priyanka-gupta-pb

ਪ੍ਰਿਅੰਕਾ ਗੁਪਤਾ

(ਜੈਵਿਕ ਖੇਤੀ)

ਇੱਕ ਹੋਣਹਾਰ ਧੀ… ਜੋ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਮਿਹਨਤ ਕਰ ਰਹੀ ਹੈ

ਅੱਜ-ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿੱਥੇ ਬੱਚੇ ਮਾਂ-ਬਾਪ ਨੂੰ ਬੋਝ ਸਮਝਦੇ ਹਨ, ਉੱਥੇ ਦੂਜੇ ਪਾਸੇ ਪ੍ਰਿਅੰਕਾ ਗੁਪਤਾ ਆਪਣੇ ਪਿਤਾ ਦੇ ਦੇਖੇ ਹੋਏ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।

ਐਮ ਬੀ ਏ ਫਾਇਨਾਂਸ ਦੀ ਪੜ੍ਹਾਈ ਕਰ ਚੁੱਕੀ ਪ੍ਰਿਅੰਕਾ ਦਾ ਬਚਪਨ ਪੰਜਾਬ ਦੇ ਨੰਗਲ ਇਲਾਕੇ ਵਿੱਚ ਬੀਤਿਆ। ਪ੍ਰਿਅੰਕਾ ਦੇ ਪਿਤਾ ਬਦਰੀਦਾਸ ਬੰਸਲ ਬਿਜਲੀ ਵਿਭਾਗ, ਭਾਖੜਾ ਡੈਮ ਵਿੱਚ ਨਿਯੁਕਤ ਸਨ, ਜੋ ਕਿ ਨੌਕਰੀ ਦੇ ਨਾਲ-ਨਾਲ ਆਪਣੇ ਖੇਤੀ ਦੇ ਸ਼ੌਂਕ ਨੂੰ ਵੀ ਪੂਰਾ ਕਰ ਰਹੇ ਸਨ। ਉਹਨਾਂ ਦੇ ਕੋਲ ਘਰ ਦੇ ਪਿੱਛੇ ਥੋੜ੍ਹੀ ਜਿਹੀ ਜ਼ਮੀਨ ਸੀ, ਜਿਸ ਵਿੱਚ ਉਹ ਸਬਜ਼ੀਆਂ ਦੀ ਖੇਤੀ ਕਰਦੇ ਸਨ। ਬਾਰ੍ਹਾਂ ਸਾਲ ਨੰਗਲ ਵਿੱਚ ਰਹਿਣ ਤੋਂ ਬਾਅਦ ਪ੍ਰਿਅੰਕਾ ਦੇ ਪਿਤਾ ਦਾ ਤਬਾਦਲਾ ਪਟਿਆਲੇ ਹੋ ਗਿਆ ਤੇ ਉਹਨਾਂ ਦਾ ਸਾਰਾ ਪਰਿਵਾਰ ਪਟਿਆਲੇ ਆ ਕੇ ਰਹਿਣ ਲੱਗ ਗਿਆ। ਇੱਥੇ ਉਹਨਾਂ ਕੋਲ ਕਾਫੀ ਜ਼ਮੀਨ ਖਾਲੀ ਸੀ ਜਿਸ ‘ਤੇ ਉਹ ਖੇਤੀ ਕਰਨ ਲੱਗ ਗਏ। ਇਸਦੇ ਨਾਲ ਹੀ ਉਹਨਾਂ ਨੇ ਆਪਣਾ ਘਰ ਬਣਾਉਣ ਲਈ ਸੰਗਰੂਰ ਵਿੱਚ ਇੱਕ ਪਲਾਟ ਖਰੀਦ ਲਿਆ।

ਬਦਰੀਦਾਸ ਜੀ ਬਿਜਲੀ ਵਿਭਾਗ ਵਿੱਚੋਂ ਬਤੌਰ ਚੀਫ਼ ਇੰਜੀਨਿਅਰ ਰਿਟਾਇਰ ਹੋਏ। ਇਸ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਪ੍ਰਿਅੰਕਾ ਦੇ ਮਾਤਾ ਜੀ (ਵੀਨਾ ਬੰਸਲ) ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਬਿਮਾਰੀ ਨਾਲ ਲੜਦੇ-ਲੜਦੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਵੀਨਾ ਬੰਸਲ ਜੀ ਦੇ ਦੇਹਾਂਤ ਤੋਂ ਬਾਅਦ ਇਸ ਸਦਮੇ ਤੋਂ ਉੱਭਰਨ ਲਈ ਪ੍ਰਿਅੰਕਾ ਦੇ ਪਿਤਾ ਜੀ ਨੇ ਆਪਣਾ ਜ਼ਿਆਦਾਤਰ ਧਿਆਨ ਖੇਤੀਬਾੜੀ ‘ਤੇ ਕੇਂਦਰਿਤ ਕਰ ਦਿੱਤਾ। ਉਹਨਾਂ ਨੇ ਸੰਗਰੂਰ ਵਿੱਚ ਘਰ ਬਣਾਉਣ ਲਈ ਜੋ ਪਲਾਟ ਖਰੀਦਿਆ ਸੀ, ਉਸਦੇ ਆਸ-ਪਾਸ ਕੋਈ ਘਰ ਨਹੀਂ ਅਤੇ ਬਾਜ਼ਾਰ ਵੀ ਕਾਫੀ ਦੂਰ ਸੀ, ਤਾਂ ਉਹਨਾਂ ਦੇ ਪਿਤਾ ਨੇ ਉਸ ਜਗ੍ਹਾ ਦੀ ਸਫ਼ਾਈ ਕਰਵਾ ਕੇ ਉੱਥੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। 10 ਸਾਲ ਤੱਕ ਉਹਨਾਂ ਦੇ ਪਿਤਾ ਨੇ ਇਸ ਵਿੱਚ ਕਾਫੀ ਤਜ਼ਰਬਾ ਹਾਸਿਲ ਕੀਤਾ। ਰਿਸ਼ਤੇਦਾਰ ਵੀ ਉਹਨਾਂ ਤੋਂ ਹੀ ਸਬਜ਼ੀਆਂ ਲੈ ਕੇ ਜਾਂਦੇ ਸਨ। ਪਰ ਹੁਣ ਬਦਰੀਦਾਸ ਜੀ ਖੇਤੀ ਨੂੰ ਆਪਣੇ ਕਿੱਤੇ ਦੇ ਤੌਰ ‘ਤੇ ਅਪਨਾਉਣ ਦਾ ਮਨ ਬਣਾ ਲਿਆ।

ਪਰ ਉਹਨਾਂ ਦੀ ਸਿਹਤ ਜ਼ਿਆਦਾ ਠੀਕ ਨਹੀਂ ਰਹਿੰਦੀ ਸੀ ਤਾਂ ਪ੍ਰਿਅੰਕਾ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਮਨ ਬਣਾ ਲਿਆ ਅਤੇ ਇਸ ਤਰ੍ਹਾਂ ਪ੍ਰਿਅੰਕਾ ਦਾ ਖੇਤੀ ਵਿੱਚ ਰੁਝਾਨ ਹੋਰ ਵੱਧ ਗਿਆ।

ਪਹਿਲਾਂ ਉਹ ਪੰਜਾਬ ਐਗਰੋ ਨਾਲ ਕੰਮ ਕਰਦੇ ਸਨ, ਪਰ ਪਿਤਾ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਦਾ ਕੰਮ ਥੋੜ੍ਹਾ ਘੱਟ ਗਿਆ। ਇਸ ਗੱਲ ਦਾ ਪ੍ਰਿਅੰਕਾ ਨੂੰ ਮਲਾਲ ਹੈ, ਕਿਉਂਕਿ ਪੰਜਾਬ ਐਗਰੋ ਨਾਲ ਮਿਲ ਕੇ ਉਹਨਾਂ ਦਾ ਕੰਮ ਚੰਗਾ ਚੱਲ ਰਿਹਾ ਸੀ ਅਤੇ ਸਾਮਾਨ ਵੀ ਵਿੱਕ ਜਾਂਦਾ ਸੀ। ਇਸ ਤੋਂ ਬਾਅਦ 4-5 ਕਿਸਾਨਾਂ ਨਾਲ ਮਿਲ ਕੇ ਸੰਗਰੂਰ ਵਿੱਚ ਇੱਕ ਦੁਕਾਨ ਖੋਲ੍ਹੀ ਗਈ, ਪਰ ਕੁੱਝ ਕਮੀਆਂ ਕਰਕੇ ਉਹਨਾਂ ਨੂੰ ਦੁਕਾਨ ਬੰਦ ਕਰਨੀ ਪਈ।

ਹੁਣ ਉਹਨਾਂ ਦਾ 4 ਏਕੜ ਦਾ ਫਾਰਮ ਸੰਗਰੂਰ ਵਿੱਚ ਹੈ, ਪਰ ਫਾਰਮ ਦੀ ਜ਼ਮੀਨ ਠੇਕੇ ‘ਤੇ ਲਈ ਹੋਣ ਕਰਕੇ ਉਹ ਹਾਲੇ ਤੱਕ ਫਾਰਮ ਦਾ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਕਿਉਂਕਿ ਜਿਹਨਾਂ ਦੀ ਉਹ ਜ਼ਮੀਨ ਹੈ ਉਹ ਇਸ ਸਭ ਲਈ ਤਿਆਰ ਨਹੀਂ ਹਨ।

ਪਹਿਲਾਂ-ਪਹਿਲ ਉਹਨਾਂ ਨੂੰ ਮਾਰਕੀਟਿੰਗ ਵਿੱਚ ਦਿੱਕਤ ਆਈ, ਪਰ ਉਨ੍ਹਾਂ ਦੀ ਪੜ੍ਹਾਈ ਸਦਕਾ ਇਸਦਾ ਹੱਲ ਵੀ ਹੋ ਗਿਆ। ਹੁਣ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਖੇਤੀ ਨੂੰ ਦੇਣ ਲੱਗੇ ਹਨ। ਉਹ ਪੂਰੀ ਤਰ੍ਹਾਂ ਜੈਵਿਕ ਖੇਤੀ ਕਰਦੇ ਹਨ।

ਟ੍ਰੇਨਿੰਗ:

ਪ੍ਰਿਅੰਕਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਬਿਸਕੁਟ ਅਤੇ ਸਕੁਐਸ਼ ਬਣਾਉਣ ਦੀ ਟ੍ਰੇਨਿੰਗ ਦੇ ਨਾਲ-ਨਾਲ ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਵੀ ਲਈ, ਜਿਸ ਨਾਲ ਉਹਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

ਪ੍ਰਿਅੰਕਾ ਦੇ ਪਤੀ ਕੁਲਦੀਪ ਗੁਪਤਾ, ਜੋ ਇੱਕ ਆਰਕੀਟੈਕਟ ਹਨ, ਦੇ ਕਾਫੀ ਸਾਰੇ ਦੋਸਤ ਅਤੇ ਜਾਣ-ਪਹਿਚਾਣ ਵਾਲੇ ਪ੍ਰਿਅੰਕਾ ਦੁਆਰਾ ਤਿਆਰ ਕੀਤੇ ਉਤਪਾਦ ਹੀ ਖਰੀਦਦੇ ਹਨ।

“ਲੋਕਾਂ ਦਾ ਸੋਚਣਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਪਰ ਕੀਮਤ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਕੀਟਨਾਸ਼ਕਾਂ ਨਾਲ ਤਿਆਰ ਕੀਤੇ ਗਏ ਉਤਪਾਦ ਖਾ ਕੇ ਸਿਹਤ ਖ਼ਰਾਬ ਕਰਨ ਤੋਂ ਚੰਗਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਸਿਹਤ ਤੋਂ ਵੱਧ ਕੇ ਕੁੱਝ ਨਹੀਂ ਹੈ” – ਪ੍ਰਿਅੰਕਾ ਗੁਪਤਾ
ਪ੍ਰਿਅੰਕਾ ਦੁਆਰਾ ਤਿਆਰ ਕੀਤੇ ਗਏ ਕੁੱਝ ਉਤਪਾਦ:
  • ਬਿਸਕੁਟ (ਬਿਨਾਂ ਅਮੋਨੀਆ)
  • ਅਚਾਰ
  • ਵੜੀਆਂ
  • ਕਾਲੇ ਛੋਲੇ
  • ਚਿੱਟੇ ਛੋਲੇ
  • ਸਾਬੁਤ ਮਸਰ
  • ਹਲਦੀ
  • ਅਲਸੀ ਦੇ ਬੀਜ
  • ਸੌਂਫ਼
  • ਕਲੌਂਜੀ
  • ਸਰ੍ਹੋਂ
  • ਲਸਣ
  • ਪਿਆਜ਼
  • ਆਲੂ
  • ਮੂੰਗੀ
  • ਜਵਾਰ
  • ਬਾਜਰਾ
  • ਤਿਲ
  • ਮੱਕੀ ਦੇਸੀ
  • ਸਾਰੀਆਂ ਸਬਜ਼ੀਆਂ
ਦਰੱਖ਼ਤ
  • ਬ੍ਰਹਮੀ
  • ਸਟੀਵੀਆ
  • ਹਰੜ
  • ਅੰਬ
  • ਅਮਰੂਦ
  • ਕਰੈਨਬੇਰੀ
  • ਪੁਦੀਨਾ
  • ਤੁਲਸੀ
  • ਨਿੰਬੂ
  • ਬੇਲ
  • ਨਿੰਮ
  • ਖਸ
  • ਸ਼ਹਿਤੂਤ
  • ਆਂਵਲਾ
  • ਅਸ਼ੋਕਾ
  • ਮੋਰਿੰਗਾ

ਇਹ ਸਭ ਉਤਪਾਦ ਬਣਾਉਣ ਤੋਂ ਇਲਾਵਾ ਪ੍ਰਿਅੰਕਾ ਮਧੂ-ਮੱਖੀ ਪਾਲਣ ਅਤੇ ਪੋਲਟਰੀ ਦਾ ਕੰਮ ਵੀ ਕਰਦੇ ਹਨ, ਜਿਸ ਵਿੱਚ ਪ੍ਰਿਅੰਕਾ ਦੇ ਪਤੀ ਵੀ ਉਹਨਾਂ ਦਾ ਸਾਥ ਦਿੰਦੇ ਹਨ।

“ਅਸੀਂ ਮੋਨੋ-ਕਰਾਪਿੰਗ ਨਹੀਂ ਕਰਦੇ, ਇਕੱਲੇ ਚੌਲ ਅਤੇ ਕਣਕ ਨਹੀਂ ਬੀਜਦੇ, ਅਸੀਂ ਨਾਲ-ਨਾਲ ਜਵਾਰ, ਬਾਜਰਾ, ਮੱਕੀ ਅਲੱਗ-ਅਲੱਗ ਫ਼ਸਲਾਂ ਬੀਜਦੇ ਹਾਂ। – ਪ੍ਰਿਅੰਕਾ ਗੁਪਤਾ
ਉਪਲੱਬਧੀਆਂ:
  • ਪ੍ਰਿਅੰਕਾ 2 ਵਾਰ ਵੂਮੈਨ ਆਫ਼ ਇੰਡੀਆ ਆਰਗੈਨਿਕ ਫੈਸਟੀਵਲ ਵਿੱਚ ਹਿੱਸਾ ਲੈ ਚੁੱਕੇ ਹਨ।
  • ਛੋਟੇ ਬੱਚਿਆਂ ਨੂੰ ਬਿਸਕੁਟ ਬਣਾਉਣ ਦੀ ਟ੍ਰੇਨਿੰਗ ਦਿੱਤੀ।
  • ਜਲੰਧਰ ਰੇਡੀਓ ਸਟੇਸ਼ਨ AIR ਵਿੱਚ ਵੀ ਹਿੱਸਾ ਲੈ ਚੁੱਕੇ ਹਨ।
ਭਵਿੱਖ ਦੀ ਯੋਜਨਾ:

ਭਵਿੱਖ ਵਿੱਚ ਜੇਕਰ ਕੋਈ ਉਹਨਾਂ ਤੋਂ ਸਾਮਾਨ ਲੈ ਕੇ ਵੇਚਣਾ ਚਾਹੁੰਦਾ ਹੈ ਤਾਂ ਉਹ ਸਾਮਾਨ ਲੈ ਸਕਦੇ ਹਨ ਤਾਂ ਜੋ ਪ੍ਰਿਅੰਕਾ ਆਪਣਾ ਸਾਰਾ ਧਿਆਨ ਕੁਆਲਿਟੀ ਵਧਾਉਣ ਵੱਲ ਕੇਂਦਰਿਤ ਕਰ ਸਕਣ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਸਕਣ।

ਕਿਸਾਨਾਂ ਨੂੰ ਸੰਦੇਸ਼ :
“ਮਿਹਨਤ ਤਾਂ ਹਰ ਕੰਮ ਵਿੱਚ ਕਰਨੀ ਹੀ ਪੈਂਦੀ ਹੈ। ਮਿਹਨਤ ਤੋਂ ਬਾਅਦ ਤਿਆਰ ਖੜ੍ਹੀ ਹੋਈ ਫ਼ਸਲ ਨੂੰ ਦੇਖ ਕੇ ਅਤੇ ਗ੍ਰਾਹਕਾਂ ਦੁਆਰਾ ਕੀਤੀ ਤਾਰੀਫ਼ ਨੂੰ ਸੁਣ ਕੇ ਜੋ ਸੰਤੁਸ਼ਟੀ ਮਿਲਦੀ ਹੈ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।”