ਮੀਂਹ ਮਗਰੋਂ ਮੰਡੀਆਂ ’ਚ ਮੁੜ ਸ਼ੁਰੂ ਹੋਈ ਕਣਕ ਦੀ ਆਮਦ

April 22 2019

ਪੰਜਾਬ ’ਚ ਬੇਮੌਸਮੇ ਮੀਂਹ ਨਾਲ਼ ਕਣਕ ਦੀ ਵਾਢੀ ’ਚ ਖੜੋਤ ਆ ਗਈ ਸੀ, ਪਰ ਕਟਾਈ ਦਾ ਕੰਮ ਮੁੜ ਸ਼ੁਰੂ ਹੋਣ ’ਤੇ ਅੱਜ ਮੰਡੀਆਂ ਵਿਚ ਕਣਕ ਦੀ ਆਮਦ ਮੁੜ ਸ਼ੁਰੂ ਹੋ ਗਈ। ਉਂਜ ਨਮੀ ਦੀ ਮਾਤਰਾ 13 ਤੋਂ 15 ਫੀਸਦੀ ਤੱਕ ਹੋਣ ਕਰਕੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਫ਼ਸਲ ਨਹੀਂ ਖਰੀਦੀ ਜਾ ਰਹੀ ਹੈ, ਕਿਉਂਕਿ ਸਰਕਾਰ ਵੱਲੋਂ ਨਿਰਧਾਰਤ ਮਾਤਰਾ 12 ਫੀਸਦੀ ਹੈ, ਜਿਸ ਕਰਕੇ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਹੀ ਵਿਛਾਅ ਕੇ ਕਣਕ ਸੁਕਾਈ ਜਾ ਰਹੀ ਹੈ। ਪੰਜਾਬ ਭਰ ਵਿੱਚ 1.30 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਐਤਕੀਂ ਪੰਜਾਬ ਵਿਚ 190 ਲੱਖ ਟਨ ਕਣਕ ਦੀ ਪੈਦਾਵਾਰ ਵਿਚੋਂ 130 ਲੱਖ ਟਨ ਕਣਕ ਮੰਡੀਆਂ ਵਿਚ ਆਉਣ ਦਾ ਅਨੁਮਾਨ ਸੀ। ਪਰ ਬੇਮੌਸਮੇ ਮੀਂਹ ਦੌਰਾਨ 15 ਤੋਂ 20 ਫੀਸਦੀ ਤੱਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਂਜ ਅਸਲੀ ਤੱਥ ਗਿਰਦਾਵਰੀ ਦੀ ਰਿਪੋਰਟ ਤੋਂ ਹੀ ਸਪੱਸ਼ਟ ਹੋ ਸਕਣਗੇ। ਪਰ ਗਿਰਦਾਵਰੀ ਦੀ ਸੁਸਤ ਰਫ਼ਤਾਰ ਨੂੰ ਕਿਸਾਨ ਧਿਰਾਂ ਸਰਕਾਰ ਦੇ ਐਲਾਨ ਨੂੰ ਖਾਨਾ ਪੂਰਤੀ ਦੱਸ ਰਹੀਆਂ ਹਨ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਪਟਿਆਲਾ ਦਾ ਕਹਿਣਾ ਸੀ ਕਿ ਇਸ ਕਦਰ ਤਾਂ ਗਿਰਦਾਵਰੀ ਦਾ ਕੰਮ ਮੁਕੰਮਲ ਹੀ ਨਹੀਂ ਹੋ ਸਕਣਾ ਕਿਉਂਕਿ ਉਦੋਂ ਤੱਕ ਫ਼ਸਲ ਕਟ ਜਾਵੇਗੀ, ਜਿਸ ਕਰਕੇ ਸਰਕਾਰ ਨੂੰ ਕਿਸਾਨ ਆਗੂਆਂ, ਖੇਤੀ ਮਾਹਿਰਾਂ ਤੇ ਹੋਰ ਅਧਿਕਾਰੀਆਂ ਨਾਲ਼ ਤਾਲਮੇਲ ਕਰਕੇ ਉੱਕਾ ਪੁੱਕਾ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ। ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਸਿੰਘ ਬਲਬੇੜਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸੁਖਵਿੰਦਰ ਤੁੱਲੇਵਾਲ ਤੇ ਅਵਤਾਰ ਕੌਰਜੀਵਾਲਾ ਨੇ ਨਮੀ ਵਿਚ ਵੀ ਦੋ ਫੀਸਦੀ ਦੀ ਰਿਆਇਤ ਦੇਣ ’ਤੇ ਜ਼ੋਰ ਦਿੱਤਾ।

ਸੰਪਰਕ ਕਰਨ ’ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਅਨਿੰਦਿੱਤਾ ਮਿੱਤਰਾ ਦਾ ਕਹਿਣਾ ਸੀ ਕਿ ਪੰਜਾਬ ਵਿਚੋਂ 1.30 ਲੱਖ ਟਨ ਕਣਕ ਦੀ ਖਰੀਦ ਹੋਈ ਹੈ ਤੇ 29 ਕਰੋੜ ਅਦਾਇਗੀ ਵੀ ਹੋ ਚੁੱਕੀ ਹੈ। ਸੀਜ਼ਨ ਦੌਰਾਨ ਲੋੜੀਂਦੇ ਕਰੀਬ 28000 ਕਰੋੜ ਵਿਚੋਂ ਅਪਰੈਲ ਮਹੀਨੇ ਵਿਚ ਲੋੜੀਂਦੇ 19241 ਕਰੋੜ ਦਾ ਪ੍ਰਬੰਧ ਕਰ ਲਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਪਠਾਣਕੋਟ ਆਦਿ ਜ਼ਿਲ੍ਹਿਆਂ ਵਿਚ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਪਰ ਸਭ ਤੋਂ ਪਟਿਆਲਾ ਜ਼ਿਲ੍ਹੇ ਵਿਚੋਂ ਆਈ ਹੈ।

ਉਨ੍ਹਾਂ ਹੋਰ ਦੱਸਿਆ ਕਿ ਕੇਂਦਰੀ ਏਜੰਸੀ ਐਫ.ਸੀ.ਆਈ ਸਮੇਤ ਸੂਬਾਈ ਏਜੰਸੀਆਂ ਮਾਰਕਫੈਡ, ਪਨਗਰੇਨ ਤੇ ਪਨਸਪ ਵੱਲੋਂ 20-20 ਫੀਸਦੀ, ਪੰਜਾਬ ਰਾਜ ਗੁਦਾਮ ਨਿਗਮ ਵੱਲੋਂ 11 ਫੀਸਦੀ ਅਤੇ ਪੰਜਾਬ ਐਗਰੋ ਖੁਰਾਕ ਨਿਗਮ ਪੰਜਾਬ ਵੱਲੋਂ 9 ਫੀਸਦੀ ਕਣਕ ਦੀ ਖਰੀਦ ਕੀਤੀ ਜਾਵੇਗੀ। ਮਾਲ ਦੀ ਢੋਆ-ਢੁਆਈ ਲਈ ਪੰਜਾਬ ਵਿਚਲੇ ਸਮੂਹ 395 ਕਲੱਸਟਰਾਂ ਦੇ ਟੈਂਡਰ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਧਰ ਕੰਬਾਈਨ ਮਾਲਕ ਅਮਰਿੰਦਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਦੋ ਦਿਨਾਂ ਦੀ ਧੁੱਪ ਅਤੇ ਹਵਾ ਚੱਲਣ ਮਗਰੋਂ ਹੁਣ ਕੰਬਾਈਨਾਂ ਨਾਲ਼ ਕਣਕ ਦੀ ਕਟਾਈ ਦਾ ਕੰਮ ਮੁੜ ਤੋਂ ਸ਼ੁਰੂ ਹੋ ਗਿਆ ਹੈ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ