ਖੇਤੀ ਆਰਡੀਨੈਂਸ: ਕੇਂਦਰ ਨਾਲ ਟਕਰਾਅ ਦੇ ਰੌਂਅ ’ਚ ਹਨ ਕਿਸਾਨ

September 17 2020

ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ’ਚ ਬਣਿਆ ਸੰਘਰਸ਼ੀ ਰੋਹ ਹੁਣ ਕੇਂਦਰ ਸਰਕਾਰ ਨਾਲ ਸਿੱਧੀ ਲੜਾਈ ਵੱਲ ਮੋੜਾ ਖਾਣ ਲੱਗਾ ਹੈ। ਦਰਜਨਾਂ ਕਿਸਾਨ ਧਿਰਾਂ ਨੇ ਦਿੱਲੀ ਵੱਲ ਕੂਚ ਕਰਨ ਤੇ ਰੇਲ ਮਾਰਗ ਰੋਕਣ ਵੱਲ ਕਦਮ ਵਧਾ ਲਏ ਹਨ। ਪੰਜਾਬ ’ਚ ਸੰਘਰਸ਼ੀ ਪਿੜ ਨੂੰ ਮਜ਼ਬੂਤ ਹੁੰਗਾਰਾ ਮਿਲਣ ਮਗਰੋਂ ਕਿਸਾਨ ਧਿਰਾਂ ਨੇ ਆਰ ਪਾਰ ਦੀ ਲੜਾਈ ਵੱਲ ਪੈਰ ਪਸਾਰੇ ਹਨ। ਪੰਜਾਬ ਦੇ ਕਿਸਾਨੀ ਸੰਘਰਸ਼ ਨੇ ਹਰਿਆਣਾ ’ਚ ਸੰਘਰਸ਼ੀ ਰੋਹ ਖੜ੍ਹਾ ਕਰਨ ਮਦਦ ਕੀਤੀ ਹੈ। ਕਈ ਸੂਬਿਆਂ ਦੇ ਕਿਸਾਨਾਂ ਨੂੰ ਅੱਜ ਦਿੱਲੀ ਬਾਰਡਰ ’ਤੇ ਹੀ ਪੁਲੀਸ ਨੇ ਘੇਰੀ ਰੱਖਿਆ ਜੋ ਸੰਸਦ ਅੱਗੇ ਰੋਸ ਪ੍ਰਗਟ ਕਰਨ ਲਈ ਰਵਾਨਾ ਹੋਏ ਸਨ। 

ਬੇਸ਼ੱਕ ਸੰਸਦ ਵਿੱਚ ਅੱਜ ਖੇਤੀ ਆਰਡੀਨੈਂਸ ਪਾਸ ਹੋਣ ਦੀ ਸੰਭਾਵਨਾ ਹੈ ਪਰ ਕੇਂਦਰ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਗੁੱਸੇ ਨੇ ਅੰਦਰੋਂ ਹਿਲਾ ਦਿੱਤਾ ਹੈ। ਕੇਂਦਰੀ ਖੁਫ਼ੀਆ ਤੰਤਰ ਪੂਰੇ ਕਿਸਾਨਾਂ ਦੇ ਸੰਘਰਸ਼ ਨੂੰ ਨੇੜਿਓਂ ਵੇਖਣ ਲੱਗਾ ਹੈ। ਭਾਕਿਯੂ (ਉਗਰਾਹਾਂ) ਵੱਲੋਂ ਪਿੰਡ ਬਾਦਲ ਤੇ ਪਟਿਆਲਾ ਵਿਚਲੇ ਕਿਸਾਨ ਮੋਰਚੇ ਨੂੰ ਅੱਜ ਦੂਸਰੇ ਦਿਨ ਉਦੋਂ ਤਾਕਤ ਮਿਲੀ ਜਦੋਂ ਆਪ ਮੁਹਾਰੇ ਲੋਕ ਪੁੱਜਣੇ ਸ਼ੁਰੂ ਹੋ ਗਏ। 20 ਸਤੰਬਰ ਤੱਕ ਚੱਲਣ ਵਾਲੇ ਇਸ ਮੋਰਚੇ ’ਚ ਨਾਅਰੇ ਗੂੰਜਣ ਲੱਗੇ ਹਨ।

ਅੱਜ ਬਾਦਲ ਅਤੇ ਪਟਿਆਲਾ ਮੋਰਚੇ ਵਿੱਚ ਉੱਘੇ ਲੋਕ ਪੱਖੀ  ਇਨਕਲਾਬੀ ਨਾਟਕਕਾਰ ਗੁਰਸ਼ਰਨ ਭਾਅ ਜੀ ਦਾ 91ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਗੁਰਸ਼ਰਨ ਭਾਅ ਜੀ ਦੀ ਲੋਕ-ਪੱਖੀ ਲਹਿਰਾਂ ਦੀ ਉਸਾਰੀ ਲਈ ਉਮਰ ਭਰ ਕੀਤੀ ਘਾਲਣਾ ਬਾਰੇ ਦੱਸਿਆ ਗਿਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਮੋਰਚੇ ’ਚ ਗੁਰਸ਼ਰਨ ਭਾਅ ਜੀ ਦਾ ਨਾਟਕ ‘ਇਹ ਲਹੂ ਕਿਸਦਾ ਹੈ’ ਦਾ ਮੰਚ ਸੰਚਾਲਨ ਉੱਘੇ ਰੰਗਕਰਮੀ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਕੀਤਾ ਗਿਆ। ਜਗਸੀਰ ਜੀਦਾ ਦੀ ਸੰਗੀਤ ਮੰਡਲੀ ਵੱਲੋਂ ਵੀ ਪੇਸ਼ਕਾਰੀ ਕੀਤੀ ਗਈ। ਬਠਿੰਡਾ   ਤੇ ਪਟਿਆਲਾ ਦੇ ਮੋਰਚਿਆਂ ਵਿੱਚ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਹਰਿੰਦਰ ਕੌਰ ਬਿੰਦੂ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਆਦਿ ਸ਼ਾਮਿਲ ਸਨ। ਆਗੂਆਂ ਨੇ ਕਿਸਾਨ ਮਾਰੂ ਆਰਡੀਨੈਂਸ ਰੱਦ ਕਰਨ ਅਤੇ ਝੂਠੇ ਕੇਸਾਂ ’ਚ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, ਗੰਭੀਰ ਰੋਗੀ ਤੇ ਅਪਾਹਜ ਪ੍ਰੋ. ਜੀਐਨ ਸਾਈਬਾਬਾ ਤੋਂ ਇਲਾਵਾ ਸ਼ਾਹੀਨ ਬਾਗ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਵੀ ਰੱਖੀ। ਆਗੂਆਂ ਨੇ ਅੱਜ ਐਲਾਨ ਕੀਤਾ ਕਿ ਖੇਤੀ ਆਰਡੀਨੈਂਸਾਂ ਦੇ ਪੱਖ ’ਚ ਖੜਨ ਵਾਲੇ ਰਾਜਸੀ ਆਗੂਆਂ ਦਾ ਪਿੰਡਾਂ ’ਚ ਦਾਖਲਾ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਦਰਿਆਈ ਪੁਲਾਂ ’ਤੇ ਤਿੰਨ ਦਿਨਾਂ ਤੋਂ ਲਾਏ ਧਰਨੇ ਅੱਜ ਸਮਾਪਤ ਕਰ ਦਿੱਤੇ ਹਨ ਜਦਕਿ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਅੱਗੇ ਲਾਏ ਧਰਨੇ ਦਸਵੇਂ ਦਿਨ ਵੀ ਜਾਰੀ ਰਹੇ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਿਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਯਾਤਰੀਆਂ ਦੀ ਖੱਜਲ ਖੁਆਰੀ ਨੂੰ ਦੇਖਦੇ ਹੋਏ ਦਰਿਆਈ ਪੁਲਾਂ ਤੋਂ ਧਰਨੇ ਚੁੱਕੇ ਗਏ ਹਨ।

ਸੰਘਰਸ਼ ਕਮੇਟੀ ਨੇ ਭਲਕੇ 17 ਸਤੰਬਰ ਨੂੰ ਅੰਮ੍ਰਿਤਸਰ ਦੇ ਚੱਬਾ ’ਚ ਹੰਗਾਮੀ ਮੀਟਿੰਗ ਸੱਦ ਲਈ ਹੈ। ਆਗੂਆਂ ਨੇ ਕਿਹਾ ਕਿ ਉਹ ਭਲਕੇ ਮੀਟਿੰਗ ਮਗਰੋਂ ਅਗਲੇ ਸੰਘਰਸ਼ ਦਾ ਐਲਾਨ ਕਰਨਗੇ। ਉਨ੍ਹਾਂ ਆਖਿਆ ਕਿ ਇਹ ਸੰਘਰਸ਼ ਰੇਲਾਂ ਰੋਕਣ ਦਾ ਹੋ ਸਕਦਾ ਹੈ ਜਾਂ ਫਿਰ ਦਿੱਲੀ ਵੱਲ ਕੂਚ ਕਰਨ ਦਾ ਹੋ ਸਕਦਾ ਹੈ। ਕੇਂਦਰੀ ਮੰਤਰੀਆਂ ਦੇ ਘਿਰਾਓ ਕਰਨ ਦਾ ਵੀ ਫ਼ੈਸਲਾ ਹੋ ਸਕਦਾ ਹੈ। ਇਸੇ ਤਰ੍ਹਾਂ ਕੁੱਲ੍ਹ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ’ਚ ਸ਼ਾਮਿਲ ਭਾਕਿਯੂ (ਡਕੌਂਦਾ), ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਸੰਘਰਸ਼ ਕਮੇਟੀ ਆਜ਼ਾਦ ਤੇ ਕੋਟ ਬੁੱਢਾ ਸਮੇਤ ਦਸ ਕਿਸਾਨ ਧਿਰਾਂ ਨੇ ਅੱਜ ਲੁਧਿਆਣਾ ਵਿੱਚ ਮੀਟਿੰਗ ਕੀਤੀ।

ਭਾਕਿਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਮੀਟਿੰਗ ’ਚ ਲਏ ਫ਼ੈਸਲੇ ਅਨੁਸਾਰ ਕਿਸਾਨ ਧਿਰਾਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਜਿਸ ਵਿੱਚ ਸੜਕੀ ਤੇ ਰੇਲ ਆਵਾਜਾਈ ਰੋਕੀ ਜਾਵੇਗੀ ਅਤੇ ਬਾਜ਼ਾਰ ਵੀ ਬੰਦ ਕਰਾਏ ਜਾਣਗੇ। ਇਨ੍ਹਾਂ ਧਿਰਾਂ ਨੇ ਪੰਜਾਬ ’ਚ ਸਾਂਝਾ ਸੰਘਰਸ਼ ਕਰਨ ਵਾਸਤੇ ਬਾਕੀ ਕਿਸਾਨ ਧਿਰਾਂ ਨੂੰ ਸੰਘਰਸ਼ੀ ਏਕਤਾ ਦਾ ਸੱਦਾ ਦਿੱਤਾ ਹੈ ਤੇ ਇਸ ਬਾਰੇ 19 ਸਤੰਬਰ ਨੂੰ ਮੋਗਾ ’ਚ ਮੀਟਿੰਗ ਸੱਦ ਲਈ ਹੈ।

ਕਿਸਾਨਾਂ ਵੱਲੋਂ ਰਾਜ ਭਵਨ ਅੱਗੇ ਧਰਨਾ

ਗਿਆਰਾਂ ਕਿਸਾਨ ਧਿਰਾਂ ਨੇ ਅੱਜ ਗਵਰਨਰ ਹਾਊਸ ਪੰਜਾਬ ਅੱਗੇ ਉਦੋਂ ਧਰਨਾ ਮਾਰ ਦਿੱਤਾ ਜਦੋਂ ਗਵਰਨਰ ਨੇ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਭਾਕਿਯੂ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਉਹ ਮੁਹਾਲੀ ਤੋਂ ਕਾਲੇ ਚੋਲੇ ਪਾ ਕੇ ਰਵਾਨਾ ਹੋਏ ਅਤੇ ਰਸਤੇ ਵਿੱਚ ਪੁਲੀਸ ਨੇ ਰੋਕ ਲਿਆ। ਸਿਰਫ਼ 11 ਆਗੂਆਂ ਨੂੰ ਹੀ ਅੱਗੇ ਜਾਣ ਦਿੱਤਾ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਮੰਗ ਪੱਤਰ ਨਾ ਲਿਆ ਜਿਸ ਕਰਕੇ ਗੁੱਸੇ ਵਿੱਚ ਆਗੂਆਂ ਨੇ ਕਰੀਬ ਇੱਕ ਘੰਟਾ ਧਰਨਾ ਮਾਰ ਕੇ ਨਾਅਰੇਬਾਜ਼ੀ ਕੀਤੀ।

ਹਾਈ ਕੋਰਟ ਨੂੰ ਸੜਕਾਂ ਖਾਲੀ ਕਰਾਉਣ ਬਾਰੇ ਜਾਣਕਾਰੀ ਦਿੱਤੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅੱਜ ਪੰਜਾਬ ਸਰਕਾਰ ਨੇ ਸਾਰੀਆਂ ਸੜਕਾਂ ਕਿਸਾਨਾਂ ਤੋਂ ਖਾਲੀ ਕਰਾਉਣ ਦੀ ਰਿਪੋਰਟ ਦੇ ਦਿੱਤੀ ਹੈ। ਮੋਹਿਤ ਕਪੂਰ ਦੀ ਅਰਜ਼ੀ ’ਤੇ ਅੱਜ ਚੀਫ ਜਸਟਿਸ ਦੀ ਅਦਾਲਤ ਵਿੱਚ ਬਹਿਸ ਹੋਈ। ਹਾਈ ਕੋਰਟ ਦੇ ਵਕੀਲ ਬਲਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਬਹਿਸ ਮਗਰੋਂ ਰਾਜ ਸਰਕਾਰ ਦੀ ਸਟੇਟਸ ਰਿਪੋਰਟ ਨੂੰ ਰਿਕਾਰਡ ’ਤੇ ਲਿਆਂਦਾ ਗਿਆ ਹੈ ਅਤੇ ਇੱਕ ਹੋਰ ਕਿਸਾਨ ਯੂਨੀਅਨ ਵੱਲੋਂ ਦਿੱਤੀ ਅਰਜ਼ੀ ’ਤੇ ਦੂਸਰੀ ਧਿਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune