ਅੱਕੇ ਕਿਸਾਨਾਂ ਨੇ ਹੁਣ ਡੀਸੀ ਦੀ ਰਿਹਾਇਸ਼ ਘੇਰੀ

October 14 2020

ਕਿਸਾਨਾਂ ਦੇ ਧਰਨੇ ਦੌਰਾਨ ਔਰਤ ਦੀ ਹੋਈ ਮੌਤ ਦਾ ਮਾਮਲਾ ਲਗਾਤਾਰ 5ਵੇਂ ਦਿਨ ਵੀ ਕਿਸੇ ਤਣ-ਪੱਤਣ ਨਾ ਲੱਗ ਸਕਿਆ। ਭਾਵੇਂ ਕਿਸਾਨਾਂ ਨੇ ਇਸ ਮਾਮਲੇ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਮੇਤ ਮਾਨਸਾ ਦੇ ਪ੍ਰਬੰਧਕੀ ਕੰਪਲੈਕਸ ਨੂੰ ਕੱਲ੍ਹ ਘੇਰ ਲਿਆ ਸੀ ਅਤੇ ਅਧਿਕਾਰੀਆਂ ਨੂੰ ਚੋਰ ਮੋਰੀਆਂ ਰਾਹੀਂ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆ ਸੀ, ਪਰ ਰਾਤ ਭਰ ਤੋਂ ਦਫ਼ਤਰ ਰੋਕੀ ਬੈਠੇ ਕਿਸਾਨਾਂ ਤੋਂ ਘਬਰਾ ਕੇ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਨਾ ਪੁੱਜ ਤਾਂ ਅੱਕੇ ਹੋਏ ਕਿਸਾਨਾਂ ਨੇ ਪੁਲੀਸ ਨੂੰ ਚਕਮਾ ਦੇ ਕੇ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ, ਜਿਸ ਤੋਂ ਬਾਅਦ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਸੀਨੀਅਰ ਕਪਤਾਨ ਪੁਲੀਸ ਨਾਲ ਮੀਟਿੰਗ ਕਰਵਾਉਣ ਤੋਂ ਬਾਅਦ ਭਾਵੇਂ ਅਪੀਲਾਂ-ਦਲੀਲਾਂ ਦੀ ਸਹਿਮਤੀ ਮਗਰੋਂ ਡੀ.ਸੀ ਦੀ ਰਿਹਾਇਸ਼ ਅੱਗੇ ਧਰਨਾ ਚੁੱਕ ਲਿਆ ਗਿਆ, ਪਰ ਦਫ਼ਤਰ ਦਾ ਅਣਮਿਥੇ ਸਮੇਂ ਦਾ ਘਿਰਾਓ ਰਾਤ ਭਰ ਲਈ ਅੱਜ ਵੀ ਆਰੰਭ ਕਰ ਦਿੱਤਾ ਗਿਆ ਹੈ।

ਦੇਰ ਸ਼ਾਮ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨਾਲ ਪੁਲੀਸ ਅਧਿਕਾਰੀਆਂ ਵੱਲੋਂ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਅਤੇ ਉਸਦੀ ਟੀਮ ਦੀ ਗੱਲਬਾਤ ਕਰਵਾਈ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਤੋਂ ਉਨ੍ਹਾਂ ਦੀ ਮੰਗ ਲਿਖਤੀ ਰੂਪ ਵਿੱਚ ਮੰਗੀ ਗਈ, ਜਿਸ ਵਿੱਚ ਕਿਸਾਨਾਂ ਨੇ ਪ੍ਰਣ ਤਿਆਗਣ ਵਾਲੀ 84 ਸਾਲਾ ਮਾਤਾ ਤੇਜ ਕੌਰ ਬਰ੍ਹੇ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਕੁੱਲ ਕਰਜ਼ਾ ਮੁਆਫੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰ ਨੌਕਰੀ ਦੇਣ ਦੀ ਮੰਗ ਰੱਖੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦਾ ਇਹ ਮਾਮਲਾ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਪਰ ਜਥੇਬੰਦੀ ਨਿਬੇੜੇ ਵਾਲੇ ਫੈਸਲੇ ‘ਤੇ ਅੜੀ ਰਹੀ ਅਤੇ ਬਾਅਦ ਵਿੱਚ ਜਥੇਬੰਦੀ ਨੇ ਦਿਨ-ਰਾਤ ਦਾ ਆਪਣਾ ਧਰਨਾ ਜਾਰੀ ਰੱਖਣ ਦਾ ਮੰਚ ਤੋਂ ਐਲਾਨ ਕੀਤਾ ਗਿਆ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਰੋਮਾਣਾ, ਜਗਸੀਰ ਸਿੰਘ ਦੋਦੜਾ, ਉੱਤਮ ਸਿੰਘ ਰਾਮਾਂਨੰਦੀ ਅਤੇ ਜੱਗਾ ਸਿੰਘ ਨੇ ਵੀ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune