ਖਰੀਦ ਨਾ ਹੋਣ ਕਾਰਨ ਘੱਗਾ ਮੰਡੀ ’ਚ ਕਣਕ ਦੇ ਅੰਬਾਰ ਲੱਗੇ

April 23 2019

ਘੱਗਾ ਤੇ ਇਲਾਕੇ ਦੀਆਂ ਹੋਰ ਮੰਡੀਆਂ ਵਿੱਚ ਖਰੀਦ ਨਾ ਹੋਣ ਕਾਰਨ ਕਣਕ ਦੇ ਢੇਰ ਲੱਗ ਗਏ ਹਨ ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ’ਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਜਾਣਕਾਰੀ ਮੁਤਾਬਿਕ ਘੱਗਾ ਤੇ ਬਾਦਸ਼ਾਹਪੁਰ ਦੀਆਂ ਮੰਡੀਆਂ ’ਚ ਪਿਛਲੇ 2 ਦਿਨ ਬੋਲੀ ਆਈ ਪਰ ਕਣਕ ’ਚ ਨਮੀ ਦੀ ਮਾਤਰਾ ਨੂੰ ਲੈ ਕੇ ਸਰਕਾਰ ਦੀਆਂ ਖਰੀਦ ਸਬੰਧੀ ਸਖਤ ਸ਼ਰਤਾਂ ਕਾਰਨ ਥੋੜ੍ਹੀਆਂ ਢੇਰੀਆਂ ਦੀ ਹੀ ਬੋਲੀ ਹੋ ਸਕੀ ਹੈ ਤੇ ਬਾਕੀ ਦੀਆਂ ਢੇਰੀਆਂ ਰਹਿ ਗਈਆਂ। ਇਸ ਦੇ ਨਾਲ ਹੀ ਜੋ ਖਰੀਦ ਹੋਈ ਹੈ ਉਸ ਦੀ ਲਿਫਟਿੰਗ ਦਾ ਕੰਮ ਵੀ ਢਿੱਲਾ ਚੱਲ ਰਿਹਾ ਹੈ। ਵੇਰਵੇ ਮੁਤਾਬਕ ਐਤਵਾਰ ਕਿਸੇ ਵੀ ਮੰਡੀ ’ਚ ਖਰੀਦ ਨਹੀਂ ਹੋਈ ਜਦੋਂਕਿ ਬਾਰਸ਼ਾਂ ਮਗਰੋਂ ਹੁਣ ਜਦੋਂ ਕਣਕਾਂ ਦੀ ਵਾਢੀ ਪੂਰੇ ਜ਼ੋਰਾਂ ’ਤੇ ਹੈ ਤਾਂ ਮੰਡੀਆਂ ’ਚ ਕਣਕ ਦੀ ਆਮਦ ਦਾ ਪੂਰਾ ਜ਼ੋਰ ਹੈ। ਬਾਰਸ਼ ਮਗਰੋਂ ਦਿਨ ਲੱਗਣ ਨਾਲ ਜਦੋਂ ਹੁਣ ਮੰਡੀਆਂ ’ਚ ਸੁੱਕਾ ਮਾਲ ਆ ਰਿਹਾ ਹੈ ਤਾਂ ਵੀ ਕਣਕ ਦੀ ਖਰੀਦ ਦਾ ਕੰਮ ਠੀਕ ਨਹੀਂ ਚੱਲ ਰਿਹਾ। ਹਾਲਤ ਇਹ ਹੈ ਕਿ ਬਾਰਸ਼ ਦੌਰਾਨ ਘੱਗਾ ਮੰਡੀ ’ਚ ਪੁੱਜੀ 40000 ਗੱਟਾ ਕਣਕ ਸੁੱਕਣ ਲਈ ਖਿਲਾਰੀ ਪਈ ਹੈ। ਬਾਦਸ਼ਾਹਪੁਰ ਮੰਡੀ ’ਚ ਕਰੀਬ 30000 ਗੱਟਾ ਸੁੱਕਣ ਲਈ ਖਿਲਾਰਿਆ ਪਿਆ ਹੈ ਪਰ ਕਈ ਦਿਨ ਸੁਕਾਉਣ ਦੇ ਬਾਵਜੂਦ ਨਮੀ ਬਰਕਰਾਰ ਹੈ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਬਾਰਸ਼ਾਂ ਕਾਰਨ ਝਾੜ ਵੀ ਘਟ ਗਿਆ ਹੈ ਤੇ ਮੰਡੀ ’ਚ ਕਿਸਾਨਾਂ ਨੂੰ ਫਸਲੀ ਨੁਕਸਾਨ ’ਤੇ ਤੁਰੰਤ ਰਾਹਤ ਦਿੱਤੀ ਜਾਵੇ। ਬਾਦਸ਼ਾਹਪੁਰ ਮੰਡੀ ’ਚ ਬੋਲੀ ਦੀ ਉਡੀਕ ’ਚ ਆਪਣੀਆਂ ਢੇਰੀਆਂ ਕੋਲ ਬੈਠੇ ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ 12 ਫੀਸਦੀ ਖਰੀਦ ਦੀਆਂ ਸਰਕਾਰੀ ਸ਼ਰਤਾਂ ਉਸ ਵੇਲੇ ਦੀਆਂ ਹਨ ਜਦੋਂ ਕਣਕ ਹੱਥਾਂ ਨਾਲ ਵੱਢੀ ਜਾਂਦੀ ਸੀ ਤੇ ਕਣਕ ਦੀ ਗਹਾਈ ਕਰਨ ਤਕ ਨਮੀ ਘਟ ਜਾਂਦੀ ਸੀ ਪਰ ਹੁਣ ਜਦੋਂ ਕਣਕ ਕੰਬਾਈਨਾਂ ਨਾਲ ਵੱਢੀ ਜਾਂਦੀ ਹੈ ਤਾਂ ਨਮੀ ਦੀਆਂ ਸ਼ਰਤਾਂ ’ਚ ਢਿੱਲ ਦੇਣੀ ਜ਼ਰੂਰੀ ਹੈ। ਕਿਸਾਨ ਪਿਛੌਰਾ ਸਿੰਘ ਬਾਦਸ਼ਾਹਪੁਰ, ਕਰਮ ਸਿੰਘ ਧੂੜੀਆਂ, ਗੁਰਮੇਲ ਸਿੰਘ ਧੂੜੀਆਂ ਆਦਿ ਨੇ ਮੰਗ ਕੀਤੀ ਕਿ ਮੰਡੀਆਂ ’ਚ ਕਿਸਾਨਾਂ ਦੀ ਖਜਲ ਖੁਆਰੀ ਰੋਕਣ ਲਈ ਨਮੀ ਦੀ ਮਾਤਰਾ ’ਚ ਛੋਟ ਦਿੱਤੀ ਜਾਵੇ। ਆੜ੍ਹਤੀ ਐਸੋਸੀਏਸ਼ਨ ਘੱਗਾ ਮੰਡੀ ਦੇ ਪ੍ਰਧਾਨ ਨਾਹਰ ਸਿੰਘ ਤੇ ਆੜ੍ਹਤ ਐਸੋਸੀਏਸ਼ਨ ਬਾਦਸ਼ਾਹਪੁਰ ਦੇ ਪ੍ਰਧਾਨ ਸੁਭਾਸ਼ ਗੋਇਲ ਨੇ ਦੱਸਿਆ ਕਿ ਬਾਰਸ਼ ਕਾਰਨ ਭਿੱਜੀ ਕਣਕ ਦੀ ਖਰੀਦ ’ਚ ਢਿੱਲ ਦੇਣੀ ਜ਼ਰੂਰੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ