mf-pb

ਪ੍ਰਭਜੋਤ, ਸ਼ਮਿੰਦਰ ਅਤੇ ਸੌਰਵ

(ਪ੍ਰੋਸੈੱਸਿੰਗ)

ਤਿੰਨ ਸੂਖਮ-ਜੀਵ ਵਿਗਿਆਨੀਆਂ ਦੀ ਕਹਾਣੀ, ਜੋ ਸਮਾਜ ਨੂੰ ਉੱਤਮ ਭੋਜਨ ਪ੍ਰਦਾਨ ਕਰਨ ਲਈ ਉੱਦਮੀਆਂ ਦੇ ਸਮੂਹ ਦੇ ਰੂਪ ਵਿੱਚ ਉੱਭਰ ਰਹੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਫ਼ਲ ਕਾਰੋਬਾਰ, ਸੰਘਰਸ਼ ਨਾਲ ਸ਼ੁਰੂ ਹੋ ਕੇ ਸਿਖਰ ‘ਤੇ ਪਹੁੰਚਦਾ ਹੈ ਅਤੇ ਕੁੱਝ ਵੀ ਅਸਾਨੀ ਨਾਲ ਹਾਸਲ ਨਹੀਂ ਹੁੰਦਾ। ਹਰ ਇੱਕ ਵਪਾਰ ਦੀ ਸ਼ੁਰੂਆਤ ਦੇ ਪਿੱਛੇ ਸ਼ਾਨਦਾਰ ਵਿਚਾਰ, ਦੇਰ ਰਾਤ ਦੇ ਵਿਚਾਰ-ਵਟਾਂਦਰੇ, ਨਜ਼ਦੀਕੀ ਲੋਕਾਂ ਦੇ ਨਾਲ ਬਹਿਸ, ਵਿਚਾਰ ਪ੍ਰਕਿਰਿਆ ਅਤੇ ਹੋਰ ਬਹੁਤ ਕੁੱਝ ਹੁੰਦਾ ਹੈ। ਜੇਕਰ ਅਸੀਂ ਇਹ ਕਹੀਏ ਕਿ ਉਹ ਬੁੱਧੀਮਾਨ ਹੈ ਜਾਂ ਉਹ ਆਰਥਿਕ ਤੌਰ ‘ਤੇ ਚੰਗਾ ਹੈ, ਇਸ ਲਈ ਉਹ ਇੱਕ ਵਧੀਆ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਹੈ, ਤਾਂ ਇਹ ਸੱਚ ਨਹੀਂ ਹੈ। ਸਾਡੇ ਸਾਰਿਆਂ ਕੋਲ ਬਰਾਬਰ ਮੌਕੇ ਹੁੰਦੇ ਹਨ ਅਤੇ ਅਸੀਂ ਸਾਰੇ ਵੱਡੇ ਕਾਰੋਬਾਰੀ ਵਿਚਾਰਾਂ ਨਾਲ ਘਿਰੇ ਹੋਏ ਹਾਂ, ਸਾਨੂੰ ਸਿਰਫ਼ ਆਪਣੇ ਅੰਦਰ ਦੇਖਣਾ ਚਾਹੀਦਾ ਹੈ ਅਤੇ ਸੰਭਾਵਨਾਵਾਂ ਨੂੰ ਨੇੜੇ ਆਉਣ ਦੇਣਾ ਚਾਹੀਦਾ ਹੈ। ਅੱਜ ਅਸੀਂ ਉਨ੍ਹਾਂ ਤਿੰਨ ਨੌਜਵਾਨਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਆਲੇ-ਦੁਆਲੇ ਤੋਂ ਮੌਕਿਆਂ ਦੀ ਖੋਜ ਕੀਤੀ ਅਤੇ ਉੱਭਰਦੇ ਹੋਏ ਉੱਦਮੀਆਂ ਦੇ ਇੱਕ ਸਮੂਹ ਦੇ ਤੌਰ ‘ਤੇ ਅੱਗੇ ਆਏ।

ਇਹ ਤਿੰਨ ਨੌਜਵਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ – ਪ੍ਰਭਜੋਤ ਸਿੰਘ ਖੰਨਾ, ਸ਼ਮਿੰਦਰ ਸਿੰਘ ਬਰਾੜ ਅਤੇ ਸੌਰਵ ਸਿੰਗਲਾ, ਜੋ ਵਪਾਰਿਕ ਤੌਰ ‘ਤੇ ਨਹੀਂ, ਬਲਕਿ ਸੂਖਮ-ਜੀਵ ਵਿਗਿਆਨੀ ਦੇ ਤੌਰ ‘ਤੇ ਇਸ ਵਿਸ਼ਵਾਸ ਨਾਲ ਅੱਗੇ ਆਏ ਕਿ ਉਹ ਲੋਕਾਂ ਨੂੰ ਸਭ ਤੋਂ ਉੱਤਮ ਭੋਜਨ ਪ੍ਰਦਾਨ ਕਰਨਗੇ ਅਤੇ ਆਪਣੇ ਵਿਚਾਰ ਨੂੰ ਪਹਿਚਾਣ ਅਤੇ ਦਿਸ਼ਾ ਦੇਣ ਦੇ ਲਈ 2015 ਵਿੱਚ ਉਨ੍ਹਾਂ ਨੇ ਮਾਈਕ੍ਰੋ ਫੂਡਜ਼ ਦੇ ਨਾਮ ਨਾਲ ਲੁਧਿਆਣਾ(ਪੰਜਾਬ) ਵਿੱਚ ਆਪਣੀ ਕੰਪਨੀ ਸਥਾਪਿਤ ਕੀਤੀ।

ਇਹ ਸੱਚ ਹੈ ਕਿ ਇਹ ਇਨ੍ਹਾਂ ਤਿੰਨਾਂ ਦਾ ਸਾਂਝਾ ਯਤਨ ਸੀ, ਪਰ ਉਨ੍ਹਾਂ ਦੀ ਸ਼ੁਰੂਆਤ ਦੇ ਪਿੱਛੇ ਮੁੱਖ ਪ੍ਰੇਰਣਾ ਉਨ੍ਹਾਂ ਦੇ ਪ੍ਰੋਫੈਸਰ ਡਾ. ਸੰਜੀਵ ਕਪੂਰ ਅਤੇ ਡਾ. ਰਮਨਦੀਪ ਸਿੰਘ ਜੀ ਦੀ ਸੀ। ਆਪਣੀ ਪੜ੍ਹਾਈ ਅਤੇ ਵਿਨੇਗਰ ਦੇ ਖੇਤਰ ਵਿੱਚ ਖੋਜ ਪੂਰੀ ਕਰਨ ਦੇ ਬਾਅਦ, ਤਿੰਨਾਂ ਨੌਜਵਾਨਾਂ ਨੇ ਆਖਰ ‘ਚ ਇਹ ਉੱਦਮ ਸ਼ੁਰੂ ਕੀਤਾ। ਉਨ੍ਹਾਂ ਤਿੰਨਾਂ ਨੇ ਆਪ ਹੀ ਕੰਪਨੀ ਦਾ ਨਾਮ ਸੋਚਿਆ ਅਤੇ ਲੋਗੋ ਵੀ ਤਿਆਰ ਕੀਤਾ।

ਆਪਣੇ ਖੋਜ ਕਾਰਜ ਦੌਰਾਨ, ਉਹ ਪਹਿਲਾਂ ਹੀ ਕੰਮ ਦਾ ਅਨੁਭਵ ਅਤੇ ਕਈ ਵੱਡੇ ਖਮੀਰ ਅਤੇ ਸਿਰਕਾ ਉਦਯੋਗਾਂ ਦਾ ਗਿਆਨ ਰੱਖਦੇ ਸਨ। ਇਸ ਲਈ ਉਨ੍ਹਾਂ ਨੇ ਕੁਦਰਤੀ ਫਲਾਂ ਤੋਂ ਕੁਦਰਤੀ ਖਮੀਰ ਤਕਨੀਕਾਂ ਦੀ ਵਰਤੋਂ ਕਰ ਕੇ ਕਾਰਬਨਿਕ ਸਿਰਕਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਉਹ ਵੀ ਨਕਲੀ ਐਸਿਡ ਜਾਂ ਨਕਲੀ ਸਮੱਗਰੀ ਦਾ ਇਸਤੇਮਾਲ ਕੀਤੇ ਬਿਨਾਂ। ਪ੍ਰਭਜੋਤ ਦੇ ਘਰ ਵਿੱਚ ਉਨ੍ਹਾਂ ਨੇ 500 ਗਜ ਦੇ ਖੇਤਰ ਵਿੱਚ ਆਪਣਾ ਉਤਪਾਦਨ ਯੂਨਿਟ ਸਥਾਪਿਤ ਕੀਤਾ। ਉਹ ਇਸ ਯੂਨਿਟ ਵਿੱਚ ਕੀਟਾਣੂਆਂ ਤੋਂ ਬਚਾਅ ਅਤੇ ਸਫ਼ਾਈ ਆਦਿ ਦਾ ਵਿਸ਼ੇਸ਼ ਧਿਆਨ ਰੱਖਦੇ ਹਨ।

ਉਨ੍ਹਾਂ ਨੇ FRUIGAR (ਫਰੂਗਰ) ਬ੍ਰੈਂਡ ਦੇ ਤਹਿਤ ਸੇਬ, ਜਾਮੁਨ, ਗੰਨਾ ਅਤੇ ਚਿੱਟੇ ਅੰਗੂਰਾਂ ਨਾਲ 4 ਕਿਸਮਾਂ ਦੇ ਸਿਰਕੇ ਦਾ ਉਤਪਾਦਨ ਸ਼ੁਰੂ ਕੀਤਾ। FRUIGAR ਨਾਮ ਚੁਣਨ ਦੇ ਪਿੱਛੇ ਇਹ ਵਿਚਾਰ ਸੀ ਕਿ FRUIT ਤੋਂ FRUI ਸ਼ਬਦ ਅਤੇ VINEGAR ਤੋਂ GAR ਸ਼ਬਦ ਲਿਆ ਗਿਆ। ਉਨ੍ਹਾਂ ਨੇ ਦੱਖਣੀ ਭਾਰਤ ਤੋਂ ਕੱਚਾ ਮਾਲ ਮੰਗਵਾਇਆ। ਇਨ੍ਹਾਂ ਫਲਾਂ ਨੂੰ ਚੁਣਨ ਦਾ ਕਾਰਨ ਇਹ ਸੀ ਕਿ ਇਨ੍ਹਾਂ ਸਾਰਿਆਂ ਦੇ ਮੁੱਖ ਸਿਹਤ ਲਾਭ ਹਨ ਅਤੇ ਬਜ਼ਾਰ ਵਿੱਚ ਇਨ੍ਹਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਦੇ ਇਲਾਵਾ ਇਹ ਜੈਵਿਕ ਹਨ ਅਤੇ ਮਨੁੱਖੀ ਜੀਵਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਉਤਪਾਦ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਮਾਰਕੀਟਿੰਗ ਯੋਜਨਾ ਬਣਾਈ। ਉਨ੍ਹਾਂ ਨੇ ਉਤਪਾਦ ਨੂੰ ਉਸ ਡਾਟੇ ਦੇ ਆਧਾਰ ‘ਤੇ ਮਾਰਕੀਟਿੰਗ ਕਰਨਾ ਸ਼ੁਰੂ ਕੀਤਾ, ਜਿਸ ਦਾ ਇਸਤੇਮਾਲ ਉਨ੍ਹਾਂ ਨੇ ਆਪਣੀ ਖੋਜ ਵਿੱਚ ਕੀਤਾ ਸੀ। ਉਨ੍ਹਾਂ ਨੇ ਆਪਣੇ ਉਤਪਾਦ ਨੂੰ ਸਾਰੇ ਡਾਕਟਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਨੇ ਆਪਣੇ ਜੈਵਿਕ ਵਿਨੇਗਰ ਦੇ ਸਰੀਰਕ ਫਾਇਦਿਆਂ ਦੀ ਵੀ ਜਾਣਕਾਰੀ ਦਿੱਤੀ। ਫਲਾਂ ਦਾ ਸਿਰਕਾ ਬਣਾਉਣ ਪਿੱਛੇ ਉਨ੍ਹਾਂ ਦਾ ਮੁੱਖ ਉਦੇਸ਼ ਕਿਸੇ ਵੀ ਨਕਲੀ ਸਮੱਗਰੀ ਦੇ ਬਿਨਾਂ ਸਮਾਜ ਨੂੰ ਅਰੋਗ ਉਤਪਾਦ ਪ੍ਰਦਾਨ ਕਰਨਾ ਸੀ।

ਇਹ ਉੱਦਮੀ ਇੱਥੇ ਹੀ ਨਹੀਂ ਰੁਕੇ। ਉਹ ਦੋ ਨਵੇਂ ਉਤਪਾਦਾਂ ਨਾਲ ਅੱਗੇ ਵਧੇ, ਜਿਨ੍ਹਾਂ ਨੂੰ ਹੁਣ ਸ਼ੂਗਰ ਦੇ ਮਰੀਜ਼ਾਂ ਲਈ ਆਟੇ ਅਤੇ ਗਲੂਟੇਨ ਤੋਂ ਮੁਕਤ ਆਟੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸ ਦੀ ਅੱਜ-ਕੱਲ੍ਹ ਬਹੁਤ ਮੰਗ ਹੈ। ਖੇਤੀ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਸ਼ਮਿੰਦਰਜੀਤ ਸਿੰਘ ਕਣਕ ਅਤੇ ਝੋਨੇ ਦਾ ਉਤਪਾਦਨ ਕਰਦੇ ਹਨ ਅਤੇ ਆਪਣੇ ਨਵੇਂ ਉਤਪਾਦ ਲਈ ਕੱਚਾ ਮਾਲ ਵੀ ਪ੍ਰਦਾਨ ਕਰਦੇ ਹਨ। ਉਹ ਆਪਣਾ ਕੰਮ ਪਿਛਲੇ ਦੋ ਸਾਲ ਤੋਂ ਕਰ ਰਹੇ ਹਨ ਅਤੇ ਹੌਲੀ-ਹੌਲੀ ਆਪਣੇ ਉਤਪਾਦ ਨੂੰ ਬਜ਼ਾਰ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਰਹੇ ਹਨ। ਵਰਤਮਾਨ ਵਿੱਚ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਪਰ ਨਾਲ ਹੀ ਕੋਈ ਨੁਕਸਾਨ ਵੀ ਨਹੀਂ ਹੋ ਰਿਹਾ। ਪਰ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਨੇ ਚੰਗੇ ਗ੍ਰਾਹਕਾਂ ਦੀ ਭਾਰੀ ਸੰਖਿਆ ਆਪਣੇ ਨਾਲ ਜੋੜ ਲਈ ਹੈ, ਜੋ ਕਿ ਉਨ੍ਹਾਂ ਦੇ ਉਤਪਾਦਾਂ ਦੇ ਸਿਹਤ ਫਾਇਦਿਆਂ ਤੋਂ ਜਾਣੂ ਹਨ ਅਤੇ ਉਨ੍ਹਾਂ ਦੇ ਉਤਪਾਦਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ।

ਉਨ੍ਹਾਂ ਲਈ ਇਹ ਸਿਰਫ਼ ਸ਼ੁਰੂਆਤ ਹੈ। ਉਹ ਸਮਾਜ ਵਿੱਚ ਸਿਹਤਮੰਦ ਅਤੇ ਜੈਵਿਕ ਉਤਪਾਦਾਂ ਨਾਲ ਅੱਗੇ ਆਉਣਾ ਚਾਹੁੰਦੇ ਹਨ। ਭਵਿੱਖ ਵਿੱਚ ਉਹ ਮਾਰਕਿਟ ਅਤੇ ਵੱਡੀ ਸੰਖਿਆ ਵਿੱਚ ਫੈਕਟਰੀਆਂ ਨੂੰ ਕਵਰ ਕਰਨਾ ਚਾਹੁੰਦੇ ਹਨ। ਹੁਣ ਤੱਕ ਉਹ ਅੰਸ਼ਿਕ ਤੌਰ ‘ਤੇ ਪੈਕੇਜ਼ਿੰਗ, ਪ੍ਰੋਸੈੱਸਿੰਗ ਅਤੇ ਮੰਡੀਕਰਨ ਲਈ ਦੂਜਿਆਂ ‘ਤੇ ਨਿਰਭਰ ਹਨ। ਪਰ 2017 ਤੋਂ ਬਾਅਦ, ਉਹ ਆਪ ਉਤਪਾਦਾਂ ਦੀ ਪ੍ਰੋਸੈੱਸਿੰਗ, ਪੈਕਿੰਗ ਅਤੇ ਮੰਡੀਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਆਪਣੇ ਉਤਪਾਦਾਂ ਨੂੰ ਵੇਚਣ ਦੇ ਲਈ ਮਾਰਕਫੈੱਡ ਨਾਲ ਜੁੜਨ ਦੀ ਸੋਚ ਰਹੇ ਹਨ।

ਪ੍ਰਭਜੋਤ, ਸ਼ਮਿੰਦਰ ਅਤੇ ਸੋਰਵ ਦੁਆਰਾ ਸੰਦੇਸ਼
“ਅੱਜ ਦੇ ਨੌਜਵਾਨ, ਜੋ ਕਿ ਮਾਈਕਰੋਬਾਇਓਲੋਜੀ ਦੇ ਖੇਤਰ ਤੋਂ ਹਨ, ਉਨ੍ਹਾਂ ਨੂੰ ਆਪਣੀ ਸਿੱਖਿਆ ਨੂੰ ਸਮਾਜ ਲਈ ਵਰਦਾਨ ਬਣਾਉਣ ਦੀ ਦਿਸ਼ਾ ਬਾਰੇ ਸੋਚਣਾ ਚਾਹੀਦਾ ਹੈ। ਸੂਖਮ-ਜੀਵ ਵਿਗਿਆਨ ਵਿੱਚ ਕਈ ਅਲੱਗ-ਅਲੱਗ ਖੇਤਰ ਹਨ ਜਿਸ ਵਿੱਚ ਵਿਦਿਆਰਥੀ ਕੁੱਝ ਅਲੱਗ ਕਰ ਸਕਦੇ ਹਨ। ਪਰ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਖੇਤਰ ਦੇ ਸਿਆਣੇ ਲੋਕਾਂ ਦੇ ਨਾਲ ਚਰਚਾ ਕਰਨੀ ਚਾਹੀਦੀ ਹੈ। ਪੇਸ਼ੇਵਰ ਲੋਕਾਂ ਅਤੇ ਆਪਣੇ ਪ੍ਰੋਫੈਸਰਾਂ ਤੋਂ ਜਿੰਨਾ ਸੰਭਵ ਹੋ ਸਕੇ ਸਿੱਖਣਾ ਚਾਹੀਦਾ ਹੈ।”