charanjit-singh-pb

ਚਰਨਜੀਤ ਸਿੰਘ ਝੱਜ

(ਗੰਨੇ ਦੀ ਪ੍ਰੋਸੈਸਿੰਗ)

ਇੱਕ ਅਜਿਹਾ ਕਿਸਾਨ ਜੋ ਡਿਗਿਆ ਤਾਂ ਸੀ ਪਰ ਡਿੱਗ ਕੇ ਖੜਾ ਹੋਣਾ ਵੀ ਸਿਖਿਆ ਅਤੇ ਸਿਖਾਇਆ ਵੀ

ਕਿਸਾਨ ਨੂੰ ਹਮੇਸ਼ਾਂ ਅੰਨਦਾਤਾ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਕਿਸਾਨ ਦਾ ਕੰਮ ਅੰਨ ਉਗਾਉਣਾ ਅਤੇ ਦੇਸ਼ ਦਾ ਢਿੱਡ ਭਰਨਾ ਹੁੰਦਾ ਹੈ ਪਰ ਅਜੋਕੇ ਸਮੇਂ ਵਿੱਚ ਕਿਸਾਨ ਨੂੰ ਉਗਾਉਣ ਦੇ ਨਾਲ-ਨਾਲ ਫਸਲ ਦੀ ਪ੍ਰੋਸੈਸਿੰਗ ਅਤੇ ਵੇਚਣਾ ਆਉਣਾ ਵੀ ਬਹੁਤ ਜ਼ਰੂਰੀ ਹੈ। ਪਰ ਜਦੋਂ ਮੰਡੀਕਰਨ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਨੂੰ ਕਈ ਪੜਾਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ, ਕਿਉਂਕਿ ਮਨ ਵਿੱਚ ਡਰ ਵੀ ਬੈਠਾ ਹੁੰਦਾ ਹੈ ਕਿਤੇ ਆਪਣੇ ਕਿਸਾਨੀ ਦੇ ਵਜੂਦ ਨੂੰ ਕਾਇਮ ਰੱਖਣ ਵਿੱਚ ਕਮਜ਼ੋਰ ਨਾ ਹੋ ਜਾਵੇ।

ਕਿਸਾਨ ਦਾ ਨਾਮ ਚਰਨਜੀਤ ਸਿੰਘ ਝੱਜ ਜਿਸਨੇ ਆਪਣੇ ਆਪ ‘ਤੇ ਭਰੋਸਾ ਕੀਤਾ ਅਤੇ ਅੱਗੇ ਵਧਿਆ ਅਤੇ ਅੱਜ ਕਾਮਯਾਬੀ ਦੀਆਂ ਲੀਹਾਂ ਲੰਘ ਚੁੱਕਿਆ ਹੈ ਜੋ ਪਿੰਡ ਗਹਿਲ ਮਜਾਰੀ, ਨਵਾਂਸ਼ਹਿਰ ਦੇ ਰਹਿਣ ਵਾਲੇ ਹਨ। ਉਂਝ ਤਾਂ ਚਰਨਜੀਤ ਸਿੰਘ ਸ਼ੁਰੂ ਤੋਂ ਹੀ ਖੇਤੀ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਆਪਣਾ ਧਿਆਨ ਜ਼ਿਆਦਾ ਗੰਨੇ ਦੀ ਖੇਤੀ ਵੱਲ ਹੀ ਦਿੱਤਾ। ਚਰਨਜੀਤ ਸਿੰਘ ਜੀ 1982 ਤੋਂ ਹੀ ਗੰਨੇ ਦੀ ਹੀ ਖੇਤੀ ਕਰਦੇ ਆਏ ਹਨ ਅਤੇ ਇੱਕ ਕਿਸਾਨ ਹੋਣ ਦੇ ਨਾਤੇ ਉਹ ਹਮੇਸ਼ਾਂ ਸੋਚਦੇ ਸਨ ਕਿ ਮੈਂ ਖੇਤੀ ਦੇ ਵਿੱਚ ਅਜਿਹਾ ਕੀ ਕਰਾਂ ਜੋ ਉਨ੍ਹਾਂ ਦਾ ਇੱਕ ਮੁਕਾਮ ਹੋਵੇ ਅਤੇ ਪੱਕੇ ਤੌਰ ਤੇ ਓਹੀ ਕੰਮ ਕਰੇ। ਉਹਨਾਂ ਕੋਲ 145 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਗੰਨੇ ਦੀ ਖੇਤੀ ਕਰਦੇ ਸਨ। ਜਿਸ ਵਿੱਚ ਪਹਿਲਾਂ ਉਹ 145 ਏਕੜ ਵਿੱਚੋਂ 70 ਤੋਂ 80 ਏਕੜ ਵਿੱਚ ਇਕੱਲੇ ਗੰਨੇ ਦੀ ਖੇਤੀ ਕਰਦੇ ਸਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਕਰ ਰਹੇ ਹਨ।

ਗੰਨੇ ਦੀ ਖੇਤੀ ਦੇ ਵਿੱਚ ਚੰਗਾ ਤਜੁਰਬਾ ਹੋ ਗਿਆ, ਪਰ ਅਜਿਹਾ ਕਾਰਨ ਆਇਆ ਉਨ੍ਹਾਂ ਨੂੰ 80 ਤੋਂ ਘਟਾ ਕੇ ਸਿਰਫ 45 ਏਕੜ ਦੀ ਕਾਸ਼ਤ ਕਰਨੀ ਪਈ, ਕਿਉਂਕਿ ਜਦੋਂ ਗੰਨੇ ਦੀ ਫਸਲ ਲਹਿਰਾਉਣ ਲੱਗ ਜਾਂਦੀ ਸੀ ਤਾਂ ਪਹਿਲੇ ਤਾਂ ਫਸਲ ਸਿੱਧੀ ਮਿੱਲ ਦੇ ਵਿੱਚ ਚਲੀ ਜਾਂਦੀ ਸੀ, ਪਰ ਇੱਕ ਦਿਨ ਅਜਿਹਾ ਆਇਆ ਕਿ ਉਨ੍ਹਾਂ ਨੂੰ ਫਸਲ ਦੀ ਵਾਢੀ ਕਰਨ ਦੇ ਲਈ ਲੇਬਰ ਹੀ ਨਹੀਂ ਮਿਲਦੀ ਸੀ, ਪਰ ਜਦੋਂ ਲੇਬਰ ਮਿਲਣ ਲੱਗੀ ਅਤੇ ਫਸਲ ਵਿਕਣ ਦੇ ਲਈ ਮਿੱਲ ਵਿੱਚ ਜਾਂਦੀ ਸੀ ਤਾਂ ਉੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦਾ ਮੁੱਲ ਬਹੁਤ ਘੱਟ ਰੇਟ ‘ਤੇ ਮਿਲਦਾ ਸੀ। ਕਿੱਥੇ ਤਾਂ ਪਹਿਲਾ ਉਹ ਅਸਮਾਨ ਛੂਹ ਰਹੇ ਸਨ ਅਤੇ ਫਿਰ ਉਹ ਇੰਝ ਆ ਕੇ ਧਰਤੀ ‘ਤੇ ਡਿਗੇ ਜਿਵੇਂ ਉਨ੍ਹਾਂ ਦੀ ਮੰਜ਼ਿਲ ਦੇ ਖੰਭ ਹੀ ਵੱਢ ਦਿੱਤੇ ਗਏ ਹੋਵੇ।

ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਗਏ, ਉਸ ਗੱਲ ਨੇ ਉਨ੍ਹਾਂ ਦੇ ਮਨ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਪਾਇਆ ਕਿ ਉਹ ਸੋਚਣ ਦੇ ਲਈ ਮਜ਼ਬੂਰ ਹੋ ਗਏ। ਅਖੀਰ ਬਹੁਤ ਸੋਚਣ ਦੇ ਬਾਅਦ ਫੈਸਲਾ ਕੀਤਾ ਜੇਕਰ ਸਫਲ ਹੋਣਾ ਹੈ ਤਾਂ ਏਹੀ ਕੰਮ ਕਰਕੇ ਹੀ ਹੋਣਾ ਹੈ। ਉਹਨਾਂ ਨੇ ਫਿਰ ਉਹ ਕੰਮ ਕਰਨ ਦੀ ਜ਼ਿਦ ਫੜ ਲਈ।

ਉਹ ਸਮਾਂ ਉਹ ਫੈਸਲਾ ਲੈਣਾ, ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ 145 ਏਕੜ ਦੇ ਅੱਧ ਜਿੰਨੀ ਮੈਂ ਇਕੱਲੀ ਗੰਨੇ ਦੀ ਖੇਤੀ ਕਰ ਰਿਹਾ ਸੀ ਜਿੱਥੋਂ ਮੈਨੂੰ ਆਮਦਨ ਹੋ ਰਹੀ ਸੀ- ਚਰਨਜੀਤ ਸਿੰਘ ਝੱਜ

ਬਸ ਫਿਰ ਜਦੋਂ ਉਨ੍ਹਾਂ ਨੇ ਫੈਸਲਾ ਲੈ ਲਿਆ ਫਿਰ 45 ਏਕੜ ਵਿੱਚ ਹੀ ਗੰਨੇ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਤਜੁਰਬਾ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਸੀ ਪਰ ਇਸ ਤਜੁਰਬੇ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਲਈ ਕੁੱਝ ਕਰਨ ਦੀ ਲੋੜ ਸੀ। ਫਿਰ ਹੌਲੀ-ਹੌਲੀ ਚਰਨਜੀਤ ਨੇ ਖੇਤਾਂ ਵਿੱਚ ਹੀ ਵੇਲਣਾ ਲਗਾ ਲਿਆ ਅਤੇ ਰਵਾਇਤੀ ਤਰੀਕੇ ਨਾਲ ਹੀ ਗੁੜ ਕੱਢਣਾ ਜਾਰੀ ਰੱਖਿਆ।

ਇੱਕ ਦਿਨ ਮੈਂ ਬੈਠਾ ਸੀ ਕਿ ਸਿੰਪਲ ਗੁੜ ਤਾਂ ਹਰ ਕੋਈ ਬਣਾਉਂਦਾ ਹੈ ਕਿਉਂ ਨਾ ਕੁਝ ਨਵਾਂ ਕੀਤਾ ਜਾਵੇ- ਚਰਨਜੀਤ ਸਿੰਘ ਝੱਜ

ਜਿਵੇਂ ਹੀ ਉਹ ਵੇਲਣੇ ‘ਤੇ ਗੁੜ ਬਣਾਉਂਦੇ ਸੀ ਬੇਸ਼ੱਕ ਉਹ ਵਿਕ ਤਾਂ ਜਾਂਦਾ ਸੀ ਪਰ ਕਿਤੇ ਨਾ ਕਿਤੇ ਚਰਨਜੀਤ ਨੂੰ ਕੰਮ ਕਰਕੇ ਖੁਸ਼ੀ ਨਹੀਂ ਮਿਲ ਪਾ ਰਹੀ ਸੀ। ਜਿਸ ਦੇ ਫਲਸਵਰੂਪ ਉਨ੍ਹਾਂ ਨੂੰ ਗੁੜ ਬਣਾਉਣ ਵਿੱਚ ਦਿਲਚਸਪੀ ਖਤਮ ਹੋਣੀ ਸ਼ੁਰੂ ਹੋ ਗਈ। ਪਰ ਜਿਵੇਂ ਹੀ ਉਨ੍ਹਾਂ ਦੇ ਮਨ ਵਿੱਚ ਅਜਿਹਾ ਖਿਆਲ ਆਉਂਦਾ ਤਾਂ ਚਰਨਜੀਤ ਨੂੰ ਆਪਣਾ ਪੁਰਾਣਾ ਸਮਾਂ ਯਾਦ ਆ ਜਾਂਦਾ ਜੋ ਉਨ੍ਹਾਂ ਨੇ ਉਸ ਦਿਨ ਕਰਨ ਦਾ ਦ੍ਰਿੜ ਮਨ ਬਣਾਇਆ ਸੀ ਜੋ ਕਿ ਉਨ੍ਹਾਂ ਦੇ ਹੋਂਸਲੇ ਅਤੇ ਮਿਹਨਤ ਨੂੰ ਦਿਨ ਪ੍ਰਤੀ ਦਿਨ ਟੁੱਟਣ ਦੀ ਵਜਾਏ ਇੱਕ ਆਸਰਾ ਪ੍ਰਦਾਨ ਕਰਨ ਵਿੱਚ ਮਦੱਦ ਕਰਨ ਲੱਗਾ।

ਬਹੁਤ ਜ਼ਿਆਦਾ ਸੋਚਣ ਤੋਂ ਬਾਅਦ ਉਨ੍ਹਾਂ ਨੇ ਰੋਜ਼ ਹੀ ਬਹੁਤ ਸਾਰੀਆਂ ਥਾਵਾਂ ਦਾ ਦੌਰਾ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਜਾਣਕਾਰੀ ਮਿਲਦੀ ਰਹੀ, ਓਵੇਂ ਓਵੇਂ ਉਨ੍ਹਾਂ ਨੇ ਮਨ ਨੂੰ ਇੱਕ ਹੋਂਸਲਾ ਮਿਲਦਾ ਗਿਆ ਪਰ ਸੰਤੁਸ਼ਟ ਨਾ ਹੋ ਪਾਏ, ਕਿਉਂਕਿ ਕਿਸਾਨਾਂ ਨੂੰ ਮਿਲਦੇ ਤਾਂ ਰਹੇ ਪਰ ਉਨ੍ਹਾਂ ਵਿੱਚੋਂ ਕੁਝ ਕਿਸਾਨ ਹੀ ਸਨ ਜੋ ਸਿੰਪਲ ਗੁੜ ਬਣਾਉਣ ਦੀ ਵਜਾਏ ਉਸਨੂੰ ਕੁਝ ਖਾਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਕਿ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਬੈਠ ਗਈ। ਅਖੀਰ ਉਹਨਾਂ ਨੇ ਸੋਚਿਆ ਕਿ ਇਸ ਤੋਂ ਵਧੀਆ ਟ੍ਰੇਨਿੰਗ ਹੀ ਕਰ ਲਈ ਜਾਵੇ।

ਮੈਂ PAU ਲੁਧਿਆਣਾ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ- ਚਰਨਜੀਤ ਸਿੰਘ ਝੱਜ

ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਫਿਰ ਪ੍ਰੋਸੈਸਿੰਗ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਕੰਮ ਕਰਨ ਉਪਰੰਤ ਜਦੋਂ ਉਨ੍ਹਾਂ ਨੂੰ ਬਹੁਤ ਸਮਾਂ ਹੋ ਗਿਆ ਫਿਰ ਚਰਨਜੀਤ ਨੇ 2019 ਵਿੱਚ ਨਵੇਂ ਤਰੀਕੇ ਨਾਲ ਸ਼ੁਰੂਆਤ ਕੀਤੀ ਅਤੇ ਸਿੰਪਲ ਗੁੜ ਅਤੇ ਸ਼ੱਕਰ ਦੇ ਨਾਲ-ਨਾਲ ਮਸਾਲੇ ਵਾਲਾ ਗੁੜ ਵੀ ਬਣਾਉਣਾ ਸ਼ੁਰੂ ਕਰ ਦਿੱਤਾ। ਮਸਾਲੇ ਵਾਲੇ ਗੁੜ ਵਿੱਚ ਉਹ ਕਈ ਤਰ੍ਹਾਂ ਦੀ ਵਸਤਾਂ ਦਾ ਇਸਤੇਮਾਲ ਕਰਦੇ ਹਨ।

ਉਹ ਪ੍ਰੋਸੈਸਿੰਗ ਦਾ ਸਾਰਾ ਕੰਮ ਆਪਣੇ ਫਾਰਮ ‘ਤੇ ਹੀ ਕਰਦੇ ਹਨ ਅਤੇ ਦੇਖ ਰੇਖ ਉਹ ਤੇ ਉਨ੍ਹਾਂ ਦੇ ਬੇਟੇ ਸਨਮਦੀਪ ਸਿੰਘ ਜੀ ਕਰਦੇ ਹਨ ਜੋ ਕਿ ਆਪਣੇ ਪਿਤਾ ਜੀ ਨਾਲ ਹਰ ਕੰਮ ਦੇ ਵਿੱਚ ਹੱਥ ਵਟਾਉਂਦੇ ਹਨ ਜਿਸ ਨਾਲ ਉਨ੍ਹਾਂ ਦੀ ਇੱਕ ਮਦੱਦ ਹੋ ਜਾਂਦੀ ਹੈ ਅਤੇ ਦੂਜਾ ਹਰ ਕੰਮ ਸਾਫ-ਸਫਾਈ ਅਤੇ ਦੇਖ ਰੇਖ ਨਾਲ ਬਿਨਾ ਕੋਈ ਚਿੰਤਾ ਕੀਤੇ ਹੋ ਜਾਂਦਾ ਹੈ।

ਉਨ੍ਹਾਂ ਨੇ 12 ਕਨਾਲ ਦੇ ਵਿੱਚ ਆਪਣਾ ਫਾਰਮ ਜਿਸ ਵਿੱਚ 2 ਕਨਾਲ ਦੇ ਵਿੱਚ ਵੇਲਣਾ ਅਤੇ ਬਾਕੀ ਦੇ 10 ਕਨਾਲ ਦੇ ਵਿੱਚ ਬਾਲਣ ਵਿਛਾਇਆ ਹੋਇਆ ਹੈ ਜੋ ਬੰਗੇ ਤੋਂ ਮੁਕੰਦਪੁਰ ਰੋਡ ‘ਤੇ ਸਥਿਤ ਹੈ। ਉਨ੍ਹਾਂ ਨੇ ਇਸ ਤਰੀਕੇ ਨਾਲ ਫਾਰਮ ਨੂੰ ਤਿਆਰ ਕੀਤਾ ਹੋਇਆ ਹੈ ਕਿ ਫਾਰਮ ਧੂੜ ਅਤੇ ਮੱਖੀਆਂ ਤੋਂ ਬਿਲਕੁਲ ਰਹਿਤ ਹੈ। ਗੁੜ ਬਣਾਉਣ ਦੇ ਲਈ ਉਨ੍ਹਾਂ ਨੇ ਪੱਕੇ ਤੋਰ ‘ਤੇ ਲੇਬਰ ਰੱਖੀ ਹੋਈ ਹੈ ਜਿਨ੍ਹਾਂ ਨੂੰ ਤਜੁਰਬਾ ਹੋ ਚੁੱਕਿਆ ਹੈ ਅਤੇ ਫਾਰਮ ‘ਤੇ ਓਹੀ ਗੁੜ ਕੱਢਦੇ ਅਤੇ ਬਣਾਉਂਦੇ ਹਨ, ਉਹਨਾਂ ਵੱਲੋਂ ਤਿੰਨ ਤੋਂ ਚਾਰ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ ਜਿਸ ਦੇ ਅਲੱਗ-ਅਲੱਗ ਰੇਟ ਹਨ। ਜਿਸ ਵਿੱਚ ਮਸਾਲੇ ਵਾਲੇ ਗੁੜ ਦੀ ਮੰਗ ਬਹੁਤ ਜ਼ਿਆਦਾ ਹੈ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ

  • ਗੁੜ
  • ਸ਼ੱਕਰ
  • ਮਸਾਲੇ ਵਾਲਾ ਗੁੜ ਆਦਿ।

ਜਿਸ ਦੀ ਮਾਰਕੀਟਿੰਗ ਕਰਨ ਲਈ ਉਨ੍ਹਾਂ ਨੂੰ ਕਿਤੇ ਵੀ ਬਾਹਰ ਨਹੀਂ ਜਾਣਾ ਪੈਂਦਾ, ਕਿਉਂਕਿ ਉਨ੍ਹਾਂ ਦੁਆਰਾ ਬਣਾਏ ਗੁੜ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਗੁੜ ਦੇ ਆਰਡਰ ਆਉਂਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗੁੜ ਸ਼ਹਿਰੀ ਲੋਕਾਂ ਵੱਲੋਂ ਆਰਡਰ ਕੀਤਾ ਜਾਂਦਾ ਹੈ।

ਉਨ੍ਹਾਂ ਦੇ ਰੋਜ਼ ਦਾ 5 ਤੋਂ 6 ਕੁਵਿੰਟਲ ਦੇ ਕਰੀਬ ਗੁੜ ਵਿਕ ਜਾਂਦਾ ਹੈ ਅਤੇ ਅੱਜ ਆਪਣੇ ਇਸ ਕੰਮ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ। ਉਹ ਖੁਸ਼ ਹਨ ਜੋ ਉਨ੍ਹਾਂ ਨੇ ਸੋਚਿਆ ਸੀ ਉਹ ਕਰਕੇ ਦਿਖਾਇਆ। ਇਸ ਦੇ ਨਾਲ-ਨਾਲ ਉਹ ਗੰਨੇ ਦੇ ਬੀਜ ਵੀ ਤਿਆਰ ਕਰਦੇ ਹਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਮੌਸਮੀ ਫਸਲਾਂ ਉਗਾਉਂਦੇ ਹਨ ਅਤੇ ਮੰਡੀਕਰਨ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਆਪਣੇ ਇਸ ਗੰਨੇ ਦੇ ਵਪਾਰ ਨੂੰ ਦੋਗੁਣਾ ਕਰਨਾ ਚਾਹੁੰਦੇ ਹਨ ਅਤੇ ਫਾਰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਅਤੇ ਆਧੁਨਿਕ ਤਰੀਕੇ ਨਾਲ ਕੰਮ ਕਰਨ ਦੀ ਸੋਚ ਰਹੇ ਹਨ।

ਸੰਦੇਸ਼

ਕਿਸੇ ਨੌਜਵਾਨ ਨੂੰ ਬਾਹਰਲੇ ਦੇਸ਼ ਜਾਣ ਦੀ ਲੋੜ ਨਹੀਂ ਹੈ ਜੇਕਰ ਉਹ ਇੱਥੇ ਰਹਿ ਕੇ ਮਨ ਚਿੱਤ ਹੋ ਕੇ ਕੰਮ ਕਰਨ ਲੱਗ ਜਾਵੇ ਤਾਂ ਇੱਥੇ ਹੀ ਉਨ੍ਹਾਂ ਲਈ ਜੰਨਤ ਹੈ, ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਦੀ ਬਾਂਹ ਫੜੇ ਅਤੇ ਉਹ ਚੰਗੇ ਪਾਸੇ ਵੱਲ ਨੂੰ ਜਾਵੇ ਅਤੇ ਖੇਤੀ ਲਈ ਵੀ ਪ੍ਰੇਰਿਤ ਹੋਵੇ।