ਪੰਜਾਬ ਚਿੱਟੇ ਸੋਨੇ ਦੀ ਖੇਤੀ ਵਿੱਚ ਸਰਦਾਰ

December 07 2019

ਪੰਜਾਬ ਦੀ ਕਿਸਾਨੀ ਨੂੰ ਸਲਾਮ ਹੈ ਜਿਸ ਦੀ ਮਿਹਨਤ ਦੀ ਬਦੌਲਤ ਐਤਕੀਂ ਚਿੱਟੇ ਸੋਨੇ ਦੇ ਝਾੜ ਨੇ ਝੰਡੀ ਲੈ ਲਈ ਹੈ। ਭਾਵੇਂ ਕਿਸਾਨੀ ਨੂੰ ਨਰਮੇ ਦੇ ਭਾਅ ’ਚ ਮਾਰ ਪਈ ਹੈ ਪ੍ਰੰਤੂ ਝਾੜ ਵਿਚ ਕਿਸਾਨੀ ਨੇ ਐਤਕੀਂ ਕਿਸੇ ਨੂੰ ਨੇੜੇ ਖੰਘਣ ਨਹੀਂ ਦਿੱਤਾ। ਦੇਸ਼ ਭਰ ’ਚੋਂ ਪੰਜਾਬ ਨੇ ਨਰਮੇ ਦੇ ਝਾੜ ਵਿਚ ਨਵਾਂ ਰਿਕਾਰਡ ਬਣਾਇਆ ਹੈ, ਜਿਸ ਨਾਲ ਸਮੁੱਚੇ ਅਰਥਚਾਰੇ ਨੂੰ ਧਰਵਾਸ ਬੱਝਾ ਹੈ। ਨਰਮੇ ਦੀ ਚੁਗਾਈ ਦਾ ਕੰਮ ਅੰਤਿਮ ਪੜਾਅ ’ਤੇ ਹੈ ਪ੍ਰੰਤੂ ਜੋ ਆਰਜ਼ੀ ਤੱਥ ਪ੍ਰਾਪਤ ਹੋਏ ਹਨ, ਉਹ ਨਰਮੇ ਦੇ ਅੱਛੇ ਦਿਨਾਂ ਦਾ ਸੰਕੇਤ ਦਿੰਦੇ ਹਨ। ਹਾਲਾਂਕਿ ਪੰਜਾਬ ਵਿਚ ਨਰਮੇ ਹੇਠਲਾ ਰਕਬਾ ਭੁੰਜੇ ਲਹਿ ਗਿਆ ਹੈ ਪਰ ਕਿਸਾਨੀ ਦੀ ਮੁਸ਼ੱਕਤ ਨੇ ਝਾੜ ਵਿਚ ਵਾਰੇ ਨਿਆਰੇ ਕਰ ਦਿੱਤੇ ਹਨ। ਕੇਂਦਰੀ ਖੇਤੀ ਮੰਤਰਾਲੇ ਦੇ ਅਨੁਮਾਨਾਂ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਐਤਕੀਂ ਪ੍ਰਤੀ ਏਕੜ 23.17 ਮਣ ਝਾੜ ਨਿਕਲ ਰਿਹਾ ਹੈ ਜੋ ਆਪਣੇ ਆਪ ਵਿਚ ਰਿਕਾਰਡ ਹੈ। ਪੰਜਾਬ ਨੇ ਪਹਿਲੀ ਦਫ਼ਾ ਝਾੜ ਵਿਚ ਇਸ ਅੰਕੜੇ ਨੂੰ ਛੂਹਿਆ ਹੈ। ਦੂਸਰਾ ਨੰਬਰ ਗੁਜਰਾਤ ਦਾ ਹੈ, ਜਿਸ ਦਾ ਪ੍ਰਤੀ ਏਕੜ ਝਾੜ 17.25 ਮਣ ਹੈ ਜਦੋਂ ਕਿ ਰਾਜਸਥਾਨ ਪ੍ਰਤੀ ਏਕੜ 15.87 ਮਣ ਦੇ ਝਾੜ ਨਾਲ ਤੀਜੇ ਨੰਬਰ ’ਤੇ ਹੈ। ਕੌਮੀ ਔਸਤ ਦੇਖੀਏ ਤਾਂ 12.81 ਮਣ ਪ੍ਰਤੀ ਏਕੜ ਦੀ ਆ ਰਹੀ ਹੈ। ਦਰਜਨ ਸੂਬਿਆਂ ਵਿੱਚ ਨਰਮੇ ਦੀ ਖੇਤੀ ਹੁੰਦੀ ਹੈ ਅਤੇ ਪਿਛਲੇ ਅਰਸੇ ਤੋਂ ਪੰਜਾਬ ਨਰਮੇ ਦੀ ਪੈਦਾਵਾਰ ਵਿਚ ਪਿਛੇ ਚਲਾ ਗਿਆ ਸੀ।

ਪੰਜਾਬ ਵਿਚ ਪਹਿਲਾਂ ਅਮਰੀਕਨ ਸੁੰਡੀ ਅਤੇ ਫਿਰ ਚਿੱਟੀ ਮੱਖੀ ਨੇ ਨਰਮੇ ਦੇ ਬੁਰੇ ਦਿਨਾਂ ਦਾ ਮੁੱਢ ਬੰਨ੍ਹ ਦਿੱਤਾ ਸੀ। ਉਮੀਦ ਬੱਝੀ ਹੈ ਕਿ ਨਰਮੇ ਦੇ ਪੁਰਾਣੇ ਦਿਨ ਬਹਾਲ ਹੋਣਗੇ। ਪੰਜਾਬ ਵਿਚ ਇਸ ਵਾਰ 3.92 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੈ, ਜਿਸ ’ਚੋਂ 18.17 ਲੱਖ ਗੱਠਾਂ ਦੀ ਪੈਦਾਵਾਰ ਦਾ ਅਨੁਮਾਨ ਹੈ। ਭਾਰਤੀ ਕਪਾਹ ਨਿਗਮ ਨੇ ਵੀ ਨਰਮੇ ਦੀ ਖਰੀਦ ਸ਼ੁਰੂ ਕੀਤੀ ਹੈ ਪ੍ਰੰਤੂ ਕਿਸਾਨ ਧਿਰਾਂ ਸੰਤੁਸ਼ਟ ਨਹੀਂ ਹਨ। ਕਪਾਹ ਪੱਟੀ ਵਿਚ ਵਪਾਰੀਆਂ ਨੇ ਵੀ ਸਰਕਾਰੀ ਭਾਅ ਤੋਂ ਹੇਠਾਂ ਕਾਫ਼ੀ ਫਸਲ ਖਰੀਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ 1988-89 ਵਿਚ ਸਭ ਤੋਂ ਵੱਧ 7.58 ਲੱਖ ਹੈਕਟੇਅਰ ਰਕਬਾ ਨਰਮੇ ਦੀ ਖੇਤੀ ਹੇਠ ਸੀ, ਜੋ ਸਾਲ 2016-17 ਵਿਚ ਘੱਟ ਕੇ 2.85 ਲੱਖ ਹੈਕਟੇਅਰ ’ਤੇ ਹੀ ਆ ਗਿਆ ਸੀ। ਵਰ੍ਹਿਆਂ ਮਗਰੋਂ ਪੰਜਾਬ ਵਿਚ ਸਾਲ 2006-07 ਵਿਚ ਨਰਮੇ ਦਾ ਝਾੜ ਪ੍ਰਤੀ ਏਕੜ 22 ਮਣ ਨਿਕਲਿਆ ਸੀ। ਪਿਛਲੇ ਵਰ੍ਹੇ ਇਹੋ ਝਾੜ 22.81 ਮਣ ਪ੍ਰਤੀ ਏਕੜ ’ਤੇ ਪੁੱਜ ਗਿਆ ਸੀ।

ਅਬੋਹਰ ਦੇ ਪਿੰਡ ਵਜੀਦਪੁਰ ਭੋਮਾ ਦੇ ਕਿਸਾਨ ਸੁਖਵਿੰਦਰ ਸਿੰਘ ਦਾ ਪ੍ਰਤੀਕਰਮ ਸੀ ਕਿ ਅਬੋਹਰ-ਫਾਜ਼ਿਲਕਾ ਦੇ ਪਿੰਡਾਂ ਵਿਚ ਗਰਮੀ ਨੇ ਨਰਮੇ ਦੇ ਝਾੜ ਨੂੰ ਸੱਟ ਮਾਰੀ ਹੈ ਅਤੇ ਪ੍ਰਤੀ ਏਕੜ ਝਾੜ 15 ਤੋਂ 22 ਮਣ ਦਾ ਨਿਕਲ ਰਿਹਾ ਹੈ। ਦੂਸਰੀ ਤਰਫ਼ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਕਿਸਾਨ ਜੱਗਾ ਸਿੰਘ ਅਤੇ ਬੰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰਤੀ ਏਕੜ ਦਾ ਝਾੜ 30 ਮਣ ਦਾ ਨਿਕਲਿਆ ਹੈ। ਝਾੜ ਕਿਤੇ ਵੱਧ ਤੇ ਕਿਤੇ ਘੱਟ ਨਿਕਲਿਆ ਹੈ। ਪੰਜਾਬ ਵਿਚ ਬੀਟੀ ਨਰਮੇ ਦੀ ਆਮਦ ਮਗਰੋਂ ਨਰਮੇ ਦੀ ਫ਼ਸਲ ਨੂੰ ਠੁੰਮਣਾ ਮਿਲਿਆ ਸੀ। ਐਤਕੀਂ ਨਰਮੇ ਦਾ ਸਰਕਾਰੀ ਭਾਅ 5450 ਰੁਪਏ ਪ੍ਰਤੀ ਕੁਇੰਟਲ ਹੈ। ਬਹੁਤੇ ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਦਾ ਪੂਰਾ ਭਾਅ ਨਹੀਂ ਮਿਲਿਆ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਆਪਣੀ ਸੋਨੇ ਵਰਗੀ ਫ਼ਸਲ ਦਾ ਭਾਅ ਲੈਣ ਵਾਸਤੇ ਸੜਕਾਂ ’ਤੇ ਉਤਰਨਾ ਪਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਕਿਸਾਨਾਂ ਦੇ ਪਸੀਨੇ ਦਾ ਮੁੱਲ ਨਹੀਂ ਪਾਇਆ ਹੈ ਜਦੋਂ ਕਿ ਕਿਸਾਨ ਨੇ ਪੈਲੀ ਲਈ ਦਿਨ ਰਾਤ ਇੱਕ ਕੀਤਾ ਹੈ। ਸੂਤਰ ਆਖਦੇ ਹਨ ਕਿ ਕੇਂਦਰੀ ਖੇਤੀ ਮੰਤਰਾਲੇ ਦੇ ਅਨੁਮਾਨਾਂ ਅਨੁਸਾਰ ਪੰਜਾਬ ਵਿਚ ਨਰਮੇ ਦੀ ਕੁੱਲ ਪੈਦਾਵਾਰ ਨਹੀਂ ਹੋਣੀ ਹੈ।

ਮੌਸਮ ਅਨੁਕੂਲ ਰਿਹਾ: ਨਿਗਮ

ਭਾਰਤੀ ਕਪਾਹ ਨਿਗਮ ਦੇ ਸੀਨੀਅਰ ਅਧਿਕਾਰੀ ਨੀਰਜ ਕੁਮਾਰ ਦਾ ਕਹਿਣਾ ਸੀ ਕਿ ਨਰਮੇ ਦਾ ਝਾੜ ਤਾਂ ਐਤਕੀਂ 12 ਤੋਂ 14 ਕੁਇੰਟਲ ਪ੍ਰਤੀ ਏਕੜ ਤੱਕ ਦਾ ਹੈ ਪ੍ਰੰਤੂ ਕੁੱਲ ਪੈਦਾਵਾਰ 12 ਲੱਖ ਗੱਠਾਂ ਦੇ ਆਸ ਪਾਸ ਰਹੇਗੀ। ਉਨ੍ਹਾਂ ਆਖਿਆ ਕਿ ਅਨੁਕੂਲ ਮੌਸਮ ਕਾਰਨ ਝਾੜ ਚੰਗਾ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿਚ ਤਿੰਨ ਲੱਖ ਗੱਠਾਂ ਫਸਲ ਆ ਚੁੱਕੀ ਹੈ ਅਤੇ ਭਾਰਤੀ ਕਪਾਹ ਨਿਗਮ ਨੇ ਹੁਣ ਤੱਕ ਪੰਜਾਬ ਚੋਂ 55 ਹਜ਼ਾਰ ਗੱਠਾਂ ਫ਼ਸਲ ਦੀ ਖਰੀਦ ਕੀਤੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ