ਸਰਕਾਰ ਦੇ ਭਰੋਸੇ ਮਗਰੋਂ ਮੰਨੇ ਕਿਸਾਨ, ਧਰਨਾ ਖ਼ਤਮ

December 07 2018

ਚੰਡੀਗੜ੍ਹ: ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਗੰਨਾ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਗਲੇ 10 ਦਿਨਾਂ ਵਿੱਚ ਸ਼ੂਗਰ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਸਬੰਧੀ ਅੱਜ ਪ੍ਰਾਈਵੇਟ ਸ਼ੂਗਰ ਮਿੱਲਾਂ ਦੇ ਮਾਲਕਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬੈਠਕ ਹੋਈ ਜਿਸ ਵਿੱਚ ਇਹ ਮਾਮਲਾ ਸੁਲਝਣ ਦਾ ਦਾਅਵਾ ਕੀਤਾ ਗਿਆ। ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਗੰਨਾ ਕਿਸਾਨਾਂ ਨੂੰ ਪੱਚੀ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਵੀ ਦੇਵੇਗੀ।

ਯਾਦ ਰਹੇ ਕੇਂਦਰ ਸਰਕਾਰ ਵੱਲੋਂ ਗੰਨੇ ਦਾ ਰੇਟ 275 ਰੁਪਏ ਤੈਅ ਕੀਤਾ ਗਿਆ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ 35 ਰੁਪਏ ਵਧਾ ਤੇ 310 ਰੁਪਏ ਦੇਣ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਪ੍ਰਾਈਵੇਟ ਸ਼ੂਗਰ ਮਿੱਲਾਂ ਨੇ 35 ਰੁਪਏ ਵੱਧ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਕਿਸਾਨ ਸੜਕਾਂ ਉੱਤੇ ਉੱਤਰ ਆਏ। ਸਰਕਾਰ ਨੇ ਹਾਲਾਤ ਵਿਗੜਦਿਆਂ ਅੱਜ ਮਾਮਲਾ ਹੱਲ਼ ਕਰਨ ਦਾ ਦਾਅਵਾ ਕੀਤਾ ਹੈ।

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੰਨੇ ਦੀ ਬੈਠਕ ਤੋਂ ਬਾਅਦ ਕਿਹਾ ਕਿ ਮਸਲਾ ਹੱਲ ਹੋ ਚੁੱਕਾ ਹੈ। 400 ਕਰੋੜ ਦੇ ਕਰਜ਼ੇ ਬਾਰੇ ਬਾਜਵਾ ਨੇ ਭਰੋਸਾ ਦਵਾਇਆ ਕਿ ਪੈਸੇ ਹੌਲੀ-ਹੌਲੀ ਦੇਣੇ ਸ਼ੁਰੂ ਕਰ ਦਿੱਤੇ ਜਾਣਗੇ। ਬਾਜਵਾ ਨੇ ਕਿਹਾ ਕਿ ਕਿਸਾਨ ਨੂੰ ਗੰਨੇ ਦੀ ਕੀਮਤ 310 ਰੁਪਏ ਪ੍ਰਤੀ ਕੁਇੰਟਲ ਹੀ ਦਿੱਤੀ ਜਾਵੇਗੀ। ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਸੀ ਕਿ ਮਿੱਲ ਨੂੰ ਸ਼ੁਰੂ ਕੀਤਾ ਜਾਵੇ ਤੇ ਪ੍ਰਾਈਵੇਟ ਮਿੱਲਾਂ ਦੇ ਮਾਲਕਾਂ ਨੇ ਮਿੱਲਾਂ ਸ਼ੁਰੂ ਕਰਨ ਲਈ ਹਾਮੀ ਭਰ ਦਿੱਤੀ ਹੈ। ਗੰਨੇ ਦੀ ਕੀਮਤਾਂ ਦੇ ਨਫੇ ਨੁਕਸਾਨ ਬਾਰੇ ਉਨ੍ਹਾਂ ਕਿਹਾ ਕਿ ਨਫਾ ਹੋਵੇ ਜਾਂ ਨੁਕਸਾਨ ਸਰਕਾਰ ਤੇ ਸ਼ੂਗਰ ਮਿੱਲਾਂ ਵਾਲੇ ਰਲ ਕੇ ਚੁੱਕਣਗੇ।

 

 

Source: ABP Sanjha