img_8353

ਪਰਮਜੀਤ ਸਿੰਘ

(ਦੇਸੀ ਬੀਜ ਅਤੇ ਆੱਰਗੈਨਿਕ ਖੇਤੀ)

ਇੱਕ ਅਜਿਹੇ ਕਿਸਾਨ ਜਿਸ ਨੇ ਘੱਟ ਉਮਰ ਦੇ ਵਿੱਚ ਹੀ ਉੱਚੀਆਂ ਮੰਜਿਲਾਂ ਤੇ ਜਿੱਤ ਹਾਸਿਲ ਕਰ ਲਈ

ਕੁਦਰਤ ਦੇ ਅਨੁਸਾਰ ਜਿਉਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਜੋ ਕੁੱਝ ਵੀ ਅਸੀਂ ਅੱਜ ਕਰ ਰਹੇ ਹਾਂ ਜਾਂ ਖਾ ਰਹੇ ਹਾਂ, ਪੀ ਰਹੇ ਹਾਂ ਸਭ ਕੁਦਰਤ ਦੀ ਦੇਣ ਹੈ। ਇਸ ਨੂੰ ਇਵੇਂ ਹੀ ਬਣਾਏ ਰੱਖਣਾ ਆਪਣੇ ਹੀ ਹੱਥਾਂ ਵਿੱਚ ਹੈ। ਜੇਕਰ ਕੁਦਰਤ ਦੇ ਅਨੁਸਾਰ ਚੱਲਾਂਗੇ ਤਾਂ ਕਦੇ ਵੀ ਬਿਮਾਰ ਨਹੀਂ ਹੋਵਾਂਗੇ।

ਅਜਿਹੀ ਮਿਸਾਲ ਨੇ ਇੱਕ ਕਿਸਾਨ ਪਰਮਜੀਤ ਸਿੰਘ, ਜੋ ਲੁਧਿਆਣੇ ਦੇ ਨੇੜੇ ਲੱਗਦੇ ਪਿੰਡ ਕਟਹਾਰੀ ਵਿੱਚ ਰਹਿੰਦੇ ਹਨ, ਜੋ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਸਾਂਭ ਕੇ ਰੱਖ ਰਹੇ ਹਨ ਤੇ ਨਿਭਾ ਵੀ ਰਹੇ ਹਨ। “ਕਹਿੰਦੇ ਹਨ ਕਿ ਕੁਦਰਤ ਨਾਲ ਪਿਆਰ ਹੋ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਜੇਕਰ ਤੁਹਾਨੂੰ ਕੁਦਰਤ ਕੁੱਝ ਪ੍ਰਦਾਨ ਕਰ ਰਹੀ ਹੈ ਤਾਂ ਉਹਨੂੰ ਉਸ ਤਰ੍ਹਾਂ ਹੀ ਵਰਤੋਂ ਜਿਵੇਂ ਕੁਦਰਤ ਚਾਹੁੰਦੀ ਹੈ।”

ਕੁਦਰਤ ਨਾਲ ਉਹਨਾਂ ਦਾ ਇੰਨਾ ਮੋਹ ਪੈ ਗਿਆ ਕਿ ਉਹਨਾਂ ਨੇ ਨੌਕਰੀ ਛੱਡ ਕੇ ਕੁਦਰਤ ਵੱਲੋਂ ਮਿਲੀ ਦਾਤ ਨੂੰ ਪੱਲੇ ਪਾਇਆ ਅਤੇ ਉਸ ਦਾਤ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋਏ, ਕਿੰਨੇ ਹੀ ਲੋਕਾਂ ਦੀ ਬੀ.ਪੀ., ਸ਼ੂਗਰ ਆਦਿ ਵਰਗੀਆਂ ਕਿੰਨੀਆਂ ਹੀ ਬਿਮਾਰੀਆਂ ਨੂੰ ਦੂਰ ਕੀਤਾ।

ਜਦੋਂ ਬੰਦੇ ਦਾ ਮਨ ਇੱਕ ਕੰਮ ਕਰਕੇ ਖੁਸ਼ ਨਹੀਂ ਹੁੰਦਾ ਤਾਂ ਬੰਦਾ ਆਪਣੇ ਕੰਮ ਨੂੰ ਹਾਸਮਈ ਤਰੀਕਾ ਕਹਿ ਲਵੋ ਜਾਂ ਫਿਰ ਮਨ-ਪਰਚਾਵੇਂ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂਕਿ ਉਸ ਨੂੰ ਥੋੜ੍ਹਾ ਆਨੰਦ ਪ੍ਰਾਪਤ ਹੋ ਸਕੇ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਮਜੀਤ ਸਿੰਘ ਨੇ ਬਹੁਤ ਸਾਰੇ ਕੋਰਸ ਕਰਨ ਤੋਂ ਬਾਅਦ ਦੇਸੀ ਬੀਜਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸੀ ਬੀਜ ਜਿਵੇਂ ਰਾਗੀ, ਕੰਗਣੀ ਦਾ ਕੰਮ ਕਰਨ ਸਦਕਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਨੇ ਬਦਲਾਅ ਆਏ ਕਿ ਅੱਜ ਉਹ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਗਏ ਹਨ।

ਜਦੋਂ ਮੈਂ ਮਿਲਟ ਰਿਸਰਚ ਸੈਂਟਰ ਵਿੱਚ ਕੰਮ ਕਰ ਰਿਹਾ ਸੀ ਤਾਂ ਮੈਨੂੰ ਉੱਥੇ ਰਾਗੀ, ਕੰਗਣੀ ਦੇ ਦੇਸੀ ਬੀਜਾਂ ਬਾਰੇ ਪਤਾ ਲੱਗਾ ਅਤੇ ਮੈਂ ਇਹਨਾਂ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ -ਪਰਮਜੀਤ ਸਿੰਘ

ਮੁੱਢਲੀ ਜਾਣਕਾਰੀ ਮਿਲਣ ਤੋਂ ਬਾਅਦ, ਉਹਨਾਂ ਨੇ ਤਜੁਰਬੇ ਦੇ ਤੌਰ ‘ਤੇ ਸਭ ਤੋਂ ਪਹਿਲਾਂ ਖੇਤਾਂ ਵਿੱਚ ਰਾਗੀ, ਕੰਗਣੀਂ ਦੇ ਬੀਜ ਲਾਏ ਸਨ। ਇਹ ਕੰਮ ਉਹਨਾਂ ਦੇ ਦਿਲ ਨੂੰ ਇੰਨਾ ਛੋਹ ਗਿਆ, ਉਹਨਾਂ ਨੇ ਦੇਸੀ ਬੀਜਾਂ ਵੱਲ ਹੀ ਧਿਆਨ ਕੇਂਦਰਿਤ ਕਰ ਲਿਆ। ਫਿਰ ਦੇਸੀ ਬੀਜਾਂ ਰਾਹੀਂ ਕੰਮ ਕਰਕੇ ਆਪਣਾ ਕਾਰੋਬਾਰ ਵਧਾਉਣ ਲੱਗ ਗਏ ਅਤੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਵੇਂ-ਜਿਵੇਂ ਕੰਮ ਵੱਧਦਾ ਗਿਆ, ਅਸੀਂ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿਸ ਦੇ ਸਦਕਾ ਸਾਨੂੰ ਲੋਕ ਹੋਰ ਜਾਨਣ ਲੱਗ ਗਏ -ਪਰਮਜੀਤ ਸਿੰਘ

ਇਸ ਕੰਮ ਵਿੱਚ ਉਹਨਾਂ ਦਾ ਸਾਥ ਉਨ੍ਹਾਂ ਦੇ ਦੋਸਤ ਦੇ ਰਹੇ ਹਨ ਜੋ ਇੱਕ ਗਰੁੱਪ ਬਣਾ ਕੇ ਕੰਮ ਕਰਦੇ ਹਨ ਅਤੇ ਮਾਰਕੀਟਿੰਗ ਕਰਨ ਲਈ ਅਲੱਗ-ਅਲੱਗ ਥਾਵਾਂ ਤੇ ਜਾਂਦੇ ਹਨ। ਉਹਨਾਂ ਦੇ ਪਿੰਡ ਵੱਲ ਇੱਕ ਸੜਕ ਆਉਂਦਿਆਂ ਰਾੜਾ ਸਾਹਿਬ ਗੁਰੂਦੁਆਰੇ ਦੇ ਕੋਲ ਉਹਨਾਂ ਦੀ 3 ਏਕੜ ਜ਼ਮੀਨ ਹੈ, ਜਿੱਥੇ ਉਹ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੱਲ ਵੀ ਜ਼ੋਰ ਦੇ ਰਹੇ ਹਨ। ਉੱਥੇ ਹੀ ਉਹਨਾਂ ਦਾ ਪੰਨੂ ਨੈਚੂਰਲ ਫਾਰਮ ਨਾਮ ਦਾ ਇੱਕ ਫਾਰਮ ਵੀ ਹੈ, ਜਿੱਥੇ ਕਿਸਾਨ ਉਹਨਾਂ ਕੋਲ ਦੇਸੀ ਬੀਜ ਦੇ ਨਾਲ-ਨਾਲ ਸਬਜ਼ੀਆਂ ਦੀ ਪਨੀਰੀ ਵੀ ਲੈ ਕੇ ਜਾਂਦੇ ਹਨ।

ਉਹਨਾਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਆ ਖੜੀ ਹੋਈ ਜਦੋਂ ਉਹਨਾਂ ਨੂੰ ਦੇਸੀ ਬੀਜਾਂ ਅਤੇ ਜੈਵਿਕ ਖੇਤੀ ਬਾਰੇ ਸਮਝਾਉਣਾ ਪੈਂਦਾ ਸੀ, ਉਹਨਾਂ ਵਿੱਚ ਕੁੱਝ ਲੋਕ ਅਜਿਹੇ ਹੁੰਦੇ ਸੀ ਜੋ ਪਿੰਡਾਂ ਵਾਲੇ ਸਨ, ਉਹ ਕਹਿੰਦੇ ਸੀ ਕਿ “ਤੂੰ ਆਇਆ ਸਮਝਾਉਣ ਸਾਨੂੰ, ਅਸੀਂ ਇੰਨੇ ਸਾਲਾਂ ਤੋਂ ਖੇਤੀ ਕਰ ਰਹੇ ਹਾਂ ਕੀ ਸਾਨੂੰ ਪਤਾ ਨਹੀਂ।” ਇੰਨੇ ਫਟਕਾਰ ਅਤੇ ਮੁਸ਼ਕਿਲਾਂ ਵਿੱਚ ਵੀ ਉਹ ਪਿੱਛੇ ਨਹੀਂ ਹਟੇ ਸਗੋਂ ਆਪਣੇ ਕੰਮ ਨੂੰ ਹੋਰ ਵਧਾਉਂਦੇ ਗਏ ਅਤੇ ਮਾਰਕੀਟਿੰਗ ਕਰਦੇ ਰਹੇ।

ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਬੀਜ ਪੰਜਾਬ ਤੋਂ ਬਾਹਰ ਤੋਂ ਲੈ ਕੇ ਆਏ ਸਨ। ਜਿਸ ਵਿੱਚ ਉਹ ਰਾਗੀ ਦਾ ਇੱਕ ਬੂਟਾ ਲੈ ਕੇ ਆਏ ਸਨ ਅਤੇ ਅੱਜ ਓਹੀ ਬੂਟਾ ਕਿੱਲਿਆਂ ਦੇ ਹਿਸਾਬ ਨਾਲ ਲੱਗਾ ਹੋਇਆ ਹੈ। ਉਹ ਟ੍ਰੇਨਿੰਗ ਦੇ ਲਈ ਹੈਦਰਾਬਾਦ ਗਏ ਸੀ ਅਤੇ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ ਪੰਜਾਬ ਆ ਕੇ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੀਜਾਂ ਦੇ ਉੱਪਰ ਰਿਸਰਚ ਕਰਨ ਮਗਰੋਂ ਫਿਰ ਉਹਨਾਂ ਨੇ ਨਵੇਂ ਬੀਜ ਤਿਆਰ ਕੀਤੇ ਅਤੇ ਉਤਪਾਦ ਬਣਾਉਣੇ ਸ਼ੁਰੂ ਕੀਤੇ। ਉਹ ਉਤਪਾਦ ਨੂੰ ਬਣਾਉਣ ਤੋਂ ਲੈ ਕੇ ਪੈਕਿੰਗ ਤੱਕ ਦਾ ਸਾਰਾ ਕੰਮ ਖੁਦ ਹੀ ਦੇਖਦੇ ਹਨ। ਜਿੱਥੇ ਉਹ ਉਤਪਾਦ ਬਣਾਉਣ ਦਾ ਸਾਰਾ ਕਾਰਜ ਕਰਦੇ ਹਨ ਉੱਥੇ ਹੀ ਉਹਨਾਂ ਦੇ ਇੱਕ ਦੋਸਤ ਨੇ ਆਪਣੀ ਮਸ਼ੀਨ ਲਗਾਈ ਹੋਈ ਹੈ। ਉਹਨਾਂ ਨੇ ਆਪਣੇ ਡਿਜ਼ਾਇਨ ਵੀ ਤਿਆਰ ਕੀਤੇ ਹੋਏ ਹਨ।

ਅਸੀਂ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ ਤਾਂ ਸਭ ਨੇ ਮਿਲ ਕੇ ਇੱਕ ਗਰੁੱਪ ਬਣਾ ਲਿਆ ਅਤੇ ATMA ਦੇ ਰਾਹੀਂ ਉਸ ਨੂੰ ਰਜਿਸਟਰ ਕਰਵਾ ਲਿਆ -ਪਰਮਜੀਤ ਸਿੰਘ

ਫਿਰ ਉਹਨਾਂ ਨੇ ਜਦੋਂ ਉਤਪਾਦ ਬਣਾਉਣੇ ਸ਼ੁਰੂ ਕੀਤੇ, ਜਿਸ ਵਿੱਚ ਗ੍ਰਾਹਕਾਂ ਦੀ ਮੰਗ ਦੇ ਅਨੁਸਾਰ ਸਭ ਤੋਂ ਜ਼ਿਆਦਾ ਵਿਕਣ ਵਾਲੇ ਉਤਪਾਦ ਜਿਵੇਂ ਬਾਜਰੇ ਦੇ ਬਿਸਕੁਟ, ਬਾਜਰੇ ਦਾ ਦਲੀਆ ਅਤੇ ਬਾਜਰੇ ਦਾ ਆਟਾ ਆਦਿ ਬਣਾਏ ਜਾਣ ਲੱਗੇ।

ਉਹਨਾਂ ਵੱਲੋਂ ਬਣਾਏ ਜਾਣ ਵਾਲੇ ਉਤਪਾਦ-

  • ਬਾਜਰੇ ਦਾ ਆਟਾ
  • ਬਾਜਰੇ ਦੇ ਬਿਸਕੁਟ
  • ਬਾਜਰੇ ਦਾ ਦਲੀਆ
  • ਰਾਗੀ ਦਾ ਆਟਾ
  • ਰਾਗੀ ਦੇ ਬਿਸਕੁਟ
  • ਹਰੀ ਕੰਗਣੀ ਦੇ ਬਿਸਕੁਟ
  • ਚੁਕੰਦਰ ਦਾ ਪਾਊਡਰ
  • ਦੇਸੀ ਸ਼ੱਕਰ
  • ਦੇਸੀ ਗੁੜ
  • ਸੁਹਾਂਜਣਾ ਦਾ ਪਾਊਡਰ
  • ਦੇਸੀ ਕਣਕ ਦੀਆਂ ਸੇਵੀਆਂ ਆਦਿ।

ਜਿੱਥੇ ਅੱਜ ਉਹ ਦੇਸੀ ਬੀਜਾਂ ਨਾਲ ਬਣਾਏ ਉਤਪਾਦ ਵੇਚਣ ਅਤੇ ਖੇਤਾਂ ਵਿੱਚ ਬੀਜ ਤੋਂ ਲੈ ਕੇ ਫਸਲ ਤੱਕ ਦੀ ਦੇਖਭਾਲ ਵੀ ਖੁਦ ਕਰ ਰਹੇ ਹਨ ਕਿਉਂਕਿ ਉਹ ਕਹਿੰਦੇ ਹਨ “ਆਪਣੀ ਹੱਥੀਂ ਕੀਤੇ ਕੰਮ ਨਾਲ ਜਿੰਨਾ ਸੁਕੂਨ ਮਿਲਦਾ ਹੈ ਉਹ ਹੋਰ ਕਿਸੇ ‘ਤੇ ਨਿਰਭਰ ਰਹਿ ਕੇ ਨਹੀਂ ਮਿਲਦਾ”। ਜੇਕਰ ਉਹ ਚਾਹੁਣ ਤਾਂ ਘਰ ਬੈਠ ਕੇ ਇਸਦੀ ਮਾਰਕੀਟਿੰਗ ਕਰ ਸਕਦੇ ਹਨ, ਬੇਸ਼ੱਕ ਉਹਨਾਂ ਦੀ ਆਮਦਨ ਵੀ ਬਹੁਤ ਹੋ ਜਾਂਦੀ ਹੈ ਪਰ ਉਹ ਖੁਦ ਹੱਥੀਂ ਕੰਮ ਕਰਕੇ ਸੁਕੂਨ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ।

ਪਰਮਜੀਤ ਸਿੰਘ ਜੀ ਅੱਜ ਸਾਰਿਆਂ ਲਈ ਇੱਕ ਅਜਿਹੀ ਸਖਸ਼ੀਅਤ ਬਣ ਗਏ ਹਨ, ਅੱਜ ਲੋਕ ਉਹਨਾਂ ਕੋਲ ਦੇਸੀ ਬੀਜਾਂ ਬਾਰੇ ਪੂਰੀ ਜਾਣਕਾਰੀ ਲੈਣ ਆਉਂਦੇ ਹਨ ਅਤੇ ਉਹ ਲੋਕਾਂ ਨੂੰ ਦੇਸੀ ਬੀਜਾਂ ਦੇ ਨਾਲ-ਨਾਲ ਕੁਦਰਤੀ ਖੇਤੀ ਵੱਲ ਵੀ ਜ਼ੋਰ ਦੇ ਰਹੇ ਹਨ। ਅੱਜ ਉਹ ਅਜਿਹੇ ਮੁਕਾਮ ‘ਤੇ ਪਹੁੰਚ ਗਏ ਹਨ ਜਿੱਥੇ ਲੋਕੀ ਉਹਨਾਂ ਨੂੰ ਉਹਨਾਂ ਦੇ ਨਾਮ ਨਾਲ ਨਹੀਂ ਸਗੋਂ ਉਹਨਾਂ ਦੇ ਕੰਮ ਕਰਕੇ ਜਾਣਦੇ ਹਨ।

ਪਰਮਜੀਤ ਸਿੰਘ ਜੀ ਦੇ ਕੰਮ ਅਤੇ ਮਿਹਨਤ ਦੇ ਸਦਕਾ ਉਹਨਾਂ ਨੂੰ ਯੂਨੀਵਰਸਿਟੀ ਵੱਲੋਂ ਯੰਗ ਫਾਰਮਰ, ਵਧੀਆ ਸਿਖਲਾਈ ਦੇਣ ਦੇ ਤੌਰ ‘ਤੇ, ਜ਼ਿਲ੍ਹਾ ਪੱਧਰੀ ਇਨਾਮ ਅਤੇ ਹੋਰ ਕਈ ਯੂਨੀਵਰਸਿਟੀਆਂ ਵੱਲੋਂ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਉਹਨਾਂ ਨੂੰ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਦੇ ਵੀ ਅਵਸਰ ਮਿਲਦੇ ਰਹਿੰਦੇ ਹਨ ਅਤੇ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਸਭ ਤੋਂ ਵੱਧ ਪ੍ਰਚੱਲਿਤ ਦੱਖਣੀ ਭਾਰਤ ਵਿੱਚ ਸਨਮਾਨਿਤ ਕੀਤਾ ਗਿਆ, ਕਿਉਂਕਿ ਪੂਰੇ ਪੰਜਾਬ ਵਿੱਚ ਸਿਰਫ ਪਰਮਜੀਤ ਸਿੰਘ ਜੀ ਹੀ ਨੇ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਦੇਸੀ ਬੀਜਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਲੈ ਕੇ ਆਏ।

ਮੈਂ ਕਦੇ ਵੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਕੀਤੀ, ਕੇਵਲ ਕੁਦਰਤੀ ਖਾਦ ਜੋ ਆਪਣੇ ਆਪ ਫਸਲ ਨੂੰ ਧਰਤ ਵਿੱਚੋ ਮਿਲ ਜਾਂਦੀ ਹੈ, ਉਹ ਸੋਨੇ ‘ਤੇ ਸੁਹਾਗਾ ਵਾਲਾ ਕੰਮ ਕਰਦੀ ਹੈ -ਪਰਮਜੀਤ ਸਿੰਘ

ਉਹਨਾਂ ਦੀ ਇਸ ਅਣਥੱਕ ਕੋਸ਼ਿਸ਼ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਕੁਦਰਤ ਵੱਲੋਂ ਦਿੱਤੀ ਚੀਜ਼ ਨੂੰ ਕਦੇ ਵਿਅਰਥ ਨਾ ਜਾਣ ਦਿਓ, ਸਗੋਂ ਉਸ ਨੂੰ ਸੰਭਾਲ ਕੇ ਰੱਖੋ, ਤੁਸੀਂ ਬਿਨਾਂ ਦਵਾਈ ਵਾਲਾ ਖਾਣਾ ਖਾਂਦੇ ਹੋ ਤਾਂ ਕਦੇ ਵੀ ਦਵਾਈ ਖਾਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਕੁਦਰਤ ਸਭ ਕੁੱਝ ਬਿਨਾਂ ਕਿਸੇ ਮੁੱਲ ਦੇ ਪ੍ਰਦਾਨ ਕਰ ਰਹੀ ਹੈ। ਜਿਹੜੇ ਵੀ ਲੋਕ ਉਹਨਾਂ ਤੋਂ ਸਮਾਨ ਲੈ ਕੇ ਜਾਂਦੇ ਹਨ ਜਾਂ ਫਿਰ ਉਹ ਉਹਨਾਂ ਦੁਆਰਾ ਬਣਾਏ ਗਏ ਸਮਾਨ ਨੂੰ ਦਵਾਈ ਦੇ ਰੂਪ ਵਿੱਚ ਖਾਂਦੇ ਹਨ ਤਾਂ ਕਈ ਲੋਕਾਂ ਦੀ ਸ਼ੂਗਰ, ਬੀ ਪੀ ਆਦਿ ਹੋਰ ਵੀ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ।

ਭਵਿੱਖ ਦੀ ਯੋਜਨਾ

ਪਰਮਜੀਤ ਸਿੰਘ ਜੀ ਭਵਿੱਖ ਵਿੱਚ ਆਪਣੇ ਰੁਜਗਾਰ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਤਪਾਦ ਤਿਆਰ ਕਰਨ ਵਾਲੀ ਪ੍ਰੋਸੈਸਿੰਗ ਮਸ਼ੀਨਰੀ ਲਗਾਉਣਾ ਚਾਹੁੰਦੇ ਹਨ। ਜਿੰਨਾ ਹੋ ਸਕੇ ਉਹ ਲੋਕਾਂ ਨੂੰ ਕੁਦਰਤੀ ਖੇਤੀ ਬਾਰੇ ਵਿਸਥਾਰ ਨਾਲ ਜਾਗਰੂਕ ਕਰਵਾਉਣਾ ਚਾਹੁੰਦੇ ਹਨ। ਤਾਂ ਜੋ ਕੁਦਰਤ ਨਾਲ ਰਿਸ਼ਤਾ ਵੀ ਜੁੜ ਜਾਏ ਅਤੇ ਸਿਹਤ ਪੱਖੋਂ ਵੀ ਤੰਦਰੁਸਤ ਰਹੀਏ।

ਸੰਦੇਸ਼

“ਖੇਤੀਬਾੜੀ ਵਿੱਚ ਸਫਲਤਾ ਹਾਸਿਲ ਕਰਨ ਲਈ ਸਾਨੂੰ ਜੈਵਿਕ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਉਹਨਾਂ ਨੂੰ ਕੁਦਰਤੀ ਖੇਤੀ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਜੈਵਿਕ ਖੇਤੀ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਤਾਂ ਕਿ ਰਸਾਇਣਿਕ ਮੁਕਤ ਖੇਤੀ ਕਰਕੇ ਮਨੁੱਖ ਦੀ ਸਿਹਤ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।”