ਪੰਜਾਬ ਦੇ ਕਿਸਾਨਾਂ ਤੇ ਫਿਰ ਖਤਰੇ ਦੇ ਬੱਦਲ, ਸਰਕਾਰ ਨੇ ਕੀਤਾ ਚੌਕਸ

January 17 2020

ਨਰਮਾ ਪੱਟੀ ਦੇ ਕਿਸਾਨਾਂ ਤੇ ਫਿਰ ਖਤਰੇ ਦੇ ਬੱਦਲ ਹਨ। ਇਸ ਪੰਜਾਬ ਸਰਕਾਰ ਨੇ ਚੌਕਸ ਕੀਤਾ ਹੈ। ਖੇਤੀਬਾੜੀ ਮਹਿਕਮੇ ਨੇ ਚੇਤਾਵਨੀ ਦਿੱਤੀ ਹੈ ਕਿ ਫ਼ਸਲਾਂ ’ਤੇ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ। ਸਰਕਾਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹਰ ਵੇਲੇ ਚੌਕਸ ਰਿਹਾ ਜਾਵੇ। ਇਸ ਦੇ ਨਾਲ ਹੀ ਖੇਤੀਬਾੜੀ ਮਹਿਮਕੇ ਦੇ ਮੁਲਾਜ਼ਮਾਂ ਨੂੰ ਸਰਗਰਮ ਹੋਣ ਦੇ ਹੁਕਮ ਦਿੱਤੇ ਹਨ।

ਦਰਅਸਲ ਪਾਕਿਸਤਾਨ ਤੋਂ ਆਏ ਟਿੱਡੀ ਦਲ ਨੇ ਗੁਜਰਾਤ ਤੇ ਰਾਜਸਥਾਨ ਵਿੱਚ ਵੀ ਤਬਾਹੀ ਮਨਾਈ ਹੈ। ਇਸ ਮਗਰੋਂ ਇਹ ਦਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵੱਲ ਵਧ ਰਿਹਾ ਹੈ। ਇਸ ਲਈ ਖੇਤੀ ਮਹਿਕਮੇ ਨੇ ਪੰਜਾਬ-ਰਾਜਸਥਾਨ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਪੰਜਾਬ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨ ਸਭ ਤੋਂ ਵੱਧ ਭੈਅ ’ਚ ਹਨ, ਜਿਨ੍ਹਾਂ ਦੇ ਬਾਗ਼ਾਂ ਦੀ ਫ਼ਸਲ ਜੋਬਨ ’ਤੇ ਹੈ।

ਹਾਸਲ ਜਾਣਕਾਰੀ ਅਨੁਸਾਰ ਪੰਜਾਬ ਨੂੰ ਆਖਰੀ ਵਾਰ ਸਾਲ 1993 ਵਿੱਚ ਟਿੱਡੀ ਦਲ ਦੀ ਪ੍ਰਕੋਪੀ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਰਾਜਸਥਾਨ ਵਿੱਚ ਵੱਡਾ ਨੁਕਸਾਨ ਹੋਇਆ ਸੀ। ਐਤਕੀਂ ਪਹਿਲੋਂ ਗੁਜਰਾਤ ਨੂੰ ਟਿੱਡੀ ਦਲ ਨੇ ਚੱਟਿਆ ਤੇ ਨਾਲ ਹੀ ਰਾਜਸਥਾਨ ਦੇ ਕਰੀਬ 12 ਜ਼ਿਲ੍ਹਿਆਂ ’ਤੇ ਧਾਵਾ ਬੋਲ ਦਿੱਤਾ। ਖੇਤੀ ਮਹਿਕਮੇ ਨੇ ਕੀਟਨਾਸ਼ਕ ਕੰਪਨੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਕੀਟਨਾਸ਼ਕਾਂ ਦੇ ਲੋੜੀਂਦੇ ਪ੍ਰਬੰਧ ਤਿਆਰ ਰੱਖਣ ਵਾਸਤੇ ਹਦਾਇਤ ਕੀਤੀ। ਇਵੇਂ ਹੀ ਮਹਿਕਮੇ ਨੇ ਤਕਨੀਕੀ ਸਟਾਫ ਨਾਲ ਵੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਖੇਤੀ ਮਹਿਕਮਾ ਤਿੰਨ ਦਿਨਾਂ ਤੋਂ ਹਰਕਤ ਵਿੱਚ ਹੈ।

ਟਿੱਡੀ ਦਲ, ਟਿੱਡੀਆਂ ਦਾ ਝੁੰਡ ਹੈ ਜੋ ਜਿਸ ਫ਼ਸਲ ’ਤੇ ਬੈਠ ਜਾਂਦਾ ਹੈ, ਪੂਰੇ ਖੇਤ ਨੂੰ ਤਬਾਹ ਕਰ ਦਿੰਦਾ ਹੈ। ਕਿਸਾਨ ਇਸ ਤੋਂ ਬਚਾਓ ਲਈ ਕੀਟਨਾਸ਼ਕ ਦਾ ਛਿੜਕਾਓ ਕਰਦੇ ਹਨ। ਪੀਪੇ ਖੜਕਾਉਂਦੇ ਹਨ ਕਿਉਂਕਿ ਖੜਾਕ ਨਾਲ ਇਹ ਟਿੱਡੀਆਂ ਫ਼ਸਲ ’ਤੇ ਨਹੀਂ ਬੈਠਦੀਆਂ। ਕਿਸਾਨ ਥਾਲ਼ੀਆਂ ਵੀ ਖੜਕਾਉਂਦੇ ਹਨ ਤੇ ਖੇਤਾਂ ਵਿੱਚ ਸਪੀਕਰ ਵੀ ਲਾ ਲੈਂਦੇ ਹਨ। ਹੁਣ ਵੀ ਕਿਸਾਨ ਖੇਤਾਂ ਵਿਚ ਪੀਪੇ ਆਦਿ ਰੱਖਣ ਲੱਗੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ