ਪੰਜਾਬ ਚ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ, 43 ਲੱਖ ਪਰਿਵਾਰਾਂ ਨੂੰ ਮਿਲੇਗੀ ਮੁਫ਼ਤ ਸਿਹਤ ਸੁਰੱਖਿਆ

August 21 2019

ਆਯੂਸ਼ਮਾਨ ਭਾਰਤ ਤਹਿਤ ਜ਼ਿਲ੍ਹਾ ਗੁਰਦਾਸਪੁਰ ਚ ਮੰਗਲਵਾਰ ਨੂੰ ਸਰਬੱਤ ਸਿਹਤ ਬੀਮਾ ਯੋਜ਼ਨਾ ਦੀ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ। ਇਸ ਅਹਿਮ ਯੋਜ਼ਨਾ ਦਾ ਉਦਘਾਟਨ ਅੱਜ ਇੱਥੇ ਪੇਂਡੂ ਵਿਕਾਸ ਅਤੇ ਪੰਚਾਇਤ ਤੇ ਉੱਚ ਸਿੱਖਿਆ ਮੰਤਰੀ ਤਿ੍ਪਤ ਬਾਜਵਾ ਨੇ ਕੀਤਾ। ਇਸ ਸਮੇਂ ਵਿਪੁਲ ਉਜਵਲ ਡਿਪਟੀ ਕਮਿਸ਼ਨਰ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ ਅਤੇ ਡਾ. ਕਿਸ਼ਨ ਚੰਦ ਸਿਵਲ ਸਰਜਨ ਵੀ ਮੌਜੂਦ ਸਨ।

ਸਭ ਤੋਂ ਪਹਿਲਾਂ ਮੰਤਰੀ ਬਾਜਵਾ ਨੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਸਵ. ਰਾਜੀਵ ਗਾਂਧੀ ਦੇ 75ਵੇਂ ਜਨਮ ਵਰੇ੍ਹਗੰਢ ਮੌਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਦੇ ਅਖੀਰ ਲਾਭਪਾਤਰੀਆਂ ਨੂੰ ਈ-ਕਾਰਡ ਵੀ ਵੰਡੇ ਗਏ। ਸਥਾਨਕ ਪੰਚਾਇਤ ਭਵਨ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਰਾਜੀਵ ਗਾਂਧੀ ਦੇ 75ਵੇਂ ਜਨਮ ਵਰੇ੍ਹਗੰਢ ਮੌਕੇ ਸੂਬਾ ਸਰਕਾਰ ਵਲੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਦੇ 43 ਲੱਖ ਪਰਿਵਾਰਾਂ ਨੂੰ ਮੁਫਤ ਸਿਹਤ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਹਰ ਸਾਲ 300 ਕਰੋੜ ਰੁਪਏ ਇਸ ਉੱਪਰ ਖਰਚ ਕਰੇਗੀ।

ਬਾਜਵਾ ਨੇ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਰਜਿਸਟਰਡ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਹੋਣ ਤੇ ਸਾਲਾਨਾ 5 ਲੱਖ ਰੁਪਏ ਤਕ ਦੇ ਨਕਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਹ ਸਹੂਲਤ ਪ੍ਰਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਚ ਵੀ ਉਪਲਬੱਧ ਹੋਵੇਗੀ। ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਯੋਗ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਤੇਜ਼ ਗਤੀ ਨਾਲ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਜੋ ਸਰਕਾਰ ਵਲੋਂ ਦਿੱਤੀ ਗਈ ਸਹੂਲਤ ਦਾ ਲਾਭਪਾਤਰੀ ਸਮੇਂ ਸਿਰ ਲਾਭ ਹਾਸਿਲ ਕਰ ਸਕਣ। ਬਾਜਵਾ ਨੇ ਅੱਗੇ ਕਿਹਾ ਕਿ ਕੈਪਟਨ ਸਰਕਾਰ ਸੂਬਾ ਵਾਸੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਰ ਲਾਭਪਾਤਰੀ ਤਕ ਪੁਜਦਾ ਕੀਤਾ ਗਿਆ ਹੈ।

ਬਾਜਵਾ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀ ਦਾ ਕੈਸ਼ਲੈਸ 5 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ। ਸਮਾਜਿਕ-ਆਰਥਿਕ ਅਤੇ ਜਾਤੀ ਜਨ ਗਣਨਾ 2011 ਵਿਚ ਸ਼ਾਮਿਲ ਪਰਿਵਾਰ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਕਿਸਾਨ ਪਰਿਵਾਰ (ਜੇ ਫਾਰਮ ਧਾਰਕ), ਉਸਾਰੀ ਭਲਾਈ ਬੋਰਡ ਅਤੇ ਪੰਜੀਕ੍ਰਿਤ ਉਸਾਰੀ ਕਾਮੇ ਇਸ ਸਕੀਮ ਦਾ ਲਾਭ ਹਾਸਿਲ ਕਰ ਸਕਦੇ ਹਨ। ਲਾਭਪਾਤਰੀ ਦਾ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਪ੍ਰਰਾਈਵੇਟ ਹਸਪਤਾਲਾਂ ਵਿਚ ਮੁਫਤ ਇਲਾਜ ਕੀਤਾ ਜਾਵੇਗਾ। ਇਸ ਸਕੀਮ ਤਹਿਤ ਮੀਡੀਆ ਖੇਤਰ ਵਿਚ ਕੰਮ ਕਰ ਰਹੇ ਯੈਲੋ ਕਾਰਡ ਅਤੇ ਐਕਰੀਡੇਟਡ ਕਾਰਡ ਧਾਰਕ ਪੱਤਰਕਾਰਾਂ ਨੂੰ ਵੀ ਕਵਰ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਮੰਤਰੀ ਬਜਾਵਾ ਨੂੰ ਯਕੀਨ ਦਿਵਾਇਆ ਕਿ ਇਸ ਬੀਮਾ ਯੋਜਨਾ ਤਹਿਤ ਲਾਭਪਤਾਰੀ ਨੂੰ ਸਿਹਤ ਸਹੂਲਤ ਪ੍ਰਦਾਨ ਲਈ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ ਤੇ ਸਮੂਹ ਸਰਕਾਰੀ ਹਸਪਤਾਲਾਂ, ਲੇਬਰ, ਐਕਸਾਈਜ਼, ਖੇਤੀਬਾੜੀ ਵਿਭਾਗ ਤੇ ਕਾਮਨ ਸਰਵਿਸ ਸੈਂਟਰ ਆਦਿ ਤੇ ਬੈਨਰ ਤੇ ਹੋਰਡਿੰਗ ਬੋਰਡ ਲਗਾ ਕੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਹਸਪਤਾਲਾਂ ਵਿਚ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਕਰਨ ਲਈ ਸਪੈਸ਼ਲ ਕਾਊਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਵੀ ਲਾਭਪਾਤਰੀ ਸਿਹਤ ਸੰਸਥਾ ਵਿਚ ਆਵੇ ਤਾਂ ਉਸਦੀ ਰਜਿਸ਼ਟਰੇਸ਼ਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਅੰਦਰ ਚੱਲ ਰਹੇ ਕਾਮਨ ਸਰਵਿਸ ਸੈਂਟਰ ਵਿਚ ਵੀ 30 ਰੁਪਏ ਦੇ ਕੇ ਲਾਭਪਾਤਰੀ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 2 ਲੱਖ 53 ਹਜ਼ਾਰ ਲਾਭਪਾਤਰੀ ਹਨ। ਜਿਲ੍ਹੇ ਦੇ 11 ਸਰਕਾਰੀ ਹਸਪਤਾਲ ਅਤੇ 10 ਪ੍ਰਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ, ਜਿਥੇ ਲਾਭਪਾਤਰੀ ਇਸ ਸਕੀਮ ਦਾ ਲਾਭ ਹਾਸਿਲ ਕਰ ਸਕਣਗੇ। ਇਸ ਮੌਕੇ ਲਖਵਿੰਦਰ ਸਿੰਘ ਰੰਧਾਵਾ ਡੀਡੀਪੀਓ, ਦਰਸ਼ਨ ਮਹਾਜਨ, ਡਾ. ਸੁਨੀਤਾ ਭੱਲਾ ਸਹਾਇਕ ਸਿਵਲ ਸਰਜਨ, ਡਾ. ਭੱਲਾ ਐੱਸਐੱਮਓ ਬਟਾਲਾ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ, ਸਿਹਤ ਅਧਿਕਾਰੀ ਤੇ ਲਾਭਪਾਤਪਰੀ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ