prem_raj_saini_pn

ਪ੍ਰੇਮ ਰਾਜ ਸੈਣੀ

(ਫੁੱਲਾਂ ਦੀ ਖੇਤੀ)

ਕਿਵੇਂ ਉੱਤਰ ਪ੍ਰਦੇਸ਼ ਦਾ ਇੱਕ ਕਿਸਾਨ ਫੁੱਲਾਂ ਦੀ ਖੇਤੀ ਨਾਲ ਆਪਣੇ ਕਾਰੋਬਾਰ ਨੂੰ ਵਿਕਸਿਤ ਕਰ ਰਿਹਾ ਹੈ

ਫੁੱਲਾਂ ਦੀ ਖੇਤੀ ਇੱਕ ਲਾਭਦਾਇਕ ਕਾਰੋਬਾਰ ਹੈ ਅਤੇ ਇਹ ਦੇਸ਼ ਦੇ ਕਈ ਕਿਸਾਨਾਂ ਦੇ ਰੁਜ਼ਗਾਰ ਨੂੰ ਵਧਾ ਰਿਹਾ ਹੈ। ਇਸ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਪੀਰ ਨਗਰ ਪਿੰਡ ਦੇ ਸ਼੍ਰੀ ਪ੍ਰੇਮ ਰਾਜ ਸੈਣੀ ਜੀ ਇੱਕ ਉੱਭਰਦੇ ਹੋਏ ਫੁੱਲਾਂ ਦੇ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਸਾਡੇ ਸਮਾਜ ਦੇ ਹੋਰ ਕਿਸਾਨਾਂ ਲਈ ਇੱਕ ਵਧੀਆ ਮਿਸਾਲ ਹਨ।

ਫੁੱਲਾਂ ਦੀ ਖੇਤੀ ਕਰਨ ਪਿੱਛੇ ਪ੍ਰੇਮ ਰਾਜ ਜੀ ਲਈ ਸਭ ਤੋਂ ਵੱਡੀ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਹਨ। ਇਹ 70 ਦੇ ਦਹਾਕੇ ਦੀ ਗੱਲ ਹੈ ਜਦੋਂ ਉਨ੍ਹਾਂ ਦੇ ਪਿਤਾ ਦਿੱਲੀ ਤੋਂ ਫੁੱਲਾਂ ਦੇ ਵਿਭਿੰਨ ਪ੍ਰਕਾਰ ਦੇ ਬੀਜ ਆਪਣੇ ਖੇਤ ਵਿੱਚ ਉਗਾਉਣ ਲਈ ਲਿਆਏ ਸਨ। ਉਹ ਆਪਣੇ ਪਿਤਾ ਨੂੰ ਬਹੁਤ ਧਿਆਨ ਨਾਲ ਦੇਖਦੇ ਸਨ ਅਤੇ ਉਸ ਸਮੇਂ ਤੋਂ ਹੀ ਉਹ ਫੁੱਲਾਂ ਦੀ ਖੇਤੀ ਨਾਲ ਸੰਬੰਧਿਤ ਕੁੱਝ ਕਰਨਾ ਚਾਹੁੰਦੇ ਸਨ। ਹਾਲਾਂਕਿ ਪ੍ਰੇਮ ਰਾਜ ਸੈਣੀ B.Sc ਗ੍ਰੈਜੁਏਟ ਹਨ ਅਤੇ ਉਹ ਖੇਤੀ ਤੋਂ ਇਲਾਵਾ ਵਿਭਿੰਨ ਕਾਰੋਬਾਰ ਚੁਣ ਸਕਦੇ ਸਨ, ਪਰ ਉਨ੍ਹਾਂ ਨੇ ਆਪਣੇ ਸੁਪਨੇ ਵੱਲ ਜਾਣ ਦਾ ਰਸਤਾ ਚੁਣਿਆ।

20 ਮਈ 2007 ਨੂੰ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਅਦ ਹੀ ਪ੍ਰੇਮ ਰਾਜ ਨੇ ਉਸ ਕੰਮ ਨੂੰ ਸ਼ੂਰੂ ਕਰਨ ਦਾ ਫੈਸਲਾ ਕੀਤਾ, ਜੋ ਉਨ੍ਹਾਂ ਦੇ ਪਿਤਾ ਵਿਚਕਾਰ ਛੱਡ ਗਏ ਸਨ। ਉਸ ਸਮੇਂ ਉਨ੍ਹਾਂ ਦਾ ਪਰਿਵਾਰ ਆਰਥਿਕ ਰੂਪ ਨਾਲ ਸਥਾਈ ਸੀ ਅਤੇ ਉਨ੍ਹਾਂ ਦਾ ਭਰਾ ਵੀ ਕੰਮ-ਕਾਰ ਵਿੱਚ ਸੈੱਟਲ ਸੀ। ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਵੱਡੇ ਭਰਾ ਨੇ ਇੱਕ ਫੁੱਲਾਂ ਦੀ ਥੋਕ ਵਾਲੀ ਦੁਕਾਨ ਖੋਲ੍ਹੀ, ਜਿਸ ਦੁਆਰਾ ਉਹ ਆਪਣੇ ਖੇਤੀ ਦੇ ਉਤਪਾਦ ਵੇਚਣਗੇ। ਹੋਰ ਦੋ ਛੋਟੇ ਭਰਾ ਨੌਕਰੀ ਕਰ ਰਹੇ ਸਨ, ਪਰ ਬਾਅਦ ਵਿੱਚ ਉਹ ਵੀ ਪ੍ਰੇਮ ਰਾਜ ਅਤੇ ਵੱਡੇ ਭਰਾ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ।

ਪ੍ਰੇਮ ਰਾਜ ਜੀ ਦੁਆਰਾ ਕੀਤੀ ਗਈ ਇੱਕ ਪਹਿਲ ਨੇ ਪੂਰੇ ਪਰਿਵਾਰ ਨੂੰ ਇੱਕ ਧਾਗੇ ਨਾਲ ਜੋੜ ਦਿੱਤਾ। ਸਭ ਤੋਂ ਵੱਡੇ ਭਰਾ ਕਾਂਜੀਪੁਰ ਮੰਡੀ ਵਿੱਚ ਫੁੱਲਾਂ ਦੀਆਂ ਦੋ ਦੁਕਾਨਾਂ ਨੂੰ ਸੰਭਾਲ ਰਹੇ ਹਨ। ਪ੍ਰੇਮ ਰਾਜ ਖੁਦ ਪੂਰੇ ਫਾਰਮ ਦਾ ਕੰਮ ਸੰਭਾਲਦੇ ਹਨ ਅਤੇ ਦੋ ਛੋਟੇ ਭਰਾ ਨੋਇਡਾ ਦੀ ਸਬਜ਼ੀ ਮੰਡੀ ਵਿੱਚ ਆਪਣੀ ਦੁਕਾਨ ਸੰਭਾਲ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਾਰੇ ਕੰਮਾਂ ਨੂੰ ਵੰਡ ਦਿੱਤਾ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ। ਉਨ੍ਹਾਂ ਨੇ ਇੱਕ ਮਜ਼ਦੂਰ ਰੱਖਿਆ ਅਤੇ ਕਟਾਈ ਦੇ ਮੌਸਮ ਵਿੱਚ ਉਹ ਹੋਰ ਕਰਮਚਾਰੀਆਂ ਨੂੰ ਵੀ ਨਿਯੁਕਤ ਕਰ ਲੈਂਦੇ ਹਨ।

ਪ੍ਰੇਮ ਰਾਜ ਜੀ ਦੇ ਫਾਰਮ ‘ਤੇ ਮੌਸਮ ਦੇ ਅਨੁਸਾਰ ਹਰ ਤਰ੍ਹਾਂ ਦੇ ਫੁੱਲ ਅਤੇ ਸਬਜ਼ੀਆਂ ਹਨ। ਉੱਚ ਪੈਦਾਵਾਰ ਲਈ ਉਹ ਨੈੱਟਹਾਊਸ ਅਤੇ ਬੈੱਡ ਫਾਰਮਿੰਗ ਦੇ ਢੰਗਾਂ ਨੂੰ ਅਪਣਾਉਂਦੇ ਹਨ। ਦੂਜੇ ਸ਼ਬਦਾਂ ਵਿੱਚ ਉਹ ਉੱਚ-ਗੁਣਵੱਤਾ ਵਾਲੀ ਪੈਦਾਵਾਰ ਲਈ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ ਅਤੇ ਲੋੜ ਅਨੁਸਾਰ ਘੱਟ ਨਦੀਨ-ਨਾਸ਼ਕਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਖਰਚੇ ਵੀ ਅੱਧੇ ਰਹਿ ਜਾਂਦੇ ਹਨ। ਉਹ ਆਪਣੇ ਫਾਰਮ ‘ਤੇ ਆਧੁਨਿਕ ਖੇਤੀ ਯੰਤਰਾਂ ਜਿਵੇਂ ਟ੍ਰੈਕਟਰ ਅਤੇ ਰੋਟਾਵੇਟਰ ਦੀ ਵਰਤੋਂ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ-

ਸੈਣੀ ਭਰਾ ਵਧੀਆ ਆਮਦਨ ਲਈ ਵੱਖ-ਵੱਖ ਸਥਾਨਾਂ ‘ਤੇ ਹੋਰ ਜ਼ਿਆਦਾ ਦੁਕਾਨਾਂ ਖੋਲ੍ਹਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਭਵਿੱਖ ਵਿੱਚ ਖੇਤੀ ਦੇ ਖੇਤਰ ਅਤੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ।

ਪਰਿਵਾਰ-

ਵਰਤਮਾਨ ਵਿੱਚ ਉਹ ਆਪਣੇ ਪੂਰੇ ਪਰਿਵਾਰ (ਮਾਤਾ, ਪਤਨੀ, ਦੋ ਪੁੱਤਰ ਅਤੇ ਇੱਕ ਬੇਟੀ) ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਉਹ ਬਹੁਤ ਖੁੱਲ੍ਹੇ ਵਿਚਾਰਾਂ ਵਾਲੇ ਇਨਸਾਨ ਹਨ ਅਤੇ ਆਪਣੇ ਬੱਚਿਆਂ ‘ਤੇ ਕਦੇ ਵੀ ਆਪਣੀ ਸੋਚ ਲਾਗੂ ਨਹੀਂ ਕਰਦੇ। ਫੁੱਲਾਂ ਦੀ ਖੇਤੀ ਦੇ ਕਾਰੋਬਾਰ ਅਤੇ ਆਮਦਨ ਦੇ ਨਾਲ ਅੱਜ ਪ੍ਰੇਮ ਰਾਜ ਸੈਣੀ ਅਤੇ ਉਨ੍ਹਾਂ ਦੇ ਭਰਾ ਆਪਣੇ ਪਰਿਵਾਰ ਦੀਆਂ ਸਭ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ।

ਸੰਦੇਸ਼
“ਅੱਜ-ਕੱਲ੍ਹ ਨੌਕਰੀਆਂ ਦੀ ਬਹੁਤ ਘਾਟ ਹੈ, ਕਿਉਂਕਿ ਜੇਕਰ ਇੱਕ ਨੌਕਰੀ ਲਈ ਜਗ੍ਹਾ ਹੈ ਤਾਂ ਉੱਥੇ ਐਪਲੀਕੇਸ਼ਨ ਭਰਨ ਵਾਲੇ ਬਹੁਤ ਸਾਰੇ ਬਿਨੈਕਾਰ ਹਨ। ਇਸ ਲਈ ਜੇਕਰ ਤੁਹਾਡੇ ਕੋਲ ਜ਼ਮੀਨ ਹੈ ਤਾਂ ਤੁਸੀਂ ਖੇਤੀ ਕਰਨੀ ਸ਼ੁਰੂ ਕਰੋ ਅਤੇ ਇਸ ਤੋਂ ਲਾਭ ਕਮਾਓ। ਖੇਤੀਬਾੜੀ ਨੂੰ ਹੇਠਲੇ ਪੱਧਰ ਦੇ ਕਾਰੋਬਾਰ ਦੀ ਬਜਾਏ ਆਪਣੀ ਨੌਕਰੀ ਦੇ ਤੌਰ ‘ਤੇ ਅਪਨਾਓ।”