ਕਿਸਾਨਾਂ ਨੂੰ ਨਕਲੀ ਕੀਟਨਾਸ਼ਕ-ਖਾਦਾਂ ਵੇਚਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ

August 19 2019

ਸੂਬੇ ਵਿਚ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ, ਖਾਦਾਂ ਹੋਰ ਖੇਤੀ ਲਾਗਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤਹਿਤ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਰੋਕਣ ਲਈ ਪਿਛਲੇ 10 ਦਿਨਾਂ ਤੋਂ ਸੂਬਾ ਭਰ ਵਿਚ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀਆਂ ਦੁਕਾਨਾਂ ਤੇ ਗੋਦਾਮਾਂ ਦੀ ਜ਼ੋਰਦਾਰ ਢੰਗ ਨਾਲ ਜਾਂਚ ਕੀਤੀ ਜਾ ਰਹੀ ਹੈ। 

ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਭਰ ਵਿਚ ਹੁਣ ਤੱਕ 410 ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਵੱਖ-ਵੱਖ ਕੀਟਨਾਸ਼ਕਾਂ ਅਤੇ ਖਾਦਾਂ ਦੇ 207 ਨਮੂਨੇ ਇਕੱਤਰ ਕਰ ਕੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੇ ਹੁਣ ਤੱਕ ਪ੍ਰਾਪਤ ਹੋਏ ਨਤੀਜਿਆਂ ਵਿਚ ਪੰਜ ਨਮੂਨੇ ਯੋਗ ਨਹੀਂ ਪਾਏ ਗਏ। ਇਸੇ ਤਰ੍ਹਾਂ ਇਕ ਮਾਮਲੇ ਵਿਚ ਐਫ.ਆਈ.ਆਰ ਦਰਜ ਕੀਤੀ ਗਈ ਹੈ ਜਦਕਿ ਇਸ ਸਬੰਧ ਵਿਚ ਢੁਕਵੀਂ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦਸਿਆ ਕਿ ਚਾਰ ਥਾਵਾਂ ਤੋਂ ਮਾਲ ਜ਼ਬਤ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਕੀਟਨਾਸ਼ਕਾਂ ਦੁਕਾਨਾਂ ਦੀ ਜਾਂਚ ਉਦੋਂ ਤਕ ਜਾਰੀ ਰਹੇਗੀ, ਜਦੋਂ ਤੱਕ ਗੈਰ-ਮਿਆਰੀ ਦਵਾਈਆਂ ਵੇਚਣ ਵਾਲੇ ਡੀਲਰਾਂ ਵਿਰੁਧ ਵਿੱਢੀ ਵਿਆਪਕ ਮੁਹਿੰਮ ਸਿੱਟੇ ਤੇ ਨਹੀਂ ਪਹੁੰਚ ਜਾਂਦੀ ਕਿਉਂਕਿ ਇਸ ਮੁਹਿੰਮ ਦਾ ਮੁੱਖ ਮਕਸਦ ਅਜਿਹੇ ਡੀਲਰਾਂ ਨੂੰ ਸੂਬੇ ਵਿੱਚ ਨਕਲੀ ਅਤੇ ਘਟੀਆ ਕੀੜੇਮਾਰ ਦਵਾਈਆਂ ਦੀ ਵਿਕਰੀ ਕਰਨ ਤੋਂ ਹਰ ਹੀਲੇ ਰੋਕਣਾ ਹੈ। ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਅੰਤਰ-ਜ਼ਿਲ੍ਹਾ ਜਾਂਚ ਲਈ ਵੱਖ-ਵੱਖ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਸਤਿਆਂ ਵਿੱਚੋਂ ਤਿੰਨ ਟੀਮਾਂ ਨੂੰ ਮਾਨਸਾ ਜ਼ਿਲ੍ਹੇ ਵਿਚ ਸਥਿਤ ਰੇਲਵੇ ਸਟੇਸ਼ਨਾਂ ਤੇ ਜਾਂਚ ਕਰਨ ਲਈ ਤਾਇਨਾਤ ਕੀਤਾ ਗਿਆ ਜਿੱਥੇ ਗੁਆਂਢੀ ਸੂਬਿਆਂ ਤੋਂ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਰੋਪੜ ਜ਼ਿਲ੍ਹੇ ਚ ਨੰਗਲ ਵਿਖੇ ਦੋ ਅਣ-ਅਧਿਕਾਰਤ ਗੋਦਾਮਾਂ ਤੇ ਛਾਪੇ ਮਾਰੇ ਜਿੱਥੇ ਬਿਨਾਂ ਲਾਇਸੰਸ ਅਤੇ ਬਿੱਲ ਤੋਂ ਵੱਡੀ ਮਾਤਰਾ ਵਿੱਚ ਕੀਟਨਾਸ਼ਕ ਅਤੇ ਹੋਰ ਖੇਤੀ ਵਸਤਾਂ ਜ਼ਬਤ ਕੀਤੀ ਗਈਆਂ। ਇਸ ਤੋਂ ਇਲਾਵਾ ਇਕ ਹੋਰ ਦੁਕਾਨ ਤੇ ਛਾਪਾ ਮਾਰਿਆ ਜਿਸ ਦੌਰਾਨ 25 ਅਣਅਧਿਕਾਰਤ ਕੀਟਨਾਸ਼ਕ ਜ਼ਬਤ ਕੀਤੇ ਗਏ। ਇਨ੍ਹਾਂ ਗੋਦਾਮਾਂ ਵਿੱਚੋਂ ਕੀਟਨਾਸ਼ਕਾਂ ਦੇ 25 ਅਤੇ ਖਾਦਾਂ ਦੇ 11 ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਸੇ ਤਰ੍ਹਾਂ ਕੀੜਿਆਂ ਨੂੰ ਕਾਬੂ ਕਰਨ ਵਾਲਾ ਬਾਇਓ ਲਿਕਿਉਡ ਦੇ ਇਕ ਨਮੂਨਾ ਲਿਆ ਗਿਆ ਜਿਸ ਵਿੱਚ ਕੈਮੀਕਲ ਪੈਸਟੀਸਾਈਡ ਪਾਇਆ ਗਿਆ ਜੋ ਆਮ ਤੌਰ ਤੇ ਨਕਲੀ ਕੋਰਾਗੇਨ ਪੈਸਟੀਸਾਈਡ ਹੈ ਅਤੇ ਇਸ ਸਬੰਧ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਗੁਰੂਹਰਸਹਾਏ ਵਿਖੇ ਵੀ ਇਕ ਗੋਦਾਮ ਵਿਚ ਛਾਪਾ ਮਾਰਿਆ ਗਿਆ ਜਿੱਥੇ ਕੀਟਨਾਸ਼ਕਾ ਅਤੇ ਜੀਵ-ਖਾਦਾਂ ਦੀ ਪੈਕਿੰਗ ਕੀਤੀ ਜਾ ਰਹੀ ਸੀ।

ਇਨ੍ਹਾਂ ਵਿੱਚੋਂ ਤਿੰਨ ਨਮੂਨੇ ਗਏ ਅਤੇ ਇਕ ਜਾਂਚ ਲਈ ਭੇਜਿਆ ਗਿਆ। ਇਕ ਨਮੂਨਾ ਸਹੀ ਨਹੀਂ ਪਾਇਆ ਗਿਆ ਜਿਸ ਵਿਚ 10 ਫੀਸਦੀ ਅੰਸ਼ ਹੋਣ ਦੀ ਬਜਾਏ 2.5 ਫੀਸਦੀ ਹੀ ਸੀ। ਸਟੋਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਸਬੰਧਤ ਵਿਅਕਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।  ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਉੱਡਣ ਦਸਤਿਆਂ ਨੇ ਜ਼ਿਲ੍ਹਾ ਸੰਗਰੂਰ ਵਿੱਚ ਮਲੇਰਕੋਟਲਾ ਵਿਖੇ 10 ਕੁਇੰਟਲ ਕੀਟਨਾਸ਼ਕ ਫੜੇ ਜਿਨ੍ਹਾਂ ਵਿਚੋਂ ਕਾਰਟਾਪ ਹਾਈਡਰੋਕਲੋਰਾਈਡ ਦੇ ਨਮੂਨੇ ਲਏ ਗਏ ਜੋ ਸਹੀ ਨਹੀਂ ਪਾਏ ਗਏ ਜਿਨ੍ਹਾਂ ਵਿਚ 4 ਫ਼ੀਸਦੀ ਅੰਸ਼ ਹੋਣ ਦੀ ਬਜਾਏ ਜ਼ੀਰੋ ਫੀਸਦੀ ਹੀ ਨਿਕਲਿਆ। ਵਿਭਾਗ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਇਹ ਮਾਲ ਸਪਲਾਈ ਕਰਨ ਵਾਲਿਆਂ ਵਿੱਚੋਂ ਇਕ ਵਿਅਕਤੀ ਨੂੰ ਸੰਗਰੂਰ ਤੋਂ ਜਦਕਿ ਦੂਜੇ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦਿੱਲੀ ਤੋਂ ਗ੍ਰਿਫਤਾਰ ਵਿਅਕਤੀ ਅਜਿਹੇ ਘਟੀਆ ਕਿਸਮ ਦੇ ਕੀਟਨਾਸ਼ਕ ਸਪਲਾਈ ਕਰਦਾ ਸੀ।

ਖੇਤੀਬਾੜੀ ਵਿਭਾਗ ਦੀ ਟੀਮ ਨੇ ਤਰਨ ਤਾਰਨ ਜ਼ਿਲ੍ਹੇ ਵਿਚ ਹਰੀਕੇ ਸਥਿਤ ਇਕ ਕਰਿਆਨਾ ਸਟੋਰ ਤੇ ਛਾਪਾ ਮਾਰ ਕੇ 15 ਅਣਅਧਿਕਾਰਤ ਅਤੇ 8 ਮਿਆਦ ਪੁੱਗੀਆਂ ਕੀਟਨਾਸ਼ਕ ਦਵਾਈਆਂ ਬਰਾਮਦ ਕੀਤੀਆਂ। ਇਸ ਮਾਲ ਨੂੰ ਜ਼ਬਤ ਕਰ ਕੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਵਿਚ ਪਾਬੰਦੀਸ਼ੁਦਾ ਕੀਟਨਾਸ਼ਕ ਗਲਾਈਫੋਸੇਟ ਦੇ 9 ਲਿਟਰ ਬਰਾਮਦ ਕੀਤੇ ਗਏ ਹਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ