ਪੀਏਯੂ ਨੇ ਕਿਸਾਨ ਮੇਲੇ ਤੇ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਮੰਗੀਆਂ ਅਰਜ਼ੀਆਂ

December 05 2019

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੂਬੇ ਦੇ ਕਿਸਾਨਾਂ ਤੋਂ ਮਾਰਚ 2020 ਚ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 

ਇਹ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਕਿਸਾਨ 10 ਜਨਵਰੀ ਤਕ ਫਾਰਮ ਭੇਜ ਸਕਦੇ ਹਨ। ਕੁੱਲ ਛੇ ਵਰਗਾਂ ਚ ਐਵਾਰਡ ਦਿੱਤੇ ਜਾਣੇ ਹਨ, ਜਿਨ੍ਹਾਂ ਚੋਂ ਪਹਿਲਾ ਮੁੱਖ ਮੰਤਰੀ ਖੇਤੀ ਐਵਾਰਡ ਹੈ। ਦੂਜਾ ਮੁੱਖ ਮੰਤਰੀ ਬਾਗਬਾਨੀ ਐਵਾਰਡ, ਬਾਗ਼ਬਾਨੀ ਦੇ ਖੇਤਰ ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਉਦਮੀ ਕਿਸਾਨ ਨੂੰ ਦਿੱਤਾ ਜਾਵੇਗਾ। ਸੀਆਰਆਈ ਪੰਪਸ ਵੱਲੋਂ ਤਿੰਨ ਹੋਰ ਇਨਾਮ ਦਿੱਤੇ ਜਾਣਗੇ ਜਿਨ੍ਹਾਂ ਚੋਂ ਇਕ ਇਨਾਮ ਵਿਕਸਿਤ ਪਾਣੀ ਪ੍ਰਬੰਧ ਤਕਨੀਕ ਅਪਨਾਉਣ ਵਾਲੇ ਕਿਸਾਨ ਲਈ ਹੈ। 

ਇਸੇ ਲੜੀ ਚ ਅਗਲਾ ਇਨਾਮ ਵਿਕਸਿਤ ਖੇਤ ਮਸ਼ੀਨਰੀ ਅਪਨਾਉਣ ਵਾਲੇ ਕਿਸਾਨ ਲਈ ਤੇ ਜੈਵਿਕ ਖੇਤੀ ਨਾਲ ਜੁੜੇ ਕਿਸਾਨ ਲਈ ਹੈ। ਇਸ ਚ ਛੇਵਾਂ ਸਰਦਾਰਨੀ ਪ੍ਰਕਾਸ਼ ਕੌਰ ਸਰਾ ਯਾਦਗਾਰੀ ਐਵਾਰਡ ਖੇਤੀ, ਬਾਗਬਾਨੀ, ਫੁੱਲਾਂ ਦੀ ਖੇਤੀ ਅਤੇ ਸਹਾਇਕ ਧੰਦਿਆਂ ਚ ਮੋਹਰੀ ਉਦਮੀ ਕਿਸਾਨਾਂ ਨੂੰ ਦਿੱਤਾ ਜਾਵੇਗਾ। 

ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਆਉਣ ਵਾਲੇ ਮਾਰਚ 2020 ਚ ਦਿੱਤੇ ਜਾਣ ਵਾਲੇ ਇੰਨਾਂ ਇਨਾਮਾਂ ਲਈ ਜਿਹੜੇ ਕਿਸਾਨ ਫਾਰਮ ਭਰਨਾ ਚਾਹੁੰਦੇ ਹਨ ਉਹ ਪੀਏਯੂ ਦੇ ਵੱਖ-ਵੱਖ ਜ਼ਿਲਿ੍ਆਂ ਚ ਸਥਿਤ ਕਿ੍ਸ਼ੀ ਵਿਗਿਆਨ ਕੇਂਦਰਾਂ ਦੇ ਡਿਪਟੀ ਡਾਇਰੈਕਟਰ, ਖੇਤਰੀ ਖੋਜ ਸਟੇਸ਼ਨ ਦੇ ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰ, ਮੁੱਖ ਖੇਤੀਬਾੜੀ ਅਫ਼ਸਰ, ਬਾਗਬਾਨੀ ਦੇ ਡਿਪਟੀ ਡਾਇਰੈਕਟਰ ਤੇ ਪੀਏਯੂ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਤੋਂ ਇਹ ਫਾਰਮ ਹਾਸਲ ਕਰ ਸਕਦੇ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ