ਪਿਆਜ਼ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਇਕ ਹੋਰ ਵੱਡਾ ਕਦਮ

December 05 2019

ਪਿਆਜ਼ ਦਾ ਜਮ੍ਹਾਂਖੋਰੀ ਉੱਤੇ ਸ਼ਿਕੰਜਾ ਕਸਦੇ ਹੋਏ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਪਿਆਜ਼ ਦੇ ਥੋਕ ਅਤੇ ਪ੍ਰਚੂਨ ਵਪਾਰੀਆਂ ਦੀ ਸਟਾਕ ਨੂੰ ਕ੍ਰਮਵਾਰ 50 ਫ਼ੀਸਦੀ ਤੋਂ ਘਟਾ ਕੇ 25 ਟਨ ਅਤੇ ਪੰਜ ਟਨ ਕਰਨ ਦਾ ਇਕ ਵੱਡਾ ਫ਼ੈਸਲਾ ਲਿਆ ਹੈ। ਕੇਂਦਰੀ ਖਪਤਕਾਰ ਮਾਮਲੇ,ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਜਾਰੀ ਇਕ ਆਦੇਸ਼ ਅਨੁਸਾਰ ਦੇਸ਼ ਦੇ ਸਾਰੇ ਸੂਬਿਆਂ ਵਿਚ ਪਿਆਜ਼ ਦੇ ਥੋਕ ਵਿਕਰੇਤਾ ਹੁਣ 25 ਟਨ ਤੋਂ ਵੱਧ ਪਿਆਜ਼ ਆਪਣੇ ਸਟਾਕ ਵਿਚ ਨਹੀਂ ਰੱਖ ਸਕਣਗੇ। ਜਦਕਿ ਪ੍ਰਚੂਨ ਵਪਾਰੀਆਂ ਲਈ ਇਹ ਸੀਮਾ ਪੰਜ ਟਨ ਰੱਖੀ ਗਈ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ। ਹਾਲਾਕਿ ਇਹ ਆਯਾਤ ਕਰਨ ਵਾਲਿਆਂ ‘ਤੇ ਲਾਗੂ ਨਹੀਂ ਹੋਵੇਗਾ।

ਆਸਮਾਨ ਨੂੰ ਛੂਹ ਰਹੇ ਪਿਆਜ਼ ਦੇ ਭਾਅ ਰੋਕਣ ਲਈ 30 ਸਤੰਬਰ ਨੂੰ ਕੇਂਦਰ ਸਰਕਾਰ ਨੇ ਥੋਕ ਅਤੇ ਪ੍ਰਚੂਨ ਵਪਾਰੀਆਂ ਲਈ ਪਿਆਜ਼ ਦੇ ਭੰਡਾਰ ਦੀ ਸੀਮਾ ਨਿਧਾਰਤ ਕੀਤੀ ਸੀ ਜਿਸ ਅਨੁਸਾਰ ਥੋਕ ਵਪਾਰੀਆਂ ਲਈ ਪਿਆਜ਼ ਦੀ ਸਟਾਕ ਲਿਮਟ 50 ਟਨ ਅਤੇ ਪ੍ਰਚੂਨ ਵਪਾਰੀਆਂ ਲਈ ਪੰਜ ਟਨ ਸੀ।

ਕੇਂਦਰੀ ਖਪਤਕਾਰ ਮਾਮਲੇ ਮੰਤਰਾਲੇ ਦੇ ਸਕੱਤਰ ਅਵਿਨਾਸ਼ ਕੁਮਾਰ ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਮੀਟਿੰਗ ਵਿਚ ਪਿਆਜ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕਈਂ ਅਹਿਮ ਫ਼ੈਸਲੇ ਲਏ ਗਏ। ਮੰਤਰਾਲੇ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਜ਼ਿਲ੍ਹਾਂ ਪੱਧਰ ‘ਤੇ ਪਿਆਜ਼ ਦੀ ਮੰਗ ਅਤੇ ਸਪਲਾਈ ਉੱਤੇ ਨਜ਼ਰ ਰੱਖਣ ਲਈ ਲਿਖਿਆ ਗਿਆ ਹੈ।

ਸੂਤਰਾਂ ਮੁਤਾਬਕ ਜ਼ਿਲ੍ਹਾਂ ਪੱਧਰ ਉੱਤੇ ਰੋਜ਼ਾਨਾ ਪਿਆਜ਼ ਸਟਾਕ ਦੀ ਰਿਪੋਰਟ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ ਹੈ। ਜਿਸ ਦਾ ਮਤਲਬ ਹੈ ਕਿ ਜ਼ਿਲ੍ਹੇ ਦੇ ਵਪਾਰੀ ਕੋਲ ਪਿਆਜ਼ ਦਾ ਕਿੰਨਾ ਭੰਡਾਰ ਹੈ ਇਹ ਮੰਤਰਾਲੇ ਨੂੰ ਦੱਸਿਆ ਜਾਵੇਗਾ। ਕੇਂਦਰ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਪਿਆਜ਼ ਦੀ ਜਮ੍ਹਾਂਖੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ