gurbachn-pb

ਗੁਰਬਚਨ ਸਿੰਘ

(ਮੱਛੀ ਪਾਲਣ)

ਮੱਛੀ ਪਾਲਣ ਦੇ ਕਿੱਤੇ ਨੂੰ ਉਚਾਈਆਂ ਦੇ ਰਾਹ ਲੈ ਕੇ ਜਾਣ ਵਾਲਾ ਇਹ ਅਗਾਂਹਵਧੂ ਕਿਸਾਨ

ਧਰਤੀ ਸਾਡੇ ਜੀਵਨ ਉਹ ਅਨਿੱਖੜਵਾਂ ਅੰਗ ਹੈ ਜੋ ਨਿੱਤ ਹੀ ਹਰ ਇੱਕ ਦਾ ਬਿਨਾਂ ਕਿਸੇ ਕੀਮਤ ਤੋਂ ਢਿੱਡ ਭਰ ਰਹੀ ਹੈ ਬੇਸ਼ੱਕ ਹਰ ਇਨਸਾਨ ਨੇ ਧਰਤੀ ਵਿੱਚੋਂ ਆਪਣੇ ਖਾਣ ਲਈ ਅਲੱਗ-ਅਲੱਗ ਸਾਧਨ ਈਜ਼ਾਦ ਕੀਤੇ ਹਨ ਅਤੇ ਧਰਤੀ ਵੀ ਉਨ੍ਹਾਂ ਦਾ ਪੂਰਾ ਸਾਥ ਨਿਭਾ ਰਹੀ ਹੈ, ਇਸ ਲਈ ਹਮੇਸ਼ਾਂ ਹੀ ਧਰਤੀ ਮਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।

ਅਜਿਹੇ ਹੀ ਇੱਕ ਕਿਸਾਨ ਗੁਰਬਚਨ ਸਿੰਘ ਜੋ ਕਿ ਤੰਗਰਾਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ ਜਿਨ੍ਹਾਂ ਦੇ ਮਨ ਚਿੱਤ ਵਿੱਚ ਨਹੀਂ ਸੀ ਕਿ ਮੱਛੀ ਪਾਲਣ ਦਾ ਕਿੱਤਾ ਕਰਨਾ ਹੈ, ਪਰ ਜਦੋਂ ਕਿ ਉਹ ਆਪਣਾ ਟਰੱਕਾਂ ਦਾ ਕੰਮ ਕਰਦੇ ਸਨ ਜਿਸ ਦੌਰਾਨ ਉਨ੍ਹਾਂ ਦਾ ਦਿਨ ਸਵੇਰ ਤੇ ਸ਼ਾਮ ਮਾਲ ਪਹੁੰਚਾਉਣ ਵਿੱਚ ਲੱਗ ਜਾਂਦਾ ਸੀ ਅਤੇ ਉਹ ਆਪਣੇ ਇਸ ਕੰਮ ਤੋਂ ਬਹੁਤ ਖੁਸ਼ ਸਨ।

ਜਦੋਂ ਗੁਰਬਚਨ ਟਰੱਕਾਂ ਦਾ ਕੰਮ ਕਰ ਰਹੇ ਸਨ ਤਾਂ ਉਸ ਦੌਰਾਨ ਉਹ ਕਿਤੇ ਨਾ ਕਿਤੇ ਮੱਛੀ ਪਾਲਣ ਬਾਰੇ ਆਉਂਦੇ-ਜਾਂਦੇ ਰਸਤੇ ਵਿੱਚ ਦੇਖਦੇ ਰਹਿੰਦੇ ਸਨ ਪਰ ਕਦੇ ਵੀ ਇਹ ਖਿਆਲ ਨਹੀਂ ਆਇਆ ਕਿ ਇਹ ਕਿੱਤਾ ਕਰਨਾ ਹੀ ਹੈ ਬਸ ਇੱਕ ਬੰਦੇ ਦੇ ਦਿਲ ਨੂੰ ਦੇਖਣ ਵਿੱਚ ਹੀ ਸਕੂਨ ਪਹੁੰਚਾਉਂਦਾ ਸੀ ਪਰ ਕੀ ਪਤਾ ਰੱਬ ਨੇ ਉਸਦੀ ਇਹ ਅਰਜ਼ ਸੁਣ ਲੈਣੀ ਸੀ।

ਸਾਲ 2015 ਦੀ ਗੱਲ ਹੈ ਜਦੋਂ ਗੁਰਬਚਨ ਜੀ ਦਾ ਬੇਟਾ ਉਹ ਵੀ ਆਪਣੇ ਪਿਤਾ ਜੀ ਨਾਲ ਕੰਮ ਦੇ ਵਿੱਚ ਹੱਥ ਵਟਾਉਣ ਯੋਗਾ ਹੋ ਗਿਆ ਤਾਂ ਗੁਰਬਚਨ ਨੇ ਸੋਚਿਆ ਕਿ ਹੁਣ ਕੰਮ ਬੇਟੇ ਨੂੰ ਆਉਂਦਾ ਹੈ ਕਿਉਂ ਨਾ ਇਸ ਨੂੰ ਕੰਮ ਸੌਂਪ ਕੇ ਖੁਦ ਨਿਗਰਾਨੀ ਕੀਤੀ ਜਾਵੇ ਅਤੇ ਅਰਾਮ ਕੀਤਾ ਜਾਵੇ।

ਇਸ ਨੂੰ ਦੇਖਦੇ ਹੋਏ ਗੁਰਬਚਨ ਜੀ ਨੇ ਆਪਣਾ ਸਾਰਾ ਕੰਮ ਆਪਣੇ ਬੇਟੇ ਨੂੰ ਸੌਂਪ ਦਿੱਤਾ ਅਤੇ ਸੋਚਿਆ ਕਿ ਕਿਉਂ ਨਾ ਕੋਈ ਹੋਰ ਸਹਾਇਕ ਧੰਦਾ ਕੀਤਾ ਜਾਵੇ।

ਤਾਂ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਗੁਰਪ੍ਰੀਤ ਸਿੰਘ ਜੀ ਨਾਲ ਹੋਈ ਜੋ ਕਿ ਉਨ੍ਹਾਂ ਦੇ ਦੋਸਤ ਅਤੇ ਫਿਸ਼ਰੀ ਡਿਪਾਰਟਮੈਂਟ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਬਤੌਰ ‘ਤੇ ਕੰਮ ਕਰ ਰਹੇ ਹਨ। ਜਦੋਂ ਗੁਰਪ੍ਰੀਤ ਜੀ ਦੀ ਗੱਲ ਗੁਰਬਚਨ ਨਾਲ ਹੋਈ ਤਾਂ ਉਨ੍ਹਾਂ ਨੇ ਫਿਸ਼ਰੀ ਦੇ ਕੰਮ ਬਾਰੇ ਜਾਣਕਾਰੀ ਪ੍ਰਦਾਨ ਕਰਵਾਈ ਤੇ ਕਿਹਾ ਕਿ ਤੂੰ ਇਹ ਸਹਾਇਕ ਧੰਦਾ ਅਪਣਾ ਕੇ ਦੇਖ, ਭਵਿੱਖ ਵਿੱਚ ਇਸ ਦੀ ਬਹੁਤ ਜ਼ਿਆਦਾ ਮੰਗ ਰਹੇਗੀ।

ਗੁਰਬਚਨ ਦੀ ਵੀ ਇੱਛਾ ਜਾਗ੍ਰਿਤ ਹੋਈ ਕਿ “ਹਾਂ, ਯਾਰ ਕੰਮ ‘ਤੇ ਕੁੱਝ ਵੱਖਰਾ ਹੈ ਤੇ ਆਉਂਦੇ ਜਾਂਦੇ ਵੀ ਦੇਖਦਾ ਰਹਿੰਦਾ ਸੀ ਕਿਉਂ ਨਾ ਹੁਣ ਕੰਮ ਕੀਤਾ ਹੀ ਜਾਵੇ।”

ਫਿਰ ਗੁਰਪ੍ਰੀਤ ਜੀ ਤੋਂ ਸਾਰੀ ਜਾਣਕਾਰੀ ਹਾਸਿਲ ਕਰਦਿਆਂ, ਗੁਰਬਚਨ ਜੀ ਨੇ ਫਤਹਿਗੜ੍ਹ ਸਾਹਿਬ ਵਿਖੇ ਮੱਛੀ ਪਾਲਣ ਦੀ ਟ੍ਰੇਨਿੰਗ ਲੈ ਕੇ ਘਰ ਆ ਗਏ। ਜਦੋਂ ਘਰ ਆਏ ਫਿਰ ਉਨ੍ਹਾਂ ਨੇ ਦੇਰ ਨਾ ਕੀਤੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਸਵਾ ਕਿੱਲੇ ਜ਼ਮੀਨ ਉੱਤੇ ਮੱਛੀ ਪਾਲਣ ਦਾ ਤਲਾਬ ਬਣਾਉਣ ਲੱਗੇ ਜਿਸ ਵਿੱਚ ਫਿਸ਼ਰੀ ਡਿਪਾਰਟਮੈਂਟ ਵੱਲੋਂ ਫਰਵਰੀ 2016 ਵਿੱਚ 94500 ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ ਗਈ ਜਿਸ ਨਾਲ ਗੁਰਬਚਨ ਦੀ ਬਹੁਤ ਜ਼ਿਆਦਾ ਮਦਦ ਹੋਈ। ਇਸ ਦੌਰਾਨ ਗੁਰਬਚਨ ਦੀ ਲੋਕਾਂ ਵੱਲੋਂ ਬਹੁਤ ਖਿੱਚਤਾਣ ਕੀਤੀ ਗਈ ਕਿ “ਤੂੰ ਕਿਹੜੇ ਕੰਮਾਂ ਵਿੱਚ ਪੈ ਗਿਆ ਹੈ ਜਿਸ ਦਾ ਕੁਝ ਵੀ ਪਤਾ ਨਹੀਂ ਕਿ ਅੱਗੇ ਕੀ ਹੋਣਾ ਹੈ, ਪਰ ਗੁਰਬਚਨ ਨੇ ਲੋਕਾਂ ਦੀ ਪ੍ਰਵਾਹ ਨਾ ਕੀਤੀ ਅਤੇ ਫਿਸ਼ਰੀ ਡਿਪਾਰਟਮੈਂਟ ਦੇ ਅਨੁਸਾਰ ਆਪਣੀ ਚਾਲ ਚੱਲਦਾ ਰਿਹਾ।”

ਜਦੋਂ ਤਲਾਬ ਪੂਰੀ ਤਰ੍ਹਾਂ ਬਣ ਕੇ ਤਿਆਰ ਹੋਇਆ ਉਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਗੱਲ ਦੀ ਚਿੰਤਾ ਖਾਈ ਜਾ ਰਹੀ ਹੈ ਕਿ ਸਭ ਕੁਝ ਤਾਂ ਕਰ ਲਿਆ ਪਰ ਇਸਦੀ ਮਾਰਕੀਟਿੰਗ ਕਿਵੇਂ ਕਰਾਂਗਾ, ਜਿਸ ਸੰਬੰਧਿਤ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਅਤੇ ਉਹ ਪ੍ਰੇਸ਼ਾਨ ਹੋ ਗਏ, ਪਰ ਪ੍ਰੇਸ਼ਾਨ ਹੋਣ ਦੇ ਨਾਲ ਉਨ੍ਹਾਂ ਨੂੰ ਆਪਣੇ ਦੋਸਤ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਮੱਛੀ ਪਾਲਣ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਸੀ, ਉਨ੍ਹਾਂ ਨਾਲ ਸੰਪਰਕ ਕੀਤਾ।

ਜਦੋਂ ਗੁਰਬਚਨ ਜੀ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਗੁਰਪ੍ਰੀਤ ਜੀ ਜਿਨ੍ਹਾਂ ਨੇ ਦੇਰੀ ਨਾ ਕਰਦੇ ਹੋਏ ਉਨ੍ਹਾਂ ਦੀ ਮਾਰਕੀਟਿੰਗ ਦਾ ਕੰਮ ਸ਼ੁਰੂ ਕਰਵਾਇਆ ਜਿਸ ਨਾਲ ਮੱਛੀ ਵਿਕਣੀ ਸ਼ੁਰੂ ਹੋ ਗਈ ਅਤੇ ਮਾਰਕੀਟਿੰਗ ਕਰਨ ਦੇ ਤਰੀਕੇ ਦੱਸੇ ਜਿਸ ਨਾਲ ਕਿ ਗੁਰਬਚਨ ਨੂੰ ਅੱਗੇ ਜਾ ਕੇ ਉਸਨੂੰ ਕੋਈ ਮੁਸ਼ਕਿਲ ਨਾ ਆਵੇ। ਜਿਸ ਨਾਲ ਮਾਰਕੀਟਿੰਗ ਦਾ ਰਸਤਾ ਖੁੱਲ ਗਿਆ ਅਤੇ ਮਾਰਕੀਟਿੰਗ ਵਧੀਆ ਤਰੀਕੇ ਨਾਲ ਚੱਲ ਪਈ ਅਤੇ ਹੌਲੀ-ਹੌਲੀ ਇਸ ਤਰ੍ਹਾਂ ਸੰਪਰਕ ਬਣਦੇ ਗਏ ਜਿਸ ਨਾਲ ਤਦਾਦ ਵਿੱਚ ਮੱਛੀ ਦੀ ਮੰਗ ਆਉਣੀ ਸ਼ੁਰੂ ਹੋ ਗਈ ਅਤੇ ਮੱਛੀ ਉਤਪਾਦਨ ਵਾਲੇ ਆਉਂਦੇ, ਆਪਣੀਆਂ ਗੱਡੀਆਂ ਭਰ ਕੇ ਲੈ ਜਾਂਦੇ ਤੇ ਮੱਛੀਆਂ ਦੇ ਬਣਦੇ ਪੈਸੇ ਗੁਰਬਚਨ ਨੂੰ ਦੇ ਜਾਂਦੇ।

ਜਦੋਂ ਮਾਰਕੀਟਿੰਗ ਆਪਣੀ ਰਫਤਾਰ ਨਾਲ ਚਲ ਰਹੀ ਸੀ ਤਾਂ ਗੁਰਬਚਨ ਨੇ ਤਲਾਬ ਨੂੰ ਵਧਾਉਣ ਬਾਰੇ ਸੋਚਿਆ ਅਤੇ ਨਾਲ ਪੰਚਾਇਤੀ ਜ਼ਮੀਨ ਲੱਗਦੀ ਸੀ ਜੋ ਕਿ ਕਰੀਬ ਸਾਢੇ ਤਿੰਨ ਏਕੜ ਦਾ ਰਕਬਾ ਸੀ ਉਸਨੂੰ ਠੇਕੇ ‘ਤੇ ਲੈ ਕੇ ਤਲਾਬ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਸੰਬੰਧਿਤ ਮਦਦ ਫਿਸ਼ਰੀ ਡਿਪਾਰਟਮੈਂਟ ਵੱਲੋਂ ਗੁਰਬਚਨ ਨੂੰ ਸਾਢੇ ਤਿੰਨ ਏਕੜ ਦੇ ਤਾਲਾਬ ਦੇ ਲਈ 2 ਲੱਖ 47 ਹਜ਼ਾਰ ਦੀ ਸਬਸਿਡੀ ਪ੍ਰਦਾਨ ਕੀਤੀ ਗਈ ਜਿਸ ਨਾਲ ਤਾਲਾਬ ਦੇ ਕੰਮ ਨੂੰ ਪੂਰਾ ਕੀਤਾ ਅਤੇ ਉਸ ਉੱਤੇ ਕੰਮ ਕਰਨ ਲੱਗ ਗਏ। ਉਸ ਤੋਂ ਬਾਅਦ ਮਾਰਕੀਟਿੰਗ ਕਿਤੇ ਜ਼ਿਆਦਾ ਦੁੱਗਣੀ ਹੋ ਗਈ ਜਿਸ ਨੂੰ ਦੇਖ ਕੇ ਓਹ ਬਹੁਤ ਖੁਸ਼ ਹੋ ਰਹੇ ਸਨ ਅਤੇ 2016 ਵਿੱਚ ਆ ਕੇ ਸਫਲ ਹੋਏ।

ਅੱਜ ਉਹ ਮੱਛੀ ਪਾਲਣ ਦਾ ਕਿੱਤਾ ਤੇ ਕਰ ਹੀ ਰਹੇ ਹਨ ਇਸ ਦੇ ਨਾਲ-ਨਾਲ ਆਪਣੇ ਟਰੱਕਾਂ ਦਾ ਕੰਮ ਵੀ ਦੇਖ ਰਹੇ ਹਨ, ਕਿਉਂਕਿ ਬੇਟੇ ਦੇ ਬਾਹਰਲੇ ਦੇਸ਼ ਜਾਣ ਕਰਕੇ ਸਾਰਾ ਕੰਮ ਫਿਰ ਖੁਦ ਹੀ ਦੇਖ ਰਹੇ ਹਨ ਅਤੇ ਪੰਚਾਇਤੀ ਜ਼ਮੀਨ ਨੂੰ ਛੱਡ ਕੇ ਆਪਣੀ ਖੁਦ ਦੀ ਜ਼ਮੀਨ ਵਿੱਚ ਹੀ ਮੱਛੀ ਪਾਲਣ ਨੂੰ ਵਧੀਆ ਤਰੀਕੇ ਨਾਲ ਚਲਾ ਅਤੇ ਮੁਨਾਫ਼ਾ ਕਮਾ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਮੱਛੀ ਪਾਲਣ ਦੇ ਕਿੱਤੇ ਨੂੰ ਵੱਡੇ ਪੱਧਰ ‘ਤੇ ਲਿਜਾ ਕੇ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਮੱਛੀ ਪਾਲਣ ਕਿੱਤਾ ਜੋ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਕੀਤਾ ਜਾਂਦਾ ਹੈ ਉਹ ਪੰਜਾਬ ਵਿੱਚ ਵੀ ਹੋਵੇ ਅਤੇ ਪੰਜਾਬ ਵਿੱਚ ਹੀ ਇਸਦੀ ਮਾਰਕੀਟਿੰਗ ਵੱਡੇ ਪੱਧਰ ਤੇ ਕੀਤੀ ਜਾਵੇ।

ਸੰਦੇਸ਼

ਜੇਕਰ ਕੋਈ ਵੀ ਇਨਸਾਨ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਬਾਰੇ ਸੋਚਦਾ ਹੈ ਜਾਂ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਫਿਸ਼ਰੀ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਚੰਗੀ ਤਰ੍ਹਾਂ ਜਾਣਕਾਰੀ ਤੇ ਟ੍ਰੇਨਿੰਗ ਹਾਸਿਲ ਕਰਕੇ ਹੀ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਇਸ ਕਿੱਤੇ ਵਿੱਚ ਚੌਖਾ ਮੁਨਾਫ਼ਾ ਹੈ ਪਰ ਬਿਨਾਂ ਜਾਣਕਾਰੀ ਤੋਂ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।