ਪਰਾਲੀ ਨੂੰ ਖੇਤਾਂ ਚ ਵਾਹ ਕੇ ਇਹ ਕਿਸਾਨ ਕਮਾ ਰਿਹੈ ਲੱਖਾਂ ਰੁਪਏ, ਜਾਣੋ ਕਿਸ ਤਰ੍ਹਾਂ ਕਰਦਾ ਖੇਤੀ

October 16 2019

ਸੂਬੇ ਚ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੋ ਚੁੱਕੀ ਹੈ ਤੇ ਕਈ ਕਿਸਾਨ ਮੰਡੀਆਂ ਚ ਫਸਲ ਸੁੱਟ ਕੇ ਕਣਕ ਬੀਜਣ ਦੀ ਤਿਆਰੀ ਚ ਜੁੱਟ ਗਏ ਹਨ। ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਅਗਲੀ ਫ਼ਸਲ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਲਈ ਖੇਤਾਂ ਚ ਖੜ੍ਹੀ ਪਰਾਲੀ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ। ਕਈ ਕਿਸਾਨ ਪਰਾਲੀ ਤੋਂ ਖਹਿੜਾ ਛੁਡਾਉਣ ਲਈ ਇਸ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ। 

ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਲਈ ਜਾਗਰੂਕ ਕਰਨ ਵਾਸਤੇ ਹਰੇਕ ਸਾਲ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ ਪਰ ਇਸ ਦਾ ਅਸਰ ਕੁਝ ਕੁ ਕਿਸਾਨਾਂ ਤੇ ਦੇਖਣ ਨੂੰ ਮਿਲਦਾ ਹੈ, ਜੋ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਖੇਤਾਂ ਚ ਵਾਹੁਣ ਨੂੰ ਤਰਜੀਹ ਦਿੰਦੇ ਹਨ। ਅਜਿਹੇ ਹੀ ਕਿਸਾਨਾਂ ਚੋਂ ਇਕ ਹੈ ਪਿੰਡ ਪੁਰੇਵਾਲ ਦਾ ਕਿਸਾਨ ਬੂਟਾ ਸਿੰਘ, ਜੋ ਪਰਾਲੀ ਨੂੰ ਖੇਤਾਂ ਚ ਵਾਹ ਕੇ ਜਿਥੇ ਵੱਧ ਝਾੜ ਹਾਸਲ ਕਰ ਰਿਹਾ ਹੈ, ਉਥੇ ਹੀ ਵਾਤਾਵਰਨ ਨੂੰ ਪਲੀਤ ਹੋਣ ਤੋਂ ਵੀ ਬਚਾ ਰਿਹਾ ਹੈ।

ਬੂਟਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਪਰਾਲ਼ੀ ਨੂੰ ਖੇਤਾਂ ਵਿਚ ਹੀ ਵਾਹ ਕੇ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਬੇਸ਼ੱਕ ਇਸ ਚ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਅਤੇ ਪ੍ਰਤੀ ਏਕੜ ਕਰੀਬ ਹਜ਼ਾਰ ਰੁਪਏ ਵਾਧੂ ਖਰਚਣੇ ਪੈਂਦੇ ਹਨ ਪਰ ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਉਸ ਨੇ ਦੱਸਿਆ ਕਿ ਉਹ ਚੌਪਰ ਨਾਲ ਪਰਾਲੀ ਨੂੰ ਖੇਤਾਂ ਚ ਵਾਹ ਦਿੰਦਾ ਹੈ। ਉਸ ਤੋਂ ਬਾਅਦ ਪਾਣੀ ਲਗਾ ਦਿੱਤਾ ਜਾਂਦਾ ਹੈ। 

ਇਸ ਤਰ੍ਹਾਂ ਅੱਗ ਲਾਉਣ ਦੀ ਲੋੜ ਨਹੀਂ ਰਹਿੰਦੀ। ਉਨ੍ਹਾਂ ਦੱਸਿਆ ਕਿ ਪਰਾਲ਼ੀ ਨਾ ਸਾੜ ਕੇ ਉਹ ਜਿੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਚ ਆਪਣਾ ਯੋਗਦਾਨ ਦੇ ਰਿਹਾ ਹੈ, ਉਥੇ ਹੀ ਜ਼ਮੀਨ ਵਿਚਲੇ ਮਿੱਤਰ ਕੀੜਿਆਂ ਨੂੰ ਸੜਨ ਤੋਂ ਬਚਾ ਰਿਹਾ ਹੈ। ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਰਹੀ ਹੈ ਤੇ ਫਸਲ ਦਾ ਝਾੜ ਵੀ ਚੰਗਾ ਨਿਕਲ ਰਿਹਾ ਹੈ। ਉਸ ਨੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣਾ ਬੰਦ ਕਰਨ। ਉਸ ਨੇ ਕਿਹਾ ਕਿ ਪਰਾਲੀ ਕੁਦਰਤ ਦਾ ਵਰਦਾਨ ਹੈ, ਜਿਸ ਦਾ ਸੁਚੱਜਾ ਪ੍ਰਬੰਧ ਕਰ ਕੇ ਇਸ ਤੋਂ ਮੁਨਾਫਾ ਕਮਾਇਆ ਜਾ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ