baijulal-kumar pb

ਬੇਜੂਲਾਲ ਕੁਮਾਰ

(ਮਸ਼ਰੂਮ ਉਤਪਾਦਨ)

ਇੱਕ ਅਜਿਹੇ ਨੌਜਵਾਨ ਕਿਸਾਨ ਦੀ ਕਹਾਣੀ ਜਿਸ ਨੇ ਆਪਣੇ ਪਿੰਡ ਦੇ ਬਾਕੀ ਕਿਸਾਨਾਂ ਨਾਲੋਂ ਕੀਤਾ ਕੁੱਝ ਅਲੱਗ ਅਤੇ ਕਰ ਦਿੱਤਾ ਸਭ ਨੂੰ ਹੈਰਾਨ

ਪੁਰਾਣੇ ਸਮੇਂ ਵਿੱਚ ਜ਼ਿਆਦਾਤਰ ਕਿਸਾਨਾਂ ਦੀ ਸੋਚ ਇਹੀ ਸੀ ਕਿ ਸਿਰਫ਼ ਉਹੀ ਖੇਤੀ ਕਰਨੀ ਚਾਹੀਦੀ ਹੈ ਜੋ ਸਾਡੇ ਪਿਤਾ-ਪੁਰਖੇ ਕਰਦੇ ਸਨ। ਪਰ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਖੇਤੀਬਾੜੀ ਵਿੱਚ ਵੀ ਕੁੱਝ ਨਵਾਂ ਕਰਨ ਦੀ ਇੱਛਾ ਰੱਖਦੀ ਹੈ, ਕਿਉਂਕਿ ਜੇਕਰ ਇੱਕ ਨੌਜਵਾਨ ਕਿਸਾਨ ਆਪਣੀ ਸੋਚ ਬਦਲੇਗਾ ਤਾਂ ਹੀ ਹੋਰ ਕਿਸਾਨ ਕੁੱਝ ਨਵਾਂ ਕਰਨ ਬਾਰੇ ਸੋਚਣਗੇ।

ਇਹ ਕਹਾਣੀ ਵੀ ਇੱਕ ਅਜਿਹੇ ਕਿਸਾਨ ਦੀ ਹੈ ਜੋ ਆਪਣੇ ਪਿਤਾ ਨਾਲ ਰਵਾਇਤੀ ਖੇਤੀ ਕਰਨ ਤੋਂ ਇਲਾਵਾ ਕੁੱਝ ਅਲੱਗ ਕਰ ਰਿਹਾ ਹੈ। ਬਿਹਾਰ ਦੇ ਨੌਜਵਾਨ ਕਿਸਾਨ ਬੇਜੂਲਾਲ ਕੁਮਾਰ, ਜਿਹਨਾਂ ਦੇ ਪਿਤਾ ਆਪਣੀ 3-4 ਏਕੜ ਜ਼ਮੀਨ ‘ਤੇ ਕਣਕ, ਝੋਨੇ ਆਦਿ ਦੀ ਖੇਤੀ ਕਰਦੇ ਸਨ ਅਤੇ ਡੇਅਰੀ ਮੰਤਵ ਲਈ ਉਹਨਾਂ ਨੇ 2 ਗਾਵਾਂ ਅਤੇ 1 ਮੱਝ ਰੱਖੀ ਹੋਈ ਸੀ।

B.Sc. Physics ਦੀ ਪੜ੍ਹਾਈ ਤੋਂ ਬਾਅਦ ਬੇਜੂ ਲਾਲ ਨੇ ਘਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਪਰ ਬੇਜੂ ਲਾਲ ਦੇ ਮਨ ਵਿੱਚ ਹਮੇਸ਼ਾ ਕੁੱਝ ਅਲੱਗ ਕਰਨ ਦੀ ਇੱਛਾ ਸੀ। ਇਸ ਲਈ ਉਹ ਆਪਣੇ ਖਾਲੀ ਸਮੇਂ ਵਿੱਚ ਯੂ-ਟਿਊਬ ‘ਤੇ ਖੇਤੀਬਾੜੀ ਸੰਬੰਧੀ ਵੀਡੀਓ ਦੇਖਦੇ ਰਹਿੰਦੇ ਸੀ। ਇੱਕ ਦਿਨ ਉਹਨਾਂ ਨੇ ਮਸ਼ਰੂਮ ਫਾਰਮਿੰਗ ਦੀ ਵੀਡੀਓ ਦੇਖੀ ਅਤੇ ਇਸ ਵਿੱਚ ਉਹਨਾਂ ਦੀ ਦਿਲਚਸਪੀ ਪੈਦਾ ਹੋਈ।

ਮਸ਼ਰੂਮ ਦੀ ਖੇਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਨੇ ਇੰਟਰਨੈੱਟ ਦੇ ਜ਼ਰੀਏ ਮਸ਼ਰੂਮ ਉਤਪਾਦਕਾਂ ਨਾਲ ਰਾਬਤਾ ਕਾਇਮ ਕੀਤਾ, ਜਿਸ ਨਾਲ ਉਹਨਾਂ ਨੂੰ ਮਸ਼ਰੂਮ ਦੀ ਖੇਤੀ ਕਰਨ ਲਈ ਉਤਸ਼ਾਹ ਮਿਲਿਆ। ਪਰ ਇਸ ਕੰਮ ਲਈ ਕੋਈ ਵੀ ਉਹਨਾਂ ਨਾਲ ਸਹਿਮਤ ਨਹੀਂ ਸੀ, ਕਿਉਂਕਿ ਪਿੰਡ ਵਿੱਚ ਕਿਸੇ ਨੇ ਵੀ ਮਸ਼ਰੂਮ ਦੀ ਖੇਤੀ ਨਹੀਂ ਕੀਤੀ ਸੀ। ਪਰ ਬੇਜੂਲਾਲ ਨੇ ਆਪਣੇ ਮਨ ਵਿੱਚ ਪੱਕਾ ਇਰਾਦਾ ਬਣ ਲਿਆ ਸੀ ਕਿ ਸਾਰਿਆਂ ਨੂੰ ਜ਼ਰੂਰ ਕੁੱਝ ਅਲੱਗ ਕਰ ਕੇ ਦਿਖਾਉਣਗੇ।

ਮੇਰੇ ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਦੇ ਫੈਸਲੇ ਨੂੰ ਕਿਸੇ ਨੇ ਵੀ ਸਵੀਕਾਰ ਨਹੀਂ ਕੀਤਾ। ਉਹ ਸਾਰੇ ਮੈਨੂੰ ਕਹਿ ਰਹੇ ਸਨ ਕਿ ਜਿਸ ਕੰਮ ਬਾਰੇ ਸਮਝ ਨਾ ਹੋਵੇ, ਉਹ ਕੰਮ ਨਹੀਂ ਕਰਨਾ ਚਾਹੀਦਾ। – ਬੇਜੂਲਾਲ ਕੁਮਾਰ

ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਲਈ ਉਹ PUSA ਯੂਨੀਵਰਸਿਟੀ ਤੋਂ 5 ਕਿੱਲੋ ਸਪਾੱਨ ਲੈ ਕੇ ਆਏ। ਇਸ ਲਈ ਉਹਨਾਂ ਨੇ ਪਰਾਲੀ ਨੂੰ ਉਬਾਲਣਾ ਸ਼ੁਰੂ ਕਰ ਦਿੱਤਾ। ਬੇਜੂ ਲਾਲ ਨੂੰ ਇਸ ਤਰ੍ਹਾਂ ਕਰਦੇ ਦੇਖ ਪਿੰਡ ਵਾਲਿਆਂ ਨੇ ਉਹਨਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਪਰ ਉਹਨਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਅਤੇ ਕੰਮ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕਰਨਾ ਸ਼ੁਰੂ ਕਰ ਦਿੱਤਾ।

ਮੇਰੇ ਇਸ ਕੰਮ ਨੂੰ ਦੇਖ ਕੇ ਸਾਰੇ ਪਿੰਡ ਵਾਲੇ ਮੈਨੂੰ ਪਾਗਲ ਬੁਲਾਉਣ ਲੱਗ ਗਏ ਅਤੇ ਇਸ ਕੰਮ ਨੂੰ ਛੱਡਣ ਲਈ ਕਹਿਣ ਲੱਗੇ ਪਰ ਮੈਂ ਪਿੰਡ ਵਾਲਿਆਂ ਨਾਲੋਂ ਕੁੱਝ ਅਲੱਗ ਕਰਨ ਦੇ ਆਪਣੇ ਫੈਸਲੇ ਤੇ ਅਟੱਲ ਸੀ। – ਬੇਜੂਲਾਲ ਕੁਮਾਰ

ਮਸ਼ਰੂਮ ਉਗਾਉਣ ਲਈ ਜੋ ਵੀ ਜਾਣਕਾਰੀ ਉਹਨਾਂ ਨੂੰ ਚਾਹੀਦੀ ਹੁੰਦੀ ਸੀ ਉਹ ਜਾਂ ਤਾਂ ਇੰਟਰਨੈੱਟ ‘ਤੇ ਦੇਖਦੇ ਸਨ ਜਾਂ ਫਿਰ ਮਾਹਿਰਾਂ ਦੀ ਸਲਾਹ ਲੈਂਦੇ ਹਨ। ਸਮਾਂ ਬੀਤਣ ‘ਤੇ ਮਸ਼ਰੂਮ ਤਿਆਰ ਹੋ ਗਏ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਦਾ ਸਵਾਦ ਬਹੁਤ ਚੰਗਾ ਲੱਗਿਆ। ਉਹਨਾਂ ਨੇ ਬੇਜੂਲਾਲ ਨੂੰ ਉਸਦੀ ਇਸ ਕਾਮਯਾਬੀ ਲਈ ਸ਼ਾਬਾਸ਼ ਵੀ ਦਿੱਤੀ ਅਤੇ ਹੋਰ ਮਨ ਲਗਾ ਕੇ ਮਿਹਨਤ ਕਰਨ ਲਈ ਕਿਹਾ।

ਫਿਰ ਬੇਜੂਲਾਲ ਤਿਆਰ ਕੀਤੀ ਮਸ਼ਰੂਮ ਆਪਣੀ ਲੋਕਲ ਮਾਰਕਿਟ ਵਿੱਚ ਵੇਚਣ ਲਈ ਲੈ ਗਏ, ਜਿੱਥੇ ਗ੍ਰਾਹਕਾਂ ਨੂੰ ਵੀ ਮਸ਼ਰੂਮ ਬਹੁਤ ਪਸੰਦ ਆਈ ਅਤੇ ਉਹ ਹੋਰ ਮਸ਼ਰੂਮ ਦੀ ਮੰਗ ਕਰਨ ਲੱਗੇ। ਇਸ ਤੋਂ ਉਤਸ਼ਾਹਿਤ ਹੋ ਕੇ ਬੇਜੂਲਾਲ ਨੇ ਵੱਡੇ ਪੱਧਰ ‘ਤੇ ਮਸ਼ਰੂਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਮਿਲਕੀ ਅਤੇ ਬਟਨ ਮਸ਼ਰੂਮ ਉਗਾਉਂਦੇ ਹਨ ਅਤੇ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ।

ਸਫ਼ਲਤਾ ਹਾਸਿਲ ਕਰਨ ਲਈ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ ਅਤੇ ਸੰਘਰਸ਼ ਦਾ ਨਤੀਜਾ ਸਫ਼ਲਤਾ ਹੀ ਹੈ। ਇਸੇ ਤਰ੍ਹਾਂ ਬੈਜੂਲਾਲ ਨੂੰ ਆਪਣੇ ਸੰਘਰਸ਼ ਤੋਂ ਬਾਅਦ ਮਿਲੀ ਸਫ਼ਲਤਾ ਦੇ ਕਾਰਨ, ਆਪਣੀ ਮਸ਼ਰੂਮ ਕੰਪਨੀ “ਚੰਪਾਰਨ ਦ ਮਸ਼ਰੂਮ ਐਕਸਪਰਟ ਪ੍ਰਾਈਵੇਟ ਲਿਮਿਟਿਡ ਕੰਪਨੀ” ਸ਼ੁਰੂ ਕੀਤੀ ਹੈ।

ਹੁਣ ਬੇਜੂਲਾਲ ਇਸ ਕੰਮ ਵਿੱਚ ਨਿਪੁੰਨ ਹੋ ਚੁੱਕੇ ਹਨ ਅਤੇ ਉਹ ਹੋਰ ਕਿਸਾਨਾਂ ਵੀਰਾਂ ਅਤੇ ਮਹਿਲਾਵਾਂ ਨੂੰ ਮਸ਼ਰੂਮ ਉਤਪਾਦਨ ਦੇ ਨਾਲ-ਨਾਲ ਮਸ਼ਰੂਮ ਦੀ ਮਾਰਕੀਟਿੰਗ ਦੀ ਟ੍ਰੇਨਿੰਗ ਵੀ ਦਿੰਦੇ ਹਨ। ਉਨ੍ਹਾਂ ਤੋਂ ਟ੍ਰੇਨਿੰਗ ਲੈਣ ਵਾਲੇ ਕਿਸਾਨਾਂ ਨੂੰ ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਲਈ 2 ਕਿੱਲੋ ਸਪਾਨ, PPC ਬੈਗ, ਫੋਰਮੇਲਿਨ, ਬੇਵਾਸਟਿਨ ਅਤੇ ਸਪਰੇ ਮਸ਼ੀਨ ਵੀ ਦਿੰਦੇ ਹਨ।

ਇਸ ਤੋਂ ਇਲਾਵਾ ਮਸ਼ਰੂਮ ਉਤਪਾਦਕਾਂ ਦੇ ਜੋ ਮਸ਼ਰੂਮ ਬਚ ਜਾਂਦੇ ਹਨ, ਬੈਜੂਲਾਲ ਉਨ੍ਹਾਂ ਨੂੰ ਖਰੀਦ ਕੇ, ਉਨ੍ਹਾਂ ਨੂੰ ਸੁਕਾ ਕੇ ਉਤਪਾਦ ਤਿਆਰ ਕਰਦੇ ਹਨ, ਜਿਵੇਂ ਕਿ ਸੂਪ ਪਾਊਡਰ, ਮਸ਼ਰੂਮ ਆਚਾਰ, ਮਸ਼ਰੂਮ ਬਿਸਕੁਟ, ਮਸ਼ਰੂਮ ਪੇੜਾ ਆਦਿ।

ਜਿਹੜੇ ਪਿੰਡ ਵਾਸੀ ਮੈਨੂੰ ਪਾਗਲ ਕਹਿੰਦੇ ਸਨ, ਹੁਣ ਉਹ ਮੇਰੇ ਇਸ ਕੰਮ ਨੂੰ ਦੇਖ ਕੇ ਮੈਨੂੰ ਸ਼ਾਬਾਸ਼ ਦਿੰਦੇ ਹਨ ਅਤੇ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਨ। – ਬੇਜੂਲਾਲ ਕੁਮਾਰ
ਭਵਿੱਖ ਦੀ ਯੋਜਨਾ

ਬੇਜੂਲਾਲ ਭਵਿੱਖ ਵਿੱਚ ਆਪਣੇ ਇੱਕ ਕਿਸਾਨ ਗਰੁੱਪ ਰਾਹੀਂ ਮਸ਼ਰੂਮ ਤੋਂ ਉਤਪਾਦ ਬਣਾ ਕੇ, ਉਹਨਾਂ ਨੂੰ ਵੱਡੇ ਪੱਧਰ ‘ਤੇ ਵੇਚਣਾ ਚਾਹੁੰਦੇ ਹਨ।

ਸੰਦੇਸ਼
“ਪਰਾਲੀ ਨੂੰ ਖੇਤਾਂ ਵਿੱਚ ਜਲਾਉਣ ਨਾਲੋਂ ਚੰਗਾ ਹੈ ਕਿ ਕਿਸਾਨ ਪਰਾਲੀ ਦਾ ਇਸਤੇਮਾਲ ਮਸ਼ਰੂਮ ਉਤਪਾਦਨ ਜਾਂ ਫਿਰ ਪਸ਼ੂਆਂ ਦੇ ਚਾਰੇ ਦੇ ਰੂਪ ਵਿੱਚ ਕਰਨ। ਇਸ ਤੋਂ ਇਲਾਵਾ ਰਵਾਇਤੀ ਖੇਤੀ ਦੇ ਨਾਲ-ਨਾਲ ਜੇਕਰ ਕੋਈ ਸਹਾਇਕ ਧੰਦਾ ਸ਼ੁਰੂ ਕੀਤਾ ਜਾਵੇ ਤਾਂ ਕਿਸਾਨ ਇਸ ਤੋਂ ਵੀ ਚੰਗਾ ਮੁਨਾਫ਼ਾ ਕਮਾ ਸਕਦੇ ਹਨ।”