ਨਵੀਂ ਦਿੱਲੀ: ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਘੱਟੋ–ਘੱਟ ਸਮਰਥਨ ਮੁੱਲ (ਐੱਮਐੱਸਪੀ ) ਘਟਾਏ ਜਾਣ ਦੀ ਰਿਪੋਰਟਾਂ ਨੂੰ ਨਕਾਰ ਦਿੱਤਾ ਹੈ।ਉਨ੍ਹਾਂ ਦਾ ਦੋਸ਼ ਹੈ ਕਿ ਮੀਡੀਆ ਦੇ ਇੱਕ ਵਰਗ ਵੱਲੋਂ ਪੇਸ਼ ਕੀਤੀਆਂ ਗਈਆਂ ਉਨ੍ਹਾਂ ਰਿਪੋਰਟਾਂ ਚ ਉਨ੍ਹਾਂ ਦੇ ਹਵਾਲੇ ਨਾਲ ਐਂਵੇਂ ਹੀ ਝੂਠ ਆਖ ਦਿੱਤਾ ਗਿਆ ਸੀ।
ਉਨ੍ਹਾਂ ਅਜਿਹੀਆਂ ਰਿਪੋਰਟਾਂ ਨੂੰ ਨਾ ਸਿਰਫ਼ ਗ਼ਲਤ ਦੱਸਿਆ, ਸਗੋਂ ਉਨ੍ਹਾਂ ਨੂੰ ਮੰਦ–ਭਾਵਨਾ ਤੋਂ ਵੀ ਪ੍ਰੇਰਿਤ ਕਰਾਰ ਦਿੱਤਾ। ਇਸ ਮਾਮਲੇ ਬਾਰੇ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਸਦਾ ਇਹੋ ਸਟੈਂਡ ਰਿਹਾ ਹੈ ਤੇ ਉਹ ਇਸ ਦੀ ਵਕਾਲਤ ਵੀ ਕਰਦੇ ਰਹੇ ਹਨ ਕਿ ਕਿਸਾਨਾਂ ਦੀਆਂ ਝੋਨੇ/ਚਾਵਲ, ਕਣਕ, ਕਮਾਦ/ਗੰਨਾ ਜਿਹੀਆਂ ਫ਼ਸਲਾਂ ਦੀ ਬਦਲਵੇਂ ਤਰੀਕਿਆਂ ਨਾਲ ਵਰਤੋਂ ਕਰ ਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿਭਿੰਨ ਢੰਗ–ਤਰੀਕੇ ਲੱਭੇ ਜਾ ਸਕਣ।
ਮੰਤਰੀ ਨੇ ਦ੍ਰਿੜ੍ਹਤਾਪੂਰਬਕ ਅੱਗੇ ਕਿਹਾ ਕਿ ਜਦੋਂ ਘੱਟੋ–ਘੱਟ ਸਮਰਥਨ ਮੁੱਲ (ਐੱਮਐੱਸਪੀ ) ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਸੀ, ਤਦ ਉਹ ਖੁਦ ਉੱਥੇ ਮੌਜੂਦ ਸਨ।ਇਸ ਲਈ ਉਨ੍ਹਾਂ ਵੱਲੋਂ ਐੱਮਐੱਸਪੀ ਘਟਾਉਣ ਦੀ ਗੱਲ ਆਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਦੀ ਸਦਾ ਕਿਸਾਨਾਂ ਨੂੰ ਬਿਹਤਰ ਆਮਦਨ ਮੁਹੱਈਆ ਕਰਵਾਉਣ ਦੀ ਤਰਜੀਹ ਰਹੀ ਹੈ ਅਤੇ ਉਸੇ ਭਾਵਨਾ ਵਿੱਚ ਐੱਮਐੱਸਪੀ ਵਿੱਚ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਬਿਹਤਰ ਕੀਮਤਾਂ ਦਿਵਾਉਣ ਲਈ ਫ਼ਸਲਾਂ ਦੀ ਪ੍ਰਣਾਲੀ ਵਿੱਚ ਤਬਦੀਲੀਆਂ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ, ਉਦਾਹਰਣ ਵਜੋਂ ਖ਼ੁਰਾਕੀ ਤੇਲ ਬੀਜ ਉਗਾਉਣ ਵਿੱਚ ਬਹੁਤ ਬਿਹਤਰ ਸੰਭਾਵਨਾਵਾਂ ਹਨ ਕਿਉਂਕਿ ਭਾਰਤ ਹਰ ਸਾਲ ਇਨ੍ਹਾਂ ਦੀ ਦਰਾਮਦ ਉੱਤੇ 90,000 ਕਰੋੜ ਰੁਪਏ ਖ਼ਰਚ ਕਰਦਾ ਹੈ। ਗਡਕਰੀ ਨੇ ਕਿਹਾ ਕਿ ਇਸੇ ਤਰ੍ਹਾਂ ਚਾਵਲ / ਝੋਨੇ / ਕਣਕ / ਮੱਕੀ ਤੋਂ ਈਥਾਨੌਲ ਦੇ ਉਤਪਾਦਨ ਨਾਲ ਵੀ ਉਨ੍ਹਾਂ ਨੂੰ ਨਾ ਸਿਰਫ਼ ਬਿਹਤਰ ਮੁਨਾਫ਼ਾ ਮਿਲੇਗਾ, ਸਗੋਂ ਦਰਾਮਦ ਦੇ ਬਿਲਾਂ ਦੀ ਵੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਇਹ ਜੈਵਿਕ–ਈਂਧਣ ਵਧੇਰੇ ਵਾਤਾਵਰਣ-ਮਿੱਤਰ ਵੀ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ABP Live