ਮੌਸਮ ਵਿਭਾਗ ਦੀ ਨਵੀਂ ਭਵਿੱਖ ਬਾਣੀ, ਅਗਲੇ 4 ਦਿਨਾਂ ਤੱਕ ਮੌਸਮ ਖਰਾਬ ਰਹਿ ਸਕਦੈ...

April 19 2019

ਮੌਸਮ ਵਿਚ ਆਈ ਖ਼ਰਾਬੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰ ਦਿਤਾ ਹੈ। ਜਿੱਥੇ ਕਈ ਇਲਾਕਿਆਂ ਵਿਚ ਹੋਈ ਤੇਜ਼ ਬਾਰਿਸ਼ ਨੇ ਕਣਕ ਦੀ ਪੱਕੀ ਖੜ੍ਹੀ ਫ਼ਸਲ ਨੂੰ ਬਰਬਾਦ ਕਰਕੇ ਰੱਖ ਦਿਤਾ ਹੈ। ਉਥੇ ਹੀ ਸਬਜ਼ੀਆਂ, ਹਰੇ ਚਾਰੇ ਆਦਿ ਦੀਆਂ ਫ਼ਸਲਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ। ਜਿਸ ਕਾਰਨ ਕਿਸਾਨਾਂ ਵਿਚ ਮਾਯੂਸੀ ਦਾ ਆਲਮ ਛਾਇਆ ਹੋਇਆ ਹੈ। ਪਰ ਮੌਸਮ ਦਾ ਵਿਗੜਿਆ ਮਿਜਾਜ਼ ਹਾਲੇ ਠੀਕ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਨੇ ਇਕ ਵਾਰ ਫੇਰ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਅਗਲੇ ਚਾਰ ਦਿਨਾਂ ਤਕ ਮੌਸਮ ਖ਼ਰਾਬ ਰਹੇਗਾ।

ਪੱਛਮੀ ਗੜਬੜੀ ਕਾਰਨ ਜਿੱਥੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਉਥੇ ਹੀ  ਬਾਰਿਸ਼ ਵੀ ਫ਼ਸਲਾਂ ਦੀ ਹੋਰ ਤਬਾਹੀ ਮਚਾ ਸਕਦੀ ਹੈ। ਮੌਸਮ ਵਿਭਾਗ ਨੇ 18 ਅਪ੍ਰੈਲ ਨੂੰ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਇਹੀ ਨਹੀਂ, ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਦਰਸਾਈ ਗਈ ਹੈ। ਇਸ ਨਾਲ ਲੋਕਾਂ ਨੂੰ ਭਾਵੇਂ ਗਰਮੀ ਤੋਂ ਤਾਂ ਰਾਹਤ ਮਿਲ ਗਈ ਹੈ ਪਰ  ਇਸ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕਰ ਦਿਤਾ ਹੈ।

ਬੀਤੇ ਦਿਨੀਂ 50 ਤੋਂ 60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ ਹਨ੍ਹੇਰੀ ਤੇ ਤੂਫਾਨ ਨਾਲ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਏਕੜ ਰਕਬੇ ਹੇਠ ਕਣਕ ਦੀ ਪੱਕੀ ਫ਼ਸਲ ਤਬਾਹ ਕਰਕੇ ਰੱਖ ਦਿਤੀ ਹ। ਪੰਜਾਬ ਦੇ ਫਰੀਦਕੋਟ, ਅਬੋਹਰ, ਫਾਜ਼ਿਲਕਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਹਨ੍ਹੇਰੀ ਨਾਲ ਸੈਂਕੜੇ ਦਰਖ਼ਤ ਪੁੱਟੇ ਗਏ। ਇਸ ਨਾਲ ਆਵਾਜਾਈ ਤੇ ਵੀ ਅਸਰ ਪਿਆ ਤੇ ਬਿਜਲੀ ਵੀ ਪ੍ਰਭਾਵਿਤ ਰਹੀ। ਫਾਜ਼ਿਲਕਾ ਜ਼ਿਲ੍ਹੇ ਵਿਚ ਤਾਂ ਹਨ੍ਹੇਰੀ ਨਾਲ 2 ਲੋਕਾਂ ਦੀ ਮੌਤ ਹੋਣ ਦੀ ਗੱਲ ਆਖੀ ਜਾ ਰਹੀ ਹੈ।

ਉੱਧਰ ਕੰਬਾਈਨ ਮਾਲਕ ਵੀ ਕਣਕ ਦੀ ਫਸਲ ਵਿਛਣ ਤੇ ਖਰਾਬ ਮੌਸਮ ਦਾ ਪੂਰਾ ਫਾਇਦਾ ਚੁੱਕ ਰਹੇ ਹਨ। ਇਕ ਪਾਸੇ ਤਾਂ ਕਿਸਾਨਾਂ ਨੂੰ ਵਿਛੀ ਹੋਈ ਕਣਕ ਦਾ ਝਾੜ ਘੱਟ ਮਿਲੇਗਾ ਤੇ ਦੂਜੇ ਪਾਸੇ ਕੰਬਾਈਨ ਨਾਲ ਕਟਾਈ ਦੇ ਖ਼ਰਚ ਤੋਂ ਇਲਾਵਾ ਉਨ੍ਹਾਂ ਨੂੰ ਵਾਧੂ 1000 ਰੁਪਏ, ਯਾਨੀ 2500 ਰੁਪਏ ਪ੍ਰਤੀ ਏਕੜ ਦਾ ਖ਼ਰਚ ਕਰਨਾ ਪਏਗਾ। ਇਸ ਹਿਸਾਬ ਨਾਲ ਕਿਸਾਨਾਂ ਨੂੰ ਦੂਹਰਾ ਰਗੜਾ ਲੱਗ ਰਿਹਾ ਹੈ। ਕਣਕ ਦੀ ਫ਼ਸਲ ਤੋਂ ਇਲਾਵਾ ਸਰ੍ਹੋਂ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸਬਜ਼ੀਆਂ ਤੇ ਕਿੰਨੂ ਦੀ ਫਸਲ ਤੇ ਵੀ ਮੀਂਹ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਹਰੀ ਮਿਰਚ, ਪੇਠਾ ਤੇ ਕਈ ਸਬਜ਼ੀਆਂ ਦੇ 30 ਫੀਸਦੀ ਫੁੱਲ ਤੇਜ਼ ਹਵਾਵਾਂ ਕਾਰਨ ਝੜ ਗਏ ਹਨ। ਮੌਸਮ ਵਿਭਾਗ ਦੀ ਨਵੀਂ ਭਵਿੱਖ ਬਾਣੀ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਜਿਸ ਵਿਚ ਅਜੇ ਹੋਰ ਬਾਰਿਸ਼ ਪੈਣ ਦੀ ਗੱਲ ਆਖੀ ਜਾ ਰਹੀ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ