PM Kisan Yojana ਦੇ ਨਿਯਮ ਹੋਏ ਆਸਾਨ, ਯੋਜਨਾ ਦੇ ਲਾਭਾਂ ਤੋਂ ਵਾਂਝੇ ਰਹਿ ਕਿਸਾਨਾਂ ਨੂੰ ਮਿਲੇਗਾ ਫਾਇਦਾ

July 04 2020

ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Scheme) ਤਹਿਤ ਜ਼ਿਆਦਾ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਪਾਤਰਤਾ ਨਿਯਮਾਂ ਨੂੰ ਆਸਾਨ ਬਣਾ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਿਯਮਾਂ ਨੂੰ ਸਰਲ ਕਰਨ ਤੋਂ ਬਾਅਦ ਵੱਡੀ ਗਿਣਤੀ ਚ ਨਵੇਂ ਕਿਸਾਨ ਯੋਜਨਾ ਦਾ ਲਾਭ ਲੈ ਸਕਣਗੇ, ਜਿਹੜੇ ਹੁਣ ਤਕ ਇਸ ਯੋਜਨਾ ਲਈ ਯੋਗ ਨਹੀਂ ਸਨ। ਇਸ ਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ, ਉੱਥੇ ਹੀ 9 ਕਰੋੜ 96 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ 73 ਹਜ਼ਾਰ ਕਰੋੜ ਰੁਪਏ ਦੀ ਨਗਦੀ ਮਦਦ ਮਿਲ ਚੁੱਕੀ ਹੈ। ਇਸ ਯੋਜਨਾ ਨੂੰ ਸ਼ੁਰੂ ਹੋਏ 18 ਮਹੀਨੇ ਹੋ ਚੁੱਕੇ ਹਨ, ਉਦੋਂ ਤੋਂ ਲੈ ਕੇ ਹੁਣ ਤਕ ਸਰਕਾਰ ਵੱਲੋਂ ਯੋਜਨਾ ਨੂੰ ਲੈ ਕੇ ਕਈ ਬਦਲਾਅ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਯੋਜਨਾ ਤਹਿਤ ਸਰਕਾਰ ਕਿਸਾਨਾਂ ਦੇ ਖਾਤੇ ਚ ਸਾਲਾਨਾ 6 ਹਜ਼ਾਰ ਰੁਪਏ ਦੀ ਰਕਮ ਜਮ੍ਹਾਂ ਕਰਦੀ ਹੈ।

ਯੋਜਨਾ ਦੇ ਇਹ ਨਿਯਮ ਹੋਏ ਆਸਾਨ

ਜੋਤ ਦੀ ਲਿਮਟ ਖ਼ਤਮ

ਕੇਂਦਰ ਸਰਕਾਰ ਨੇ 18 ਮਹੀਨੇ ਪਹਿਲਾਂ ਜਦੋਂ ਪੀਐੱਮ ਕਿਸਾਨ ਯੋਜਨਾ ਨੂੰ ਲਾਂਚ ਕੀਤਾ ਸੀ, ਉਸ ਵੇਲੇ ਤੋਂ ਲੈ ਕੇ ਹੁਣ ਤਕ ਪਾਤਰਤਾ ਸ਼ਰਤਾਂ ਚ ਕਿਹਾ ਗਿਆ ਸੀ ਕਿ ਜਿਸ ਕੋਲ 2 ਹੈਕਟੇਅਰ ਖੇਤੀ ਯੋਗ ਜ਼ਮੀਨ ਹੈ, ਉਸ ਨੂੰ ਹੀ ਇਸ ਦਾ ਲਾਭ ਮਿਲੇਗਾ। ਕੇਂਦਰ ਸਰਕਾਰ ਨੇ ਹੁਣ ਜੋਤ ਦੀ ਲਿਮਟ ਖ਼ਤਮ ਕਰ ਦਿੱਤੀ ਹੈ। ਹੁਣ ਇਸ ਦਾ ਲਾਭ 12 ਕਰੋੜ ਕਿਸਾਨਾਂ ਤੋਂ ਵਧ ਕੇ 14.5 ਕਰੋੜ ਕਿਸਾਨਾਂ ਲਈ ਤੈਅ ਹੋ ਗਿਆ।

ਆਧਾਰ ਕਾਰਡ ਦੀ ਲਾਜ਼ਮੀਅਤਾ

ਇਸ ਯੋਜਨਾ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਆਧਾਰ ਕਾਰਡ ਦੀ ਮੰਗ ਕੀਤੀ ਜਾ ਰਹੀ ਸੀ, ਪਰ ਬਾਅਦ ਚ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ। ਸਕੀਮ ਚ ਕਿਸਾਨਾਂ ਦਾ ਆਧਾਰ ਲਿੰਕ ਕਰਵਾਉਣ ਦੀ ਛੋਟ 30 ਨਵੰਬਰ 2019 ਤੋਂ ਬਾਅਦ ਅੱਗੇ ਨਹੀਂ ਵਧਾਈ ਗਈ। ਇਹ ਕਦਮ ਇਸ ਲਈ ਉਠਾਇਆ ਗਿਆ ਕਿਉਂਕਿ ਸਿਰਫ਼ ਯੋਗ ਕਿਸਾਨਾਂ ਨੂੰ ਹੀ ਇਸ ਦਾ ਲਾਭ ਮਿਲੇ।

ਸੈਲਫ ਰਜਿਸਟ੍ਰੇਸ਼ਨ ਦੀ ਸਹੂਲਤ

ਯੋਜਨਾ ਤਹਿਤ ਲਾਭਪਾਤਰੀ ਕਿਸਾਨਾਂ ਦੀ ਗਿਣਤੀ ਚ ਇਜ਼ਾਫ਼ਾ ਕਰਨ ਲਈ ਸਰਕਾਰ ਨੇ ਸੈਲਫ ਰਜਿਸਟ੍ਰੇਸ਼ਨ ਦਾ ਤਰੀਕਾ ਕੱਢਿਆ। ਇਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਲੇਖਪਾਲ, ਕਾਨੂਨਗੋ ਤੇ ਖੇਤੀਬਾੜੀ ਅਧਿਕਾਰੀ ਜ਼ਰੀਏ ਹੀ ਹੁੰਦਾ ਸੀ। ਹੁਣ ਕਿਸਾਨ ਕੋਲ ਜੇਕਰ ਮਾਲੀਆ ਰਿਕਾਰਡ, ਬੈਂਕ ਅਕਾਊਂਟ, ਆਧਾਰ ਤੇ ਮੋਬਾਈਲ ਨੰਬਰ ਹੈ ਤਾਂ ਉਹ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਖ਼ੁਦ ਰਜਿਸਟ੍ਰੇਸ਼ਨ ਕਰ ਸਕਦਾ ਹੈ।

ਰਜਿਸਟ੍ਰੇਸ਼ਨ ਦਾ ਸਟੇਟਸ ਜਾਣਨ ਦੀ ਸਹੂਲਤ

ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਬਿਨੈਕਾਰ ਦੀ ਅਰਜ਼ੀ ਮਨਜ਼ੂਰ ਹੋਈ ਜਾਂ ਨਹੀਂ, ਬੈਂਕ ਅਕਾਊਂਟ ਚ ਕਿਸ਼ਤ ਦਾ ਪੈਸਾ ਪਹੁੰਚਿਆ ਹੈ ਜਾਂ ਨਹੀਂ, ਯੋਜਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਲਈ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਪੀਐੱਮ ਕਿਸਾਨ ਪੋਰਟਲ ਤੇ ਜਾ ਕੇ ਕੋਈ ਵੀ ਕਿਸਾਨ ਆਪਣਾ ਆਧਾਰ, ਮੋਬਾਈਲ ਤੇ ਬੈਂਕ ਖਾਤਾ ਖੋਲ੍ਹ ਕੇ ਸਟੇਟਸ ਪਤਾ ਕਰ ਸਕਦਾ ਹੈ।

ਪੀਐੱਮ ਕਿਸਾਨ ਮਾਣਧਨ ਯੋਜਨਾ

ਕੋਈ ਕਿਸਾਨ ਜੇਕਰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਿਹਾ ਹੈ ਤਾਂ ਉਸ ਨੂੰ ਪੀਐੱਮ ਕਿਸਾਨ ਮਾਣਧਨ ਯੋਜਨਾ ਲਈ ਕੋਈ ਵੀ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਲਾਭਪਾਤਰੀ ਕਿਸਾਨ ਦੇ ਪੂਰੇ ਦਸਤਾਵੇਜ਼ ਭਾਰਤ ਸਰਕਾਰ ਕੋਲ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran