ਧਰਨੇ ਤੇ ਬੈਠੇ ਕਿਸਾਨ, ਮੰਗਾਂ ਪੂਰੀਆਂ ਹੋਣ ਤੋਂ ਬਾਅਦ ਉੱਠਣ ਦਾ ਐਲਾਨ

December 05 2018

 ਹੁਸ਼ਿਆਰਪੁਰ (ਸਸਸ) : ਕਿਸਾਨ ਕਮੇਟੀ ਅਤੇ ਪਗੜੀ ਸੰਭਾਲ ਜੱਟਾ ਦੇ ਐਲਾਨ ਉਤੇ ਕਿਸਾਨ ਸੋਮਵਾਰ ਦੁਪਹਿਰ 12 ਵਜੇ ਤੋਂ ਦਸੂਹਾ ਹੁਸ਼ਿਆਰਪੁਰ ਰੋਡ ਉਤੇ ਰੰਧਾਵਾ ਚੌਂਕ ਵਿਚ ਅਨਿਸ਼ਚਿਤ ਸਮੇਂ ਲਈ ਧਰਨੇ ਉਤੇ ਬੈਠ ਗਏ। ਗੰਨਾ ਸੰਘਰਸ਼ ਕਮੇਟੀ ਦੇ ਕਿਸਾਨ ਨੇਤਾ ਜਗਵੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਦਿਤਾ ਜਾਵੇਗਾ। ਧਰਨੇ ਵਿਚ ਸ਼ਾਮਿਲ ਕਿਸਾਨ ਅਪਣੇ ਨਾਲ ਰਹਿਣ ਦਾ ਪ੍ਰਬੰਧ ਕਰਕੇ ਆਏ ਹਨ ਜੋ ਹੁਣ ਅਪਣੀਆਂ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਧਰਨੇ ਤੋਂ ਉੱਠਣਗੇ।

ਦਸੂਹਾ-ਹੁਸ਼ਿਆਰਪੁਰ ਸੜਕ ਦੇ ਵਿਚ ਟਰਾਲੀਆਂ ਖੜ੍ਹੀਆਂ ਕਰ ਕੇ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ। ਪੁਲਿਸ ਵਲੋਂ ਵੱਡੀ ਗਿਣਤੀ ਵਿਚ ਮਿੱਲ ਦੇ ਅੰਦਰ ਅਤੇ ਬਾਹਰ ਬਲ ਦੀ ਤੈਨਾਤੀ ਕੀਤੀ ਗਈ ਹੈ। ਦਸੂਹਾ ਵਿਚ ਪੁਲਿਸ ਨੇ ਆਵਾਜਾਈ ਦੇ ਸੰਚਾਲਨ ਲਈ ਵਿਕਲਪਿਕ ਟ੍ਰੈਫਿਕ ਪ੍ਰਬੰਧ ਕੀਤੇ ਹਨ। ਮੁਕੇਰੀਆਂ ਵਿਚ ਵੀ ਕਿਸਾਨਾਂ ਵਲੋਂ ਟ੍ਰੈਫਿਕ ਜਾਮ  ਦੇ ਚਲਦੇ ਦਸੂਹਾ ਦੇ ਹਾਜੀਪੁਰ ਚੌਕ ਤੋਂ ਰਾਸ਼ਟਰੀ ਰਸਤੇ ਉਤੇ ਬੈਰਿਕੇਡਿੰਗ ਲਗਾ ਕੇ ਟ੍ਰੈਫਿਕ ਨੂੰ ਤਲਵਾੜਾ ਤੋਂ ਹੁੰਦੇ ਹੋਏ ਮੁਕੇਰੀਆਂ ਵੱਲ ਮੋੜਿਆ ਗਿਆ ਹੈ।
ਇਸ ਕਾਰਨ ਲਗਾਤਾਰ ਜਾਮ ਦੀ ਹਾਲਤ ਬਣੀ ਹੋਈ ਹੈ। ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜਿਆਦਾ ਪਰੇਸ਼ਾਨੀ ਸਕੂਲ ਬੱਸਾਂ ਨੂੰ ਹੋ ਰਹੀ ਹੈ। ਉਨ੍ਹਾਂ ਨੂੰ ਕਈ-ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਹੈ। ਏਬੀ ਸ਼ੁਗਰ ਮਿਲ ਦੇ ਵਾਈਸ ਪ੍ਰੈਸੀਡੈਂਟ ਦੇਸ ਰਾਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਦਿਨ ਵਿਚ ਪਰਚੀ ਜਾਰੀ ਕਰਨ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਸੀ। ਐਸਡੀਐਮ ਦਸੂਹਾ ਨੇ ਕਿਵੇਂ ਕਹਿ ਦਿਤਾ ਕਿ ਦੋ ਦਿਨ ਵਿਚ ਪਰਚੀ ਜਾਰੀ ਕਰ ਦਿਤੀ ਜਾਵੇਗੀ।
ਬੈਠਕ ਵਿਚ ਸੋਮਵਾਰ ਸ਼ਾਮ ਪੰਜ ਵਜੇ ਮੁੱਖ ਮੰਤਰੀ ਨਾਲ ਮਿੱਲ ਮਾਲਿਕਾਂ ਦੀ ਬੈਠਕ ਤੋਂ ਬਾਅਦ ਕੋਈ ਫ਼ੈਸਲਾ ਲੈਣ ਦੀ ਗੱਲ ਕਹੀ ਸੀ। ਮਿਲ ਮੈਨੇਜਮੈਂਟ ਦੇ ਰਵੱਈਏ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਨੇੜੇ ਭਵਿੱਖ ਵਿਚ ਮਿੱਲ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਐਸਡੀਐਮ ਦਸੂਹਾ ਨੇ ਤਿੰਨ ਦਿਨ ਪਹਿਲਾਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਮਿੱਲ ਵਲੋਂ ਦੋ ਦਿਨ ਵਿਚ ਪਰਚੀ ਜਾਰੀ ਕਰਨ ਦੀ ਗੱਲ ਝੂਠ ਕਹੀ ਸੀ ਜਾਂ ਮਿੱਲ ਮੈਨੇਜਮੈਂਟ ਅਪਣੇ ਵਾਅਦੇ ਤੋਂ ਮੁੱਕਰ ਰਹੀ ਸੀ।
ਵਿਗੜ ਰਹੀ ਹਾਲਤ ਨੂੰ ਵੇਖਦੇ ਮਿੱਲ ਪ੍ਰਬੰਧਨ ਨੇ ਮਿੱਲ ਦੇ ਲਿੰਕ ਰੋਡ ਐਂਟਰੀ ਗੇਟ ਉਤੇ ਤਾਲਾ ਲਗਾ ਦਿਤਾ ਹੈ ਅਤੇ ਮਿੱਲ ਦੇ ਅੰਦਰ ਵੀ ਪੁਲਿਸ ਤੈਨਾਤ ਕਰ ਦਿਤੀ ਗਈ ਹੈ। ਕਿਸਾਨਾਂ ਨੇ ਰੰਧਾਵਾ ਲਿੰਕ ਰੋਡ ਉਤੇ ਵੀ 15-20 ਟਰਾਲੀਆਂ ਲਗਾ ਕੇ ਰੋੜ ਬੰਦ ਕਰ ਦਿਤਾ ਹੈ। ਐਸਡੀਐਮ ਦਸੂਹਾ ਹਰਚਰਨ ਦਾ ਕਹਿਣਾ ਹੈ ਕਿ ਜੇਕਰ ਹੁਣ ਮਿੱਲ ਪ੍ਰਬੰਧਕ ਅਜਿਹਾ ਕਹਿ ਰਹੇ ਹਨ ਤਾਂ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਵੀ ਵੇਖ ਲੈਂਦੇ ਹਾਂ।
ਧਰਨੇ ਵਿਚ ਜਗਵੀਰ ਸਿੰਘ ਚੌਹਾਨ, ਝੁੰਝਾਰ ਸਿੰਘ ਕੇਸ਼ੋਪੁਰ, ਰੰਜੀਤ ਸਿੰਘ ਬਾਜਵਾ, ਅਮਰਜੀਤ ਸਿੰਘ ਕੁਲਾਰ, ਹਰਸੁਲਿੰਦਰ ਸਿੰਘ ਪ੍ਰਧਾਨ ਦੋਆਬਾ ਕਮੇਟੀ ਜਲੰਧਰ, ਅਵਤਾਰ ਚੀਮਾ, ਦਵਿੰਦਰ ਛਾਂਗਲਾ, ਜਰਨੈਲ ਸਿੰਘ ਕੁਰਾਲਾ, ਸਤਪਾਲ ਮਿਰਜਾਪੁਰ, ਮੁਕੇਸ਼ ਚੰਦਰ, ਸਰਪੰਚ ਗੁਰਪ੍ਰੀਤ ਸਿੰਘ ਬੁੱਧੋਬਰਕਤ, ਬਲਵੀਰ ਸੋਹੀਆਂ, ਕਮਲ ਸੋਹੀਆ ਮੌਜੂਦ ਸਨ।
  
Source: Rozana Spokesman