ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ

August 03 2018

ਨਿੰਬੂ ਜਾਤੀ ਦੇ ਫ਼ਲ ਸਮੁੱਚੇ ਸੰਸਾਰ ਦੇ ਫ਼ਲਾਂ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ, ਖਾਸ ਕਰ ਕੇ ਗਰਮ ਤਰ ਖਿਤਿਆਂ ਵਿਚ। ਇਸ ਵਿਚ ਮੌਜੂਦ ਖੁਰਾਕੀ ਤੱਤ ਅਤੇ ਇਸ ਦੀ ਰੋਗ ਨਾਸ਼ਕ ਸਮਰੱਥਾ ਇਸ ਨੂੰ ਇਕ ਪੌਸ਼ਟਿਕ ਫ਼ਲ ਬਣਾਉਂਦੇ ਹਨ ਅਤੇ ਸੰਸਾਰ ਦੇ ਕਈ ਹਿਸਿਆਂ ਵਿੱਚ ਇਹਨਾਂ ਫ਼ਲਾਂ ਨੇ ਆਪਣੀ ਨਵੇਕਲੀ ਜਗ੍ਹਾ ਬਣਾ ਲਈ ਹੈ। ਨਿੰਬੂ ਜਾਤੀ ਦੇ ਫ਼ਲਾਂ ਨੂੰ ਖਾਣ ਲਈ ਜੂਸ, ਸਕੁਐਸ਼, ਮਾਰਮਾਲੇਡ ਆਦਿ ਬਨਾਉਣ ਲਈ ਵਰਤਿਆ ਜਾਂਦਾ ਹੈ।

ਇਸ ਤੋਂ ਇਲਾਵਾ ਨਿੰਬੂ ਜਾਤੀ ਦੇ ਫ਼ਲ ਪਸ਼ੂਆਂ ਦੇ ਚਾਰੇ ਲਈ ਅਤੇ ਇਸ ਦੀ ਲਕੜ ਕਾਰੀਗਰੀ ਅਤੇ ਬਾਲਣ ਦੇ ਤੌਰ ਵੀ ਵਰਤੀ ਜਾਂਦੀ ਹੈ। ਨਿੰਬੂ ਜਾਤੀ ਦੇ ਫ਼ਲ ਅਲਗ-ਅਲਗ ਕਿਸਮ ਦੇ ਪੌਣ ਪਾਣੀ ਨੂੰ ਸਹਿਣ ਕਰਨ ਦੀ ਸਮਰੱਥਾ ਹੋਣ ਕਰ ਕੇ ਗਰਮ-ਤਰ ਖਿਤਿਆਂ ਤੋਂ ਇਲਾਵਾ ਅਰਧ ਗਰਮ-ਤਰ ਅਤੇ ਠੰਢੇ ਖਿਤਿਆਂ ਵਿਚ ਵੀ ਉਗਾਏ ਜਾਂਦੇ ਹਨ।

ਨਿੰਬੂ ਜਾਤੀ ਦੇ ਫ਼ਲਾਂ ਦੇ ਉਤਪਾਦਕ ਦੇਸ਼ਾਂ ਵਿਚ ਭਾਰਤ ਦਾ ਪੰਜਵਾਂ ਸਥਾਨ ਹੈ ਸਾਰੀ ਦੁਨਿਆਂ ਦੇ ਨਿੰਬੂ ਜਾਤੀ ਦੇ ਫ਼ਲਾਂ ਦਾ 6.5 ਪ੍ਰਤੀਸ਼ਤ ਉਤਪਾਦਨ ਭਾਰਤ ਵਿਚ ਹੁੰਦਾ ਹੈ। ਪਰ ਹਾਲੇ ਵੀ ਭਾਰਤ ਵਿਚ ਨਿੰਬੂ ਜਾਤੀ ਦੇ ਫ਼ਲਾਂ ਦਾ ਪ੍ਰਤੀ ਏਕੜ ਝਾੜ ਅਗਾਂਹ ਵਧੂ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਪੰਜਾਬ ਵਿਚ ਕਾਸ਼ਤ ਕੀਤੇ ਜਾਣ ਵਾਲੇ ਨਿੰਬੂ ਜਾਤੀ ਦੇ ਫ਼ਲਾਂ ਵਿਚ ਸੰਤਰਿਆਂ ਦੀ ਕਿਸਮ ਕੀਨੂੰ ਦੀ ਮਹਤੱਤਾ ਸਭ ਤੋਂ ਜਿਆਦਾ ਹੈ। ਸੰਤਰਿਆਂ ਤੋਂ ਬਾਅਦ ਮਾਲਟੇ, ਗਰੇਪਫਰੂਟ ਅਤੇ ਨਿੰਬੂਆਂ ਦੀ ਵੀ ਕਾਫੀ ਆਰਥਿਕ ਮਹਤੱਤਾ ਹੈ। ਪੰਜਾਬ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਅਤੇ ਫ਼ਾਜ਼ਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਵਿਚ ਮੋਹਰੀ ਹਨ। ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਵਿਚ ਵੀ ਕੁੱਝ ਰਕਬੇ ਤੇ ਇਹਨਾਂ ਦੀ ਕਾਸ਼ਤ ਹੋ ਰਹੀ ਹੈ।

ਪੰਜਾਬ ਵਿਚ ਨਿੰਬੂ ਜਾਤੀ ਦੇ ਫ਼ਲਾਂ ਹੇਠ ਕੁੱਲ ਰਕਬਾ 42762 ਹੈਕਟਅਰ ਹੈ ਜੋ ਕਿ ਫ਼ਲਾਂ ਹੇਠ ਕੁੱਲ ਰਕਬੇ ਦਾ 62.5 ਪ੍ਰਤੀਸ਼ਤ ਬਣਦਾ ਹੈ। ਕੀਨੂੰ ਪੰਜਾਬ ਵਿਚ ਨਿੰਬੂ ਜਾਤੀ ਦੇ ਕਾਸ਼ਤ ਕੀਤੇ ਜਾਣ ਵਾਲੇ ਫ਼ਲਾਂ ਦੀ ਸਭ ਤੋਂ ਪ੍ਰਮੁੱਖ ਕਿਸਮ ਹੈ ਅਤੇ ਇਸ ਹੇਠ 38714 ਹੈਕਟੇਅਰ ਰਕਬਾ ਹੈ। ਕੀਨੂੰ ਇਕ ਦੋਗਲਾ ਫ਼ਲ ਹੈ ਜੋ ਕਿੰਗ ਅਤੇ ਵਿੱਲੋ ਲੀਫ਼ ਨਾਂ ਦੇ ਬੂਟਿਆਂ ਦੇ ਸੁਮੇਲ ਤੋਂ ਬਣਿਆ ਹੈ। ਇਸ ਦੇ ਗੁਣ ਸੰਤਰੇ ਅਤੇ ਮਾਲਟੇ ਦੇ ਵਿਚਾਲੇ ਹਨ ਭਾਵ ਇਸ ਦੀ ਛਿੱਲ ਨਾਂ ਬਹੁਤੀ ਢਿੱਲੀ ਹੈ ਅਤੇ ਨਾਂ ਹੀ ਬਹੁਤੀ ਕੱਸਵੀਂ ਹੈ। 

ਕੁੱਝ ਉੱਦਮੀ ਬਾਗਬਾਨਾਂ ਨੇ ਹੁਣ ਦਿੱਲੀ, ਕੋਲਕਾਤਾ, ਬੰਗਲੌਰ, ਹੈਦਰਾਬਾਦ, ਮੁੰਬਈ, ਚੇਨਈ, ਪੂਨੇ ਅਤੇ ਬਨਾਰਸ ਦੀਆਂ ਮੰਡੀਆਂ ਵਿਚ ਵੀ ਕੀਨੂੰ ਦੀ ਚੜ੍ਹਤ ਕਾਇਮ ਕਰ ਦਿੱਤੀ ਹੈ। ਹੁਣ ਕੀਨੂੰ ਨੇਪਾਲ, ਬੰਗਲਾਦੇਸ਼, ਥਾਈਲੈਂਡ, ਸ਼੍ਰੀ ਲੰਕਾ ਅਤੇ ਮੱਧ-ਪੂਰਬ ਦੇ ਕੁੱਝ ਦੇਸ਼ਾਂ (ਬਹਿਰੀਨ, ਕੁਵੈਤ, ਸਾਉਦੀ ਅਰਬ) ਨੂੰ ਨਿਰਯਾਤ ਵੀ ਹੋਣ ਲੱਗਾ ਹੈ। ਪੰਜਾਬ ਵਿਚ ਕੀਨੂੰ ਨੂੰ ਮੋਮ ਚੜ੍ਹਾਉਣ ਦੀ ਤਕਨੀਕ ਦਾ ਮਿਆਰ ਕਾਇਮ ਹੋਣ ਤੋਂ ਬਾਅਦ ਸੂਬੇ ਵਿਚ ਮੋਮ ਚੜ੍ਹਾਉਣ ਵਾਲੇ ਪਲਾਂਟਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਬਾਗਬਾਨੀ ਮਿਸ਼ਨ ਵੱਲੋਂ ਮਿਲ ਰਹੀਆਂ ਰਿਆਇਤਾਂ ਕਰ ਕੇ ਵੀ ਨਿੰਬੂ ਜਾਤੀ ਦੇ ਪੁਰਾਣੇ ਬਾਗਾਂ ਵੱਲ ਵੀ ਬਾਗਬਾਨ ਹੁਣ ਸੁਵੱਲੀ ਨਜ਼ਰ ਰੱਖਣ ਲੱਗ ਪਏ ਹਨ।

Source: Rojana Spokesman