸਾਨ ਜਥੇਬੰਦੀਆਂ ਆਪਣੇ ਫੈਸਲੇ ਦੀ ਜਾਣਕਾਰੀ ਮੀਡੀਆ ਨਾਲ ਜਨਤਕ ਕਰ ਦਿੰਦੀਆਂ ਹਨ ਜਦਕਿ ਅਗਲੇ ਦਿਨ ਬੈਠਕ ਹੁੰਦੀ ਹੈ।

ਕਰੀਬ 15-20 ਮਿੰਟ ਦੀ ਬੈਠਕ ਤੋਂ ਬਾਅਦ ਤੋਂ ਦੋਵੇਂ ਪੱਖਾਂ ਨੇ ਆਪਣੀਆਂ ਵੱਖ-ਵੱਖ ਬੈਠਕਾਂ ਕੀਤੀਆਂ। ਕਰੀਬ ਪੰਜ ਵਜੇ ਕਿਸਾਨ ਲੀਡਰ ਬੈਠਕ ਤੋਂ ਬਾਹਰ ਨਿੱਕਲੇ।

10ਵੇਂ ਦੌਰ ਦੀ ਬੈਠਕ ਚ 20 ਜਨਵਰੀ ਨੂੰ ਕੇਂਦਰ ਸਰਕਾਰ ਨੇ ਕਿਸਾਨ ਲੀਡਰਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਉਹ ਖੇਤੀ ਕਾਨੂੰਨਾਂ ਨੂੰ ਇਕ-ਡੇਢ ਸਾਲ ਤਕ ਰੱਦ ਕਰਨ ਲਈ ਤਿਆਰ ਹਨ। ਇਸ ਦੌਰਾਨ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਦੀ ਇਕ ਕਮੇਟੀ ਇਨ੍ਹਾਂ ਕਾਨੂੰਨਾਂ ਤੇ ਵਿਸਥਾਰ ਨਾਲ ਚਰਚਾ ਕਰਕੇ ਹੱਲ ਦਾ ਰਾਹ ਕੱਢਣਗੀਆਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live