ਹੋਰਨਾਂ ਦੇਸ਼ਾਂ ਵਿਚ ਭਾਰਤੀ ਬਾਸਮਤੀ ਅਤੇ ਸਾਦੇ ਚੌਲਾਂ ਦੀ ਮੰਗ ਘਟੀ

December 05 2019

ਭਾਰਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਚਾਲੂ ਵਿੱਤੀ ਵਰ੍ਹੇ ਦੇ ਸ਼ੁਰੂਆਤੀ ਸੱਤ ਮਹੀਨਿਆਂ ਦੌਰਾਨ 10 ਫ਼ੀਸਦੀ ਘਟ ਗਈ ਹੈ ਜਦ ਕਿ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਵਿਚ 37 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਖੇਤੀ ਤੇ ਪ੍ਰੋਸੈਸਡ ਖ਼ੁਰਾਕੀ ਉਤਪਾਦ ਬਰਾਮਦ ਵਿਕਾਸ ਅਥਾਰਟੀ (APEDA) ਤੋਂ ਮਿਲੀ ਜਾਣਕਾਰੀ ਅਨੁਸਾਰ ਚਾਲੂ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ ਤੋਂ ਅਕਤੂਬਰ ਮਹੀਨਿਆਂ ਦੌਰਾਨ ਭਾਰਤ ਨੇ ਲਗਭਗ 20 ਲੱਖ ਟਨ ਚੌਲ਼ਾਂ ਦੀ ਬਰਾਮਦ ਕੀਤੀ।

ਇਸ ਦੇ ਮੁਕਾਬਲੇ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਦੇਸ਼ ’ਚੋਂ 22 ਲੱਖ ਟਨ ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਚੌਲ਼ਾਂ ਦੀ ਬਰਾਮਦ ਵਿਚ 10 ਫ਼ੀਸਦੀ ਗਿਰਾਵਟ ਆਈ ਹੈ। ਬਾਸਮਤੀ ਚੌਲ਼ਾਂ ਦੀ ਬਰਾਮਦ ਨੂੰ ਜੇ ਰੁਪਏ ਦੀ ਕੀਮਤ ਦੇ ਤੌਰ ’ਤੇ ਵੇਖਿਆ ਜਾਵੇ, ਤਾਂ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਭਾਰਤ ਨੇ 15,564 ਕਰੋੜ ਰੁਪਏ ਕੀਮਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਕੀਤੀ ਹੈ।

ਇਕ ਨਿਊਜ਼ ਏਜੰਸੀ ਅਨੁਸਾਰ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਬਾਸਮਤੀ ਚੌਲ਼ਾਂ ਦੀ ਬਰਾਮਦ 16,963 ਕਰੋੜ ਰੁਪਏ ਦੀ ਹੋਈ ਸੀ ਉੱਧਰ ਡਾਲਰ ਦੀ ਕੀਮਤ ’ਚ ਅਪ੍ਰੈਲ–ਅਕਤੂਬਰ ਦੌਰਾਨ 222.5 ਕਰੋੜ ਡਾਲਰ ਮੁੱਲ ਦੀ ਬਰਾਮਦ ਹੋਈ ਜਦ ਕਿ ਪਿਛਲੇ ਵਰ੍ਹੇ ਇਸੇ ਮਿਆਦ ਦੌਰਾਨ 247.9 ਕਰੋੜ ਡਾਲਰ ਕੀਮਤ ਦੇ ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਸੀ।

APEDA ਅਧੀਨ ਆਉਣ ਵਾਲੀ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫ਼ਾਊਂਡੇਸ਼ਨ (BEDF) ਦੇ ਡਾਇਰੈਕਟਰ ਏ.ਕੇ. ਗੁਪਤਾ ਨੇ ਦੱਸਿਆ ਕਿ ਇਸ ਵੇਲੇ ਈਰਾਨ ਨੂੰ ਬਾਸਮਤੀ ਚੌਲ਼ਾਂ ਦੀ ਬਰਾਮਦ ਨਹੀਂ ਹੋ ਰਹੀ, ਜਿਸ ਕਾਰਨ ਬਰਾਮਦ ਵਿਚ ਕਮੀ ਆਈ ਹੈ। ਇੱਥੇ ਵਰਨਣਯੋਗ ਹੈ ਕਿ ਈਰਾਨ ਨੇ ਭਾਰਤ ਤੋਂ ਬਾਸਮਤੀ ਚੌਲ਼ਾਂ ਦੀ ਦਰਾਮਦ ਕਰਨ ਉੱਤੇ ਪਿਛਲੇ ਕੁਝ ਸਮੇਂ ਤੋਂ ਰੋਕ ਲਗਾ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਈਰਾਨ ਨੂੰ ਜਿਹੜੀ ਬਰਾਮਦ ਹੋਈ ਹੈ, ਉਸ ਦਾ ਭੁਗਤਾਨ ਵੀ ਨਹੀਂ ਹੋ ਰਿਹਾ। ਅਪ੍ਰੈਲ–ਅਕਤੂਬਰ ਦੌਰਾਨ 28.1 ਲੱਖ ਟਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਹੋਈ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ 44.8 ਲੱਖ ਟਨ ਸੀ। ਰੁਪਏ ਦੀ ਕੀਮਤ ਦੇ ਤੌਰ ’ਤੇ ਭਾਰਤ ਨੇ ਇਸ ਵਰ੍ਹੇ ਅਪ੍ਰੈਲ ਤੋਂ ਅਕਤੂਬਰ ਤੱਕ 8,013 ਕਰੋੜ ਰੁਪਏ ਦੇ ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਕੀਤੀ ਸੀ। ਗ਼ੈਰ–ਬਾਸਮਤੀ ਚੌਲ਼ਾਂ ਦੀ ਬਰਾਮਦ ਚਾਲੂ ਵਿੱਤੀ ਵਰ੍ਹੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਲਗਭਗ 37 ਫ਼ੀਸਦੀ ਘਟ ਗਈ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ