udeek-singh-hn

ਉਡੀਕਵਾਨ ਸਿੰਘ

(ਸਬਜ਼ੀਆਂ ਦੀ ਕਾਸ਼ਤ ਅਤੇ ਮਾਰਕੀਟਿੰਗ)

ਛੋਟੀ ਉਮਰ ਵਿੱਚ ਹੀ ਔਕੜਾਂ ਦਾ ਮੁਕਾਬਲਾ ਕਰਕੇ ਕਾਮਯਾਬੀ ਦੀਆਂ ਪੌੜ੍ਹੀਆਂ ਚੜਨ ਵਾਲਾ ਇਹ 20 ਸਾਲਾਂ ਨੌਜਵਾਨ ਕਿਸਾਨ

ਛੋਟੀ ਉਮਰ ਵੱਡੀਆਂ ਪੁਲਾਂਘਾ ਕਹਾਵਤ ਹਰ ਇੱਕ ਨੇ ਸੁਣੀ ਹੀ ਹੋਣੀ ਹੈ ਪਰ ਕਦੇ ਵੀ ਕਿਸੇ ਨੇ ਉਸ ਕਹਾਵਤ ਉੱਤੇ ਵਿਚਰਨ ਦੀ ਕੋਸ਼ਿਸ਼ ਨਾ ਕੀਤੀ ਕਿ ਇਸ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ ਪਰ ਇਸ ਕਹਾਵਤ ਨੂੰ ਸੱਚ ਕਰਨ ਵਾਲੇ ਹੀਰੇ ਬਹੁਤ ਘੱਟ ਹੁੰਦੇ ਹਨ ਜੋ ਕਿ ਲੱਭਿਆ ਵੀ ਨਹੀਂ ਲੱਭਦੇ।

ਪਰ ਇੱਥੇ ਇਸ ਕਹਾਵਤ ਦੀ ਗੱਲ ਇੱਕ ਨੌਜਵਾਨ ਉੱਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ ਜਿਸ ਨੇ ਇਸ ਕਹਾਵਤ ਨੂੰ ਸਹੀ ਸਾਬਿਤ ਕਰਕੇ ਦਿਖਾਇਆ ਹੈ ਅਤੇ ਲੋਕਾਂ ਲਈ ਇੱਕ ਉਦਹਾਰਣ ਪੇਸ਼ ਕੀਤੀ ਹੈ ਜਿਸ ਨੇ ਠੇਕੇ ‘ਤੇ ਜ਼ਮੀਨ ਲੈ ਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਅਤੇ ਛੋਟੀ ਉਮਰ ਵਿੱਚ ਹੀ ਬੁਲੰਦੀਆਂ ਹਾਸਿਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਹਰ ਇੱਕ ਇਨਸਾਨ ਨੇ ਕੋਈ ਕੰਮ ਕਰਨ ਦਾ ਟੀਚਾ ਮਿਥਿਆ ਹੁੰਦਾ ਹੈ ਅਤੇ ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪਰ ਇਸ ਨੌਜਵਾਨ ਦਾ ਟੀਚਾ ਬਚਪਨ ਤੋਂ ਹੀ ਖੇਤੀ ਦੀ ਤਰਫ ਸੀ ਅਤੇ ਪੜ੍ਹਾਈ ਵਿੱਚ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਜਦੋਂ ਵੀ ਇਹ ਨੌਜਵਾਨ ਜਿਸਦਾ ਨਾਮ ਉਡੀਕਵਾਨ ਸਿੰਘ, ਜੋ ਪਿੰਡ ਲਾਲੇਆਣਾ, ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਸਕੂਲ ਜਾਂਦਾ ਸੀ ਤਾਂ ਹਮੇਸ਼ਾ ਇਹ ਸੋਚਦਾ ਕਿ ਘਰ ਜਾ ਕੇ ਕਦੋਂ ਆਪਣੇ ਪਿਤਾ ਨਾਲ ਖੇਤਾਂ ਦਾ ਇੱਕ ਗੇੜਾ ਕੱਢ ਕੇ ਆਇਆ ਜਾਵੇ ਮਤਲਬ ਸਾਰਾ ਧਿਆਨ ਖੇਤਾਂ ਦੇ ਵਿੱਚ ਰਹਿੰਦਾ ਸੀ।

ਖੇਤਾਂ ਵਿੱਚ ਬਹੁਤ ਜ਼ਿਆਦਾ ਰੁਝਾਨ ਹੋਣ ਕਰਕੇ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ ਜੋ ਕਿ ਮੋਡਰਨ ਕ੍ਰੋਪ ਕੇਅਰ ਕੈਮੀਕਲਜ਼ ਵਿੱਚ ਖੇਤੀ ਸਲਾਹਕਾਰ ਦੇ ਵਜੋਂ ਕੰਮ ਕਰ ਰਹੇ ਹਨ ਹਮੇਸ਼ਾਂ ਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਇੱਕਲੌਤਾ ਬੇਟਾ ਹੋਣ ਕਰਕੇ ਪੜ੍ਹਾਈ ਛੱਡ ਕੇ ਖੇਤਾਂ ਵੱਲ ਹੀ ਜ਼ਿਆਦਾ ਧਿਆਨ ਦੇ ਰਿਹਾ ਹੈ, ਪਰ ਉਹ ਇਸ ਨੂੰ ਮਾੜਾ ਨਹੀਂ ਕਹਿ ਰਹੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ “ਬੱਚਾ ਖੇਤ ਨਾਲ ਤਾਂ ਜੁੜਿਆ ਰਹੇ ਪਰ ਆਪਣੀ ਪੜ੍ਹਾਈ ਨੂੰ ਵਿਚਕਾਰ ਨਾ ਛੱਡੇ।”

ਪਰ ਪਿਤਾ ਜੀ ਨੂੰ ਕੀ ਪਤਾ ਸੀ ਇੱਕ ਦਿਨ ਇਹੀ ਬੇਟਾ ਉਨ੍ਹਾਂ ਦਾ ਨਾਮ ਰੌਸ਼ਨ ਕਰੇਗਾ। ਉਡੀਕ ਨੂੰ ਖੇਤਾਂ ਨਾਲ ਪਿਆਰ ਤਾਂ ਬਚਪਨ ਤੋਂ ਹੈ ਸੀ ਪਰ ਇਸ ਪਿਆਰ ਪਿੱਛੇ ਉਨ੍ਹਾਂ ਦੀ ਵਿਸ਼ਾਲ ਸੋਚ ਜੋ ਹਮੇਸ਼ਾਂ ਹੀ ਸਵਾਲ ਕਰਦੀ ਅਤੇ ਅੱਗੋਂ ਉਹ ਸਵਾਲ ਹੋਰਨਾਂ ਕਿਸਾਨਾਂ ਤੋਂ ਪੁੱਛਦਾ। ਜਦੋਂ ਉਸਦੇ ਪਿਤਾ ਜੀ ਖੁਦ ਖੇਤੀ ਕਰਦੇ ਹੁੰਦੇ ਸਨ ਅਤੇ ਮੰਡੀ ਦੇ ਵਿੱਚ ਫਸਲ ਵੇਚਣ ਦੇ ਲਈ ਜਾਂਦੇ ਸਨ। ਤਾਂ ਉੱਥੇ ਹੋਰ ਵੀ ਕਿਸਾਨ ਆਪਣੀ ਫਸਲ ਵੇਚਣ ਦੇ ਲਈ ਆਏ ਹੁੰਦੇ ਸਨ ਅਤੇ ਉਡੀਕ ਉਨ੍ਹਾਂ ਤੋਂ ਸਵਾਲ ਪੁੱਛਣ ਲੱਗ ਜਾਂਦਾ। ਜੇਕਰ ਇਸ ਫਸਲ ਦੀ ਬਿਜਾਈ ਇਸ ਤਰੀਕੇ ਨਾਲ ਕਰੀਏ ਕਿ ਖਰਚਾ ਵੀ ਘੱਟ ਆਵੇ ਅਤੇ ਮੁਨਾਫ਼ਾ ਵੀ ਹੋਵੇਗਾ। ਜਿਸ ਉੱਤੇ ਕਿਸਾਨ ਹੱਸਣ ਲੱਗ ਜਾਂਦੇ ਸਨ ਜੋ ਕਿ ਸਫਲਤਾ ਦਾ ਕਾਰਨ ਬਣਿਆ।

ਇਸ ਤੋਂ ਬਾਅਦ ਉਡੀਕ ਦੇ ਪਿਤਾ ਮਨਜੀਤ ਹਮੇਸ਼ਾਂ ਕੰਮ ਦੇ ਲਈ ਸਾਰਾ-ਸਾਰਾ ਦਿਨ ਬਾਹਰ ਰਹਿੰਦੇ ਸਨ ਜਿਸ ਕਰਕੇ ਖੇਤਾਂ ਦੀ ਤਰਫ ਧਿਆਨ ਘੱਟਣ ਲੱਗਾ ਪਰ ਇਸ ਨੂੰ ਦੇਖਦੇ ਹੋਏ ਉਡੀਕ ਨੇ ਆਪਣੇ ਪਿਤਾ ਦੇ ਖੇਤੀ ਦੇ ਕੰਮ ਨੂੰ ਪਿੱਛੋਂ ਸੰਭਾਲਣਾ ਤੇ ਰੋਜ਼ਾਨਾ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਵਕ਼ਤ ਉਡੀਕ ਨੂੰ ਇੰਝ ਲੱਗਿਆ ਕਿ ਹੁਣ ਸਮਾਂ ਕੁਝ ਕਰਕੇ ਦਿਖਾਉਣ ਦਾ ਆ ਗਿਆ ਹੈ, ਜਿਸ ਦਾ ਉਡੀਕ ਨੂੰ ਕਈ ਚਿਰਾਂ ਤੋਂ ਇੰਤਜ਼ਾਰ ਸੀ।

ਫਿਰ ਜਿਵੇਂ ਰੋਜ਼ਾਨਾ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਉਡੀਕ ਦੀ ਉਮਰ 17 ਸਾਲਾਂ ਦੀ ਸੀ ਜਦੋਂ ਉਸਨੇ ਖੇਤੀ ਨੂੰ ਅਪਣਾ ਲਿਆ ਅਤੇ ਛੋਟੀ ਉਮਰ ਵਿੱਚ ਵੱਡੇ ਕੰਮ ਕਰਨ ਲਈ ਤਿਆਰ ਹੋ ਗਿਆ ਸੀ ਅਤੇ ਨਾਲ-ਨਾਲ ਪਿਤਾ ਦੇ ਬੋਲੇ ਅਨੁਸਾਰ ਪੜ੍ਹਾਈ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇੱਕ ਲ ਪੂਰਾ ਉਡੀਕ ਨੇ ਪ੍ਰੰਪਰਾਗਤ ਖੇਤੀ ਕੀਤੀ ਤੇ ਉਸਨੂੰ ਸਮਝ ਆਇਆ ਕਿ ਨਹੀਂ ਕੁਝ ਹੁਣ ਵੱਖਰਾ ਕੀਤਾ ਜਾਵੇ।

ਇਸ ਸੰਬੰਧੀ ਆਪਣੇ ਪਿਤਾ ਜੀ ਨਾਲ ਵਿਚਾਰ ਕੀਤਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮੂਲ ਪੱਧਰ ‘ਤੇ ਖਾਣ ਵਾਲੀਆਂ ਸਬਜ਼ੀਆਂ ਹੀ ਨ। ਉਸ ਉੱਤੇ ਜੋ ਉਸਦੇ ਮਨ ਵਿੱਚ ਸਵਾਲ ਆਉਂਦੇ ਸੀ ਉਸ ਉੱਤੇ ਕਰਦਾ ਰਿਹਾ ਅਤੇ ਜਦੋਂ ਕਦੇ ਵੀ ਉਡੀਕ ਨੂੰ ਖੇਤੀ ਦੇ ਵਿੱਚ ਸਮੱਸਿਆ ਆਉਂਦੀ ਸੀ ਤਾਂ ਉਸਦੇ ਪਿਤਾ ਹਮੇਸ਼ਾਂ ਉਸਦੀ ਮਦਦ ਕਰਦੇ ਅਤੇ ਖੇਤੀ ਦੇ ਹੋਰ ਬਹੁਤ ਸਾਰੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ। ਉਹ ਹਮੇਸ਼ਾਂ ਆਪਣੇ ਤਰੀਕਿਆਂ ਦਾ ਪ੍ਰਯੋਗ ਖੇਤਾਂ ਦੇ ਵਿੱਚ ਕਰਦਾ ਜਿਸ ਦਾ ਨਤੀਜਾ ਉਸਨੂੰ ਥੋੜੇ ਸਮੇਂ ਬਾਅਦ ਮਿਲਿਆ ਜਦੋਂ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਅਤੇ ਘਿਆ ਕੱਦੂ ਪੂਸਾ ਜੋ18 ਤੋਂ 20 ਕਿੱਲੋ ਦੇ ਕਰੀਬ ਸੀ, ਜੋ ਕਿ ਦੇਖਣ ਵਿੱਚ ਵੀ ਵੱਡਾ ਸੀ ਜਿਸ ਦੀ ਚਰਚਾ ਉਸ ਸਮੇਂ ਬਹੁਤ ਜ਼ਿਆਦਾ ਹੋਈ ਅਤੇ ਬਾਅਦ ਵਿੱਚ ਬੀਜ ਦੇ ਲਈ ਰੱਖੇ ਸਨ, ਇੱਕ ਤਰ੍ਹਾਂ ਉਡੀਕ ਦੇ ਤਰੀਕੇ ਇਸ ਕੰਮ ਉੱਤੇ ਖਰੇ ਉਤਰਦੇ ਆ ਰਹੇ ਸਨ ਜਿਸ ਨੂੰ ਦੇਖ ਪਿਤਾ ਜੀ ਵੀ ਖੁਸ਼ ਹੋਏ।

ਇਸ ਤੋਂ ਬਾਅਦ ਉਡੀਕ ਨੇ ਸੋਚਿਆ ਕਿਉਂ ਨਾ ਖੁਦ ਹੀ ਸਬਜ਼ੀਆਂ ਮੰਡੀ ਜਾ ਕੇ ਹੀ ਵੇਚਾ ਜੋ ਉਸਨੇ ਮੂਲ ਤੌਰ ‘ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਸੀ ਜਿਸ ਨੂੰ ਪੱਕਣ ਦੇ ਨਾਲ ਤੋੜ ਕੇ ਸਵੇਰੇ ਮੰਡੀ ਚਲਾ ਜਾਂਦਾ ਪਰ ਜਦੋਂ ਵੀ ਮੰਡੀ ਵਿਖੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਜਾਂਦਾ ਤਾਂ ਉਸਨੂੰ ਬਹੁਤ ਮੁਸ਼ਕਿਲ ਆਈ ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਮਾਰਕੀਟਿੰਗ ਕਰਨੀ ਕਿਵੇਂ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਉਡੀਕ ਸਿਰਫ ਇੱਕ ਬੱਚਾ ਹੀ ਸੀ ਜੋ ਛੋਟੀ ਉਮਰ ਵਿਚ ਹੀ ਖੇਤੀ ਕਰਨ ਲੱਗ ਗਿਆ ਸੀ।

ਬਹੁਤ ਚਿਰ ਤਾਂ ਸਬਜ਼ੀਆਂ ਦੀ ਮਾਰਕੀਟਿੰਗ ਨਾ ਹੋਣ ਕਰਕੇ ਉਡੀਕ ਨਿਰਾਸ਼ ਹੋ ਗਿਆ ਅਤੇ ਸਬਜ਼ੀਆਂ ਨੂੰ ਮੰਡੀ ਵਿਖੇ ਨਾ ਵੇਚਣ ਦਾ ਮਨ ਬਣਾ ਕੇ ਮਾਰਕੀਟਿੰਗ ਬੰਦ ਕਰਨ ਬਾਰੇ ਸੋਚਿਆ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਡਾ. ਅਮਨਦੀਪ ਕੇਸ਼ਵ ਜੀ ਨਾਲ ਹੋਈ ਜੋ ਕਿ ਆਤਮਾ ਵਿੱਚ ਪ੍ਰੋਜੈਕਟ ਡਾਇਰੈਕਟਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ ਜੋ ਕਿ ਕਿਸਾਨਾਂ ਨੂੰ ਖੇਤੀ ਪ੍ਰਤੀ ਬਹੁਤ ਜਾਗਰੂਕ ਅਤੇ ਮਦਦ ਕਰਦੇ ਹਨ, ਤਾਂ ਉਨ੍ਹਾਂ ਨੇ ਉਡੀਕ ਤੋਂ ਪਹਿਲਾ ਸਭ ਕੁਝ ਪੁੱਛਿਆ ਅਤੇ ਖੁਸ਼ ਵੀ ਹੋਏ ਕਿਉਂਕਿ ਕੋਈ ਹੀ ਹੋਵੇਗਾ ਜੋ ਛੋਟੀ ਉਮਰ ਵਿੱਚ ਖੇਤੀ ਪ੍ਰਤੀ ਇਹ ਗੱਲਾਂ ਸੋਚ ਸਕਦਾ ਹੈ।

ਸਾਰੀ ਗੱਲ ਸੁਣ ਕੇ ਡਾਕਟਰ ਅਮਨਦੀਪ ਨੇ ਉਡੀਕ ਨੂੰ ਮਾਰਕੀਟਿੰਗ ਦੇ ਸੰਦਰਭ ਵਿੱਚ ਕੁੱਝ ਤਰੀਕੇ ਦੱਸੇ ਅਤੇ ਖੁਦ ਉਡੀਕ ਦੀ ਸੋਸ਼ਲ ਮੀਡਿਆ ਅਤੇ ਗਰੁੱਪਾਂ ਰਾਹੀਂ ਮਦਦ ਕੀਤੀ ਜਿਸ ਨਾਲ ਉਡੀਕ ਦੀ ਮਾਰਕੀਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਉਡੀਕ ਵੀ ਖੁਸ਼ ਹੋ ਗਿਆ।

ਇਸ ਦੌਰਾਨ ਹੀ ਆਤਮਾ ਕਿਸਾਨ ਭਲਾਈ ਵਿਭਾਗ ਨੇ ਆਤਮਾ ਕਿਸਾਨ ਬਜ਼ਾਰ ਖੋਲਿਆ ਅਤੇ ਇਸ ਦੀ ਖਬਰ ਉਡੀਕ ਨੂੰ ਦਿੱਤੀ ਅਤੇ ਉੱਥੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਲਈ ਕਿਹਾ ਜੋ ਕਿ ਫਰੀਦਕੋਟ ਵਿਖੇ ਹਰ ਵੀਰਵਾਰ ਅਤੇ ਐਤਵਾਰ ਲੱਗਦਾ ਹੈ।

ਫਿਰ ਉਡੀਕ ਹਰ ਵੀਰਵਾਰ ਅਤੇ ਐਤਵਾਰ ਸਬਜ਼ੀਆਂ ਲੈ ਕੇ ਜਾਂਦਾ ਅਤੇ ਉਸਨੂੰ ਮੁਨਾਫ਼ਾ ਹੋਣ ਲੱਗ ਗਿਆ ਅਤੇ ਹਰ ਕੋਈ ਚੰਗੇ ਤਰੀਕੇ ਨਾਲ ਜਾਨਣ ਲੱਗ ਗਿਆ ਅਤੇ ਸਬਜ਼ੀਆਂ ਦੀ ਮੰਡੀ ਵਿੱਚ ਵੀ ਉਡੀਕ ਸਬਜ਼ੀਆਂ ਲੈ ਕੇ ਜਾਣ ਲੱਗਾ ਅਤੇ ਉੱਥੇ ਵੀ ਉਸਦੀ ਸਹੀ ਤਰੀਕੇ ਨਾਲ ਮਾਰਕੀਟਿੰਗ ਹੋਣ ਲੱਗੀ ਅਤੇ 2020 ਤੱਕ ਆਉਂਦੇ-ਆਉਂਦੇ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਿਹਾ ਹੈ ਜਿਸ ਪਿੱਛੇ ਉਸਦੀ ਸਫਲਤਾ ਦਾ ਰਾਜ ਉਸਦੇ ਪਿਤਾ ਮਨਜੀਤ ਸਿੰਘ ਅਤੇ ਆਤਮਾ ਕਿਸਾਨ ਭਲਾਈ ਵਿਭਾਗ ਪ੍ਰੋਜੈਕਟ ਡਾਇਰੈਕਟਰ ਡਾਕਟਰ ਅਮਨਦੀਪ ਕੇਸ਼ਵ ਅਤੇ ਡਾਕਟਰ ਭੁਪੇਸ਼ ਜੋਸ਼ੀ ਜੀ ਹਨ।

ਉਡੀਕ ਸਿੰਘ ਜਿਸਨੇ 20 ਸਾਲ ਦੀ ਉਮਰ ਵਿੱਚ ਇਹ ਸਾਬਿਤ ਕਰਕੇ ਦਿਖਾ ਦਿੱਤਾ ਕਿ ਕਾਮਯਾਬ ਹੋਣ ਲਈ ਉਮਰ ਦੀ ਲੋੜ ਨਹੀਂ ਬਸ ਲਗਨ ਤੇ ਮਿਹਨਤ ਦੀ ਹੁੰਦੀ ਹੈ ਚਾਹੇ ਉਮਰ ਛੋਟੀ ਹੀ ਕਿਉਂ ਨਾ ਹੋਵੇ। ਜਦੋਂ ਕਿ 20 ਸਾਲ ਦੀ ਉਮਰ ਵਿੱਚ ਜਾ ਕੇ ਇਹ ਸੋਚਦੇ ਹਨ ਅੱਗੇ ਕੀ ਕੀਤਾ ਜਾਵੇ।

ਉਡੀਕ ਜੀ ਹੁਣ ਘਰੇਲੂ ਵਰਤੋਂ ਅਤੇ ਖਾਣ ਵਾਲੀਆਂ ਸਬਜ਼ੀਆਂ ਦੇ ਨਾਲ-ਨਾਲ ਅੰਤਰਫਸਲੀ ਵਿਧੀ ਰਾਹੀਂ ਸਬਜ਼ੀਆਂ ਦੀ ਕਾਸ਼ਤ ਮਲਚਿੰਗ ਤਰੀਕੇ ਨਾਲ ਕਰ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੇ ਤਦਾਦ ਵਿੱਚ ਵਾਧਾ ਕਰਕੇ ਅਤੇ ਅੰਤਰਫਸਲੀ ਵਿਧੀ ਅਪਣਾ ਕੇ ਹੋਰ ਨਵੇਂ-ਨਵੇਂ ਤਜ਼ੁਰਬੇ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕੋਈ ਇਨਸਾਨ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਮੂਲ ਪੱਧਰ ‘ਤੇ ਖਾਈਆਂ ਜਾਣ ਵਾਲਿਆਂ ਸਬਜ਼ੀਆਂ ਦੀ ਕਾਸ਼ਤ ਦੇ ਨਾਲ-ਨਾਲ ਉਸਦਾ ਮੰਡੀਕਰਨ ਵੀ ਕਰਨਾ ਚਾਹੀਦਾ ਹੈ ਜਿਸ ਨੇ ਨਾਲ ਖੇਤੀ ਦੇ ਨਾਲ-ਨਾਲ ਆਮਦਨ ਵੀ ਹੋਵੇਗੀ।