ਪੰਜਾਬ ’ਚ ਕਣਕ ਨਾ ਵਿਕਣ ਕਾਰਨ ਹਰਿਆਣਾ ਦੇ ਰਾਹ ਪਏ ਕਿਸਾਨ

April 24 2019

ਪੰਜਾਬ-ਹਰਿਆਣਾ ਸੀਮਾ ’ਤੇ ਪੈਂਦੇ ਪਿੰਡਾਂ ਦੇ ਕਿਸਾਨ ਹੁਣ ਕਣਕ ਦੀ ਫਸਲ ਹਰਿਆਣਾ ਲਿਜਾਣ ਲੱਗੇ ਹਨ। ਫਸਲ ਖਰੀਦਣ ਤੋਂ ਕੀਤੀ ਜਾ ਰਹੀ ਆਨਾਕਾਨੀ ਦਾ ਇਹ ਨਤੀਜਾ ਹੈ, ਜਿਸ ਵਜੋਂ ਬਹੁਤੇ ਕਿਸਾਨਾਂ ਨੇ ਮੂੰਹ ਹਰਿਆਣਾ ਵੱਲ ਕੀਤੇ ਹਨ। ਸਰਦੂਲਗੜ੍ਹ ਅਤੇ ਬੁਢਲਾਡਾ ਖ਼ਿੱਤੇ ਦੇ ਕਈ ਕਿਸਾਨ ਤਾਂ ਹਰਿਆਣਾ ਦੇ ਖਰੀਦ ਕੇਂਦਰਾਂ ਵਿੱਚ ਪ੍ਰਤੀ ਕੁਇੰਟਲ ਪਿਛੇ ਦੋ ਕਿਲੋ ਕਣਕ ਦੀ ਕਾਟ ਨਾਲ ਫ਼ਸਲ ਵੇਚ ਕੇ ਆਏ ਹਨ। ਮੰਡੀਆਂ ਵਿੱਚ ਫਸਲ ਰੁਲਣ ਨਾਲ ਕੈਪਟਨ ਸਰਕਾਰ ਦੀ ਪੁਰਾਣੀ ਭੱਲ ’ਤੇ ਪੋਚਾ ਫਿਰਨ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਨਮੀ ਦੇ ਮਾਪਦੰਡਾਂ ਬਾਰੇ ਵੀ ਲਿਖਿਆ ਹੈ। ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਵਿਚ ਹੁਣ ਤੱਕ 1.86 ਲੱਖ ਮੀਟਰਕ ਟਨ ਕਣਕ ਆ ਚੁੱਕੀ ਹੈ ਪ੍ਰੰਤੂ ਇਸ ’ਚੋਂ ਸਿਰਫ਼ 58,618 ਟਨ ਫ਼ਸਲ ਹੀ ਵਿਕੀ ਹੈ। ਬਹੁਤੀ ਫਸਲ ਨੂੰ ਨਮੀ ਦੇ ਬਹਾਨੇ ਖਰੀਦਿਆ ਨਹੀਂ ਜਾ ਰਿਹਾ ਹੈ। ਮੁਕਤਸਰ ਜ਼ਿਲ੍ਹੇ ਵਿਚ ਅੱਜ ਸ਼ਾਮ ਤੱਕ 40,735 ਟਨ ਕਣਕ ਆਈ ਹੈ, ਜਿਸ ਚੋਂ ਸਿਰਫ਼ 14,332 ਟਨ ਕਣਕ ਖਰੀਦੀ ਗਈ ਹੈ। ਇਵੇਂ ਹੀ ਸੰਗਰੂਰ ਜ਼ਿਲ੍ਹੇ, ਵਿਚ 1.78 ਲੱਖ ਟਨ ਕਣਕ ’ਚੋਂ ਸਿਰਫ਼ 72,917 ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ 22 ਅਪਰੈਲ ਦੀ ਸ਼ਾਮ ਤੱਕ 1.11 ਲੱਖ ਟਨ ਕਣਕ ਪੁੱਜੀ, ਜਿਸ ’ਚੋਂ 39 ਹਜ਼ਾਰ ਟਨ ਖਰੀਦ ਹੋਈ ਹੈ। ਜ਼ਿਲ੍ਹੇ ਵਿਚ ਸਿਰਫ਼ 2200 ਟਨ ਕਣਕ ਚੁੱਕੀ ਗਈ ਹੈ। ਮਾਨਸਾ ਜ਼ਿਲ੍ਹੇ ਦੇ ਅੰਤਰਰਾਜੀ ਸੀਮਾ ’ਤੇ ਹਰਿਆਣਾ ਦੇ ਪੈਂਦੇ ਫਤਿਆਬਾਦ, ਡਿੰਗ ਮੰਡੀ, ਡਿੰਗ ਰੋਡ ਮੰਡੀ, ਬਹਾਵਦੀਨ, ਬੱਗੂਵਾਲੀ ਤੇ ਸਿਰਸਾ ਜ਼ਿਲ੍ਹੇ ਵਿੱਚ ਪੰਜਾਬ ਦੀ ਕਣਕ ਵਿਕਣ ਲਈ ਜਾ ਰਹੀ ਹੈ। ਪਿੰਡ ਸੰਘਾ ਦੇ ਕਿਸਾਨ ਬੋਹੜ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਦੇ ਖਰੀਦ ਕੇਂਦਰਾਂ ਵਿਚ ਪ੍ਰਤੀ ਕੁਇੰਟਲ ਪਿਛੇ ਦੋ ਕਿਲੋ ਕਾਟ ਨਾਲ ਫਸਲ ਵੇਚ ਕੇ ਆਏ ਹਨ। ਪਿੰਡ ਸੰਘਾ ਦੇ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਵੀ ਹਰਿਆਣਾ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਦੀ ਮੰਡੀ ਫਸਲ ਨਾਲ ਭਰ ਗਈ ਹੈ ਅਤੇ ਹੁਣ ਹੋਰ ਫਸਲ ਸੁੱਟਣ ਲਈ ਥਾਂ ਨਹੀਂ ਬਚੀ ਹੈ, ਜਿਸ ਕਰਕੇ ਕਿਸਾਨ ਡਬਵਾਲੀ ਵਿਖੇ ਫਸਲ ਵੇਚਣ ਜਾ ਰਹੇ ਹਨ। ਪਿੰਡ ਪਥਰਾਲਾ ਦੇ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਖਰੀਦ ਕੇਂਦਰ ਵਿਚ ਜਗ੍ਹਾ ਨਾ ਹੋਣ ਕਰਕੇ ਉਨ੍ਹਾਂ ਨੂੰ ਹਰਿਆਣਾ ਵਿਚ ਫਸਲ ਲਿਜਾਣੀ ਪਈ ਹੈ ਅਤੇ ਇਸੇ ਤਰ੍ਹਾਂ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਫਸਲ ਹਰਿਆਣਾ ਸੁੱਟ ਕੇ ਆਏ ਹਨ। ਫਤਿਆਬਾਦ (ਹਰਿਆਣਾ) ਦੇ ਜ਼ਿਲ੍ਹਾ ਮੰਡੀ ਅਫਸਰ ਸ੍ਰੀ ਹਵਾ ਸਿੰਘ ਨੇ ਦੱਸਿਆ ਕਿ ਮੁੱਖ ਸਕੱਤਰ ਹਰਿਆਣਾ ਦੀਆਂ ਹਦਾਇਤਾਂ ਹਨ ਕਿ ਦੂਸਰੇ ਸੂਬਿਆਂ ’ਚੋਂ ਆਉਣ ਵਾਲੇ ਕਿਸਾਨਾਂ ਨੂੰ ਰੋਕਿਆ ਨਾ ਜਾਵੇ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਪੰਜਾਬ ’ਚੋਂ ਆ ਰਹੇ ਹਨ, ਉਨ੍ਹਾਂ ਦਾ ਆਧਾਰ ਕਾਰਡ, ਪੂਰਾ ਪਤਾ ਤੇ ਫੋਨ ਨੰਬਰ ਨੋਟ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਪ੍ਰਤੀ ਕੁਇੰਟਲ ਪਿਛੇ ਕੋਈ ਕਾਟ ਕੱਟੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਬਹੁਤੇ ਕੇਂਦਰਾਂ ਵਿਚ ਅੱਜ ਪਹਿਲੀ ਬੋਲੀ ਲੱਗੀ ਹੈ। ਪਿੰਡ ਢੇਲਵਾਂ ਵਿਚ ਕੱਚੇ ਥਾਵਾਂ ‘ਤੇ ਕਿਸਾਨਾਂ ਨੇ ਫਸਲ ਉਤਾਰੀ ਹੋਈ ਹੈ ਜਦੋਂ ਕਿ ਪਿੰਡ ਚਾਉਕੇ ਵਿਚ ਹੁਣ ਬੋਲੀ ਲੱਗੀ ਹੈ। ਮਹਿਰਾਜ ਪਿੰਡ ਵਿਚ 50 ਫੀਸਦੀ ਕਣਕ ਦੀ ਬੋਲੀ ਨਹੀਂ ਲੱਗੀ ਹੈ। ਗਿੱਦੜਬਹਾ ਦੇ 26 ਖਰੀਦ ਕੇਂਦਰਾਂ ਵਿਚ 50 ਫੀਸਦੀ ਫਸਲ ਦੀ ਬੋਲੀ ਨਹੀਂ ਲੱਗੀ ਹੈ। ਕੋਟਫੱਤਾ ਮੰਡੀ ਵਿਚ 60 ਫੀਸਦੀ ਫਸਲ ਅਤੇ ਕੋਰੇਆਣਾ ਵਿਚ 50 ਫੀਸਦੀ ਫਸਲ ਦੀ ਬੋਲੀ ਨਹੀਂ ਲੱਗੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅੱਜ ਪਹਿਲੇ ਦਿਨ ਸਰਕਾਰੀ ਬੋਲੀ ਸ਼ੁਰੂ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਫੌਰੀ ਮਾਪਦੰਡਾਂ ਵਿਚ ਛੋਟ ਦੇਵੇ ਤਾਂ ਜੋ ਕਿਸਾਨ ਰੁਲਣ ਤੋਂ ਬਚ ਸਕੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ